Friday, November 22, 2024

ਚੀਫ਼ ਖ਼ਾਲਸਾ ਦੀਵਾਨ ਸਰਹੱਦੀ ਇਲਾਕਿਆਂ ਦੇ 100 ਪਿੰਡਾਂ ‘ਚ ਕਰੇਗਾ ਧਰਮ ਪ੍ਰਚਾਰ – ਪ੍ਰੋ. ਹਰੀ ਸਿੰਘ

ਕਿਹਾ, ਨਸ਼ਿਆਂ ਵਿਰੁੱਧ ਮੁਹਿੰਮ ਆਰੰਭ ਕਰਕੇ ਪ੍ਰਚੰਡ ਕਰੇਗਾ ਲਹਿਰ

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ) – ਸਿੱਖ ਕੌਮ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਦੀ ਹੋਈ ਇੱਕਤਰਤਾ ਪ੍ਰੋ. ਹਰੀ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧ ਹੇਠ ਹੋਈ।ਇਸ ਇਕੱਤਰਤਾ ਵਿੱਚ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ `ਚ ਸਿੱਖੀ ਆਦਰਸ਼ਾਂ ਦੇ ਖਿਲਾਫ਼ ਚੱਲ ਰਹੀ ਧਰਮ ਪਰਿਵਰਤਨ ਲਹਿਰ ‘ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕੁੱਝ ਅਹਿਮ ਫੈਸਲੇ ਲਏ ਗਏ। ਇਹਨਾਂ ਵਿੱਚ ਬਾਰਡਰ ਦੇ 100 ਪਿੰਡ ਚੁਣੇ ਗਏ ਜਿਨ੍ਹਾਂ ਵਿੱਚ ਨਾ ਕੇਵਲ ਧਰਮ ਪ੍ਰਚਾਰ ਲਹਿਰ ਚਲਾਈ ਜਾਏਗੀ ਬਲਕਿ ਨਸ਼ਿਆਂ ਦੀ ਰੋਕਥਾਮ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਧਰਮ ਪ੍ਰਚਾਰ ਕਮੇਟੀ ਅਨੁਸਾਰ ਨੌਜਵਾਨ ਗੁਰਮਤਿ ਸਭਾਵਾਂ ਬਣਾ ਕੇ ਇਸ ਪ੍ਰਤੀ ਮਜਬੂਤ ਪ੍ਰਬੰਧ ਕਰਨ ਦਾ ਫੈਸਲਾ ਲਿਆ ਗਿਆ।ਇਥੇ ਇਹ ਵੀ ਦੱਸਣਯੋਗ ਹੈ ਕਿ ਹਰ 10 ਪਿੰਡਾਂ ਦਾ ਇਕ ਕੇਂਦਰ ਬਿੰਦੂ ਬਣਾਇਆ ਜਾਵੇਗਾ।ਜਿਸ ਵਿੱਚ 10 ਪਿੰਡਾਂ ਦੇ ਗ੍ਰੰਥੀ ਸਿੰਘਾਂ ਨੂੰ ਇਕੱਤਰ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਮਹਾਨ ਸਿਧਾਂਤਾਂ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਬਾਰੇ ਗ੍ਰੰਥੀ ਸਿੰਘਾਂ ਨੂੰ ਰਹਿਤ ਮਰਯਾਦਾ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ।ਯਾਦ ਰਹੇ ਇਸ ਤੋਂ ਪਹਿਲਾਂ ਵੀ ਧਰਮ ਪ੍ਰਚਾਰ ਕਮੇਟੀ ਵਲੋਂ 40 ਦੇ ਕਰੀਬ ਗ੍ਰੰਥੀ ਸਿੰਘਾਂ ਦੇ ਕੈਂਪ ਆਯੋਜਿਤ ਕੀਤੇ ਗਏ ਸਨ।ਦੀਵਾਨ ਵੱਲੋਂ ਚਲਾਏ ਜਾ ਰਹੇ ਗੁਰਮਤਿ ਕਾਲਜ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਪਿੰਡਾਂ ਵਿੱਚ ਜਿਥੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ, ਉਥੇ ਹੀ ਇਹਨਾਂ ਵਿਦਿਆਰਥੀਆਂ ਨੂੰ ਸਿੱਖ ਧਰਮ ‘ਤੇ ਹੋ ਰਹੇ ਹਮਲੇ, ਧਰਮ ਪਰਿਵਰਤਨ ਅਤੇ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਲਈ ਤਿਆਰ ਵੀ ਕੀਤਾ ਜਾਵੇਗਾ।
                   ਇਸ ਇਕੱਤਰਤਾ ਵਿੱਚ ਪ੍ਰਿੰਸੀਪਲ ਵਰਿਆਮ ਸਿੰਘ, ਅਜੈਬ ਸਿੰਘ ਅਭਿਆਸੀ, ਡਾ. ਐਸ.ਐਸ.ਛੀਨਾ, ਮਨਦੀਪ ਸਿੰਘ ਬੇਦੀ, ਪ੍ਰੋ. ਸੂਬਾ ਸਿੰਘ, ਸੁਖਦੇਵ ਸਿੰਘ ਮੱਤੇਵਾਲ, ਨਵਦੀਪ ਸਿੰਘ, ਪ੍ਰਭਜੋਤ ਸਿੰਘ, ਜੋਗਿੰਦਰ ਸਿੰਘ ਅਰੋੜਾ, ਜਸਪਾਲ ਸਿੰਘ ਪੀ.ਸੀ.ਐਸ, ਗੁਰਭੇਜ਼ ਸਿੰਘ, ਜਗਤੇਸ਼ਵਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਵੀ ਇਹਨਾਂ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਗਈ।ਉਹਨਾਂ ਕਿਹਾ ਕਿ ਅੱਜ ਸਿੱਖੀ ਆਦਰਸ਼ਾਂ ਨੂੰ ਢਾਹ ਲਾਉਣ ਲਈ ਚਾਰੇ ਪਾਸਿਓ ਯਤਨ ਹੋ ਰਹੇ ਹਨ।ਇਸ ਲਈ ਇਸ ਖੇਤਰ ਵਿੱਚ ਹੋਰ ਸਿੱਖ ਜੱਥੇਬੰਦੀਆਂ ਨੂੰ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਦਾ ਆਰੰਭ ਪਿੰਡ ਭੰਗਾਲੀ ਤੋਂ ਕੀਤਾ ਗਿਆ ਜਿਥੇ ਸੰਗਤਾਂ ਨੇ ਅਥਾਹ ਸਹਿਯੋਗ ਦਿੱਤਾ ਅਤੇ ਨੌਜਵਾਨਾਂ ਨੇ ਇਸ ਲਹਿਰ ਨੂੰ ਤੇਜ਼ ਕਰਨ ਲਈ ਆਪਣਾ ਯੋਗਦਾਨ ਪਾਉਣ ਦੀ ਪੇਸ਼ਕਸ਼ ਕੀਤੀ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …