Friday, March 28, 2025

ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦੇਣ ਲਈ 12 ਮੈਂਬਰੀ ਕਮੇਟੀ ਕਾਇਮ- ਜਥੇ: ਅਵਤਾਰ ਸਿੰਘ

PPN2811201411
ਅੰਮ੍ਰਿਤਸਰ, 4 ਦਸੰਬਰ (ਗੁਰਪ੍ਰੀਤ ਸਿੰਘ) -ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਬੰਧੀ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਉਸਾਰੇ ਗਏ ਪੰਜ ਇਤਿਹਾਸਕ ਕਿਲ੍ਹਿਆ ਨੂੰ ਪੁਰਾਤਨ ਦਿੱਖ ਦੇਣ ਲਈ 12 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਜਿਸ ਦੇ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ ਤੇ ਸ. ਨਿਰਮੈਲ ਸਿੰਘ ਜੋਲਾਕਲਾਂ ਅੰਤ੍ਰਿੰਗ ਮੈਂਬਰ, ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਮੈਂਬਰ ਹੋਣਗੇ। ਇਸ ਕਮੇਟੀ ਦੇ ਕੋ-ਆਰਡੀਨੇਟਰ ਸ. ਜਗੀਰ ਸਿੰਘ ਮੀਤ ਸਕੱਤਰ ਹੋਣਗੇ।
ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਜਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਰਾਹੀਂ ਪੰਜ ਕਿਲ੍ਹਿਆਂ ਨੂੰ ਪੁਰਾਤਨ ਦਿੱਖ ਦੇ ਕੇ ਤਿਆਰ ਕਰਨ ਦੀ ਸੇਵਾ ਅਰੰਭ ਹੋ ਚੁੱਕੀ ਹੈ ਜੋ ਜੂਨ 19, 2015 ਤੋਂ ਪਹਿਲਾਂ-ਪਹਿਲਾਂ ਸਮਾਪਤ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਕਿਲ੍ਹਾ ਅਨੰਦਗੜ੍ਹ ਦੀ ਕਾਰਸੇਵਾ ਸੰਤ ਬਾਬਾ ਲਾਭ ਸਿੰਘ ਜੀ ਦੁਆਰਾ ਕਰਵਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਿਲ੍ਹਾ ਅਨੰਦਗੜ੍ਹ ਦੀਆਂ ਕੰਧਾਂ ਤੇ ਪੁਰਾਤਨ ਕਮਰਿਆਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਅਤੇ ਜੰਗਾਂ ਦਾ ਇਤਿਹਾਸ ਦਰਸਾਉਂਦਾ ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ।ਇਸੇ ਤਰ੍ਹਾਂ ਕਿਲ੍ਹਾ ਤਾਰਾਗੜ੍ਹ ਦੀ ਸੇਵਾ ਸੰਤ ਬਾਬਾ ਦਿਲਬਾਗ ਸਿੰਘ ਤੇ ਸੁਲੱਖਣ ਸਿੰਘ ਦੁਆਰਾ ਕਰਵਾਈ ਜਾ ਰਹੀ ਹੈ।ਇਸ ਕਿਲ੍ਹੇ ਦਾ ਭਾਈ ਘਨਈਆ ਜੀ ਤੇ ਹੋਰ ਇਤਿਹਾਸਕ ਤਰਜ਼ ਤੇ ਨਵੀਨੀਕਰਨ ਕੀਤਾ ਜਾਵੇਗਾ ਅਤੇ ਕਿਲ੍ਹੇ ਰੂਪੀ ਇਮਾਰਤ ਅੰਦਰ ਡਿਸਪੈਂਸਰੀ ਤੇ ਪੁਰਾਤਨ ਬਾਉਲੀਆਂ ਦੀ ਸੰਭਾਲ ਕੀਤੀ ਜਾਵੇਗੀ।ਕਿਲ੍ਹਾ ਲੋਹਗੜ੍ਹ ਦੀ ਸੇਵਾ ਸੰਤ ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲਿਆਂ ਰਾਹੀਂ ਕਰਵਾਈ ਜਾ ਰਹੀ ਹੈ ਤੇ ਇਸ ਕਿਲ੍ਹੇ ਅੰਦਰ ਪੁਰਾਤਨ ਹਰਟ ਵਾਲਾ ਖੂਹ ਹੂਬਹੂ ਤਿਆਰ ਕੀਤਾ ਜਾਵੇਗਾ ਤੇ ਹੱਥਾਂ ਨਾਲ ਪੁਰਾਤਨ ਸ਼ਸਤਰ ਬਣਾਉਣ ਦਾ ਕਾਰਖਾਨਾ ਲਗਾਇਆ ਜਾਵੇਗਾ ਅਤੇ ਭਾਈ ਬਚਿੱਤਰ ਸਿੰਘ ਦੀ ਬਹਾਦਰੀ ਨੂੰ ਦਰਸਾਉਂਦੀ ਯਾਦਗਾਰ ਬਣਾਈ ਜਾਵੇਗੀ।ਕਿਲ੍ਹਾ ਹੋਲਗੜ੍ਹ ਸਾਹਿਬ ਦੀ ਕਾਰਸੇਵਾ ਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਕਿਲ੍ਹੇ ਵਿੱਚ ਭਾਈ ਨੰਦ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰਦੀ ਅਤੇ ਇਤਿਹਾਸ ਦਰਸਾਉਂਦੀ ਇਕ ਲਾਇਬ੍ਰੇਰੀ ਬਣਾਈ ਜਾਵੇਗੀ।ਕਿਲਾ੍ਹ ਫਤਹਿਗੜ੍ਹ ਸਾਹਿਬ ਦੀ ਕਾਰ ਸੇਵਾ ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਕੋਲੋਂ ਕਰਵਾਈ ਜਾ ਰਹੀ ਹੈ।ਇਸ ਕਿਲ੍ਹੇ ਅੰਦਰ ਲੜਕੇ ਤੇ ਲੜਕੀਆਂ ਦੀਆਂ ਮਾਰਸ਼ਲ ਆਰਟ (ਗਤਕੇ ਦੀਆਂ ਅਕੈਡਮੀਆਂ) ਸਥਾਪਿਤ ਕੀਤੀਆਂ ਜਾਣਗੀਆਂ ਅਤੇ ਪੁਰਾਤਨ ਖੂਹ ਦੀ ਸੰਭਾਲ ਵੀ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਜੀ ਦੇ ਠੰਢੇ ਬੁਰਜ ਨੂੰ ਇਸ ਤਰ੍ਹਾਂ ਦੀ ਦਿੱਖ ਦਿੱਤੀ ਜਾਵੇਗੀ ਕਿ ਉਹ ਠੰਢੇ ਬੁਰਜ ਜਿਹਾ ਹੀ ਜਾਪੇ।
ਉਨ੍ਹਾਂ ਕਿਹਾ ਕਿ 12 ਮੈਂਬਰਾਂ ਤੇ ਅਧਾਰਿਤ ਇਹ ਸਬ-ਕਮੇਟੀ ਇਸ ਸਾਰੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਦੇਖ-ਰੇਖ ਵਿੱਚ ਕੰਮ ਕਰਵਾਏਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਵਰੋਸਾਈ ਪਵਿਤੱਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਪੂਰੇ ਜਾਹੋ ਜਲਾਲ ਨਾਲ ਮਨਾਇਆ ਜਾਵੇਗਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …

Leave a Reply