Saturday, July 27, 2024

ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ ਮਾਰੇ ਗਏ ਸਿੱਖਾਂ ਦੀ ਯਾਦ ‘ਚ ਸਮਾਗਮ

ਡੇਟਨ (ਓਹਾਇਹੋ) ਯੂ.ਐਸ.ਏ/ ਅੰਮ੍ਰਿਤਸਰ (ਗੁਮਟਾਲਾ) – ਸਿੱਖ ਸੋਸਾਇਟੀ ਆਫ ਡੇਟਨ ਓਹਾਇਓ ਵਲੋਂ ਵਿਸਕਾਨਸਿਨ ਦੇ ਓਕ ਕਰੀਕ ਗੁਰਦੁਆਰਾ ਸਾਹਿਬ ਵਿਖੇ 10 ਸਾਲ ਪਹਿਲਾਂ ਇੱਕ ਗੋਰੇ ਕੱਟੜਪੰਥੀ ਬੰਦੂਕਧਾਰੀ ਵਲੋਂ ਮਾਰੇ ਗਏ 6 ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਵਿੱਚ ਡੇਟਨ, ਸਿਨਸਿਨਾਟੀ ਅਤੇ ਨਾਲ ਲੱਗਦੇ ਸ਼ਹਿਰਾਂ ਦੇ ਨਗਰ ਵਾਸੀਆਂ ਨੇ ਸ਼ਮੂਲੀਅਤ ਕੀਤੀ।ਸਿੱਖ ਸੋਸਾਇਟੀ ਆਫ ਡੇਟਨ ਦੇ ਡਾ. ਦਰਸ਼ਨ ਸਿੰਘ ਸਹਿੰਬੀ ਤੇ ਇੰਟਰਫੇਥ ਦੇ ਡਾ. ਰੈਵ ਕਰਿਸਟਲ ਵਾਲਕਰ ਇਸ ਸਮਾਗਮ ਦੇ ਪ੍ਰਬੰਧਕ ਸਨ।
                ਉਨਾਂ ਆਖਿਆ ਕਿ ਇਸ ਖੂਨੀ ਘਟਨਾ ਦੇ ਪੀੜਤਾਂ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਸਿੱਖ ਆਗੂਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਆਗੂ ਗ੍ਰੇਟਰ ਡੇਟਨ ਕ੍ਰਿਸਚੀਅਨ ਕਨੈਕਸ਼ਨ, ਇੰਟਰਫੇਥ ਫੋਰਮ ਆਫ ਗ੍ਰੇਟਰ ਡੇਟਨ, ਮੈਕਕਿਨਲੇ ਯੁਨਾਈਟਿਡ ਮੈਥੋਡਿਸਟ ਚਰਚ, ਮਿਆਮੀ ਵੈਲੀ ਯੁਨੀਟੇਰੀਅਨ ਯੂਨੀਵਰਸਲਿਸਟ ਫੈਲੋਸ਼ਿਪ ਡੇਟਨ, ਡੇਟਨ ਹਿੰਦੂ ਟੈਂਪਲ ਅਤੇ ਸਰਕਾਰੀ ਅਧਿਕਾਰੀ ਡੇਟਨ ਸਿਟੀ ਕਮਿਸ਼ਨਰ, ਰਿਵਰਸਾਈਡ ਪੁਲਿਸ ਵਿਭਾਗ ਵੀ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਅਤੇ ਆਪਣੇ ਵਿਚਾਰ ਪੇਸ਼ ਕੀਤੇ।ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਨੇ ਸਾਰਿਆਂ ਨੂੰ ‘ਵਾਹਿਗੁਰੂ’ ਦਾ ਜਾਪ ਕਰਵਾਇਆ। ਇਹਨਾਂ ਸਭਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਦੇ ਦੁਆਲੇ ਮੋਮਬੱਤੀਆਂ ਜਗਾ ਕੇ ਵਾਹਿਗੁਰੂ ਦਾ ਜਾਪ ਅਤੇ ਅਰਦਾਸ ਕੀਤੀ।ਸਿੱਖ ਸੋਸਾਇਟੀ ਆਫ ਡੇਟਨ ਦੇ ਸੈਕਟਰੀ ਪਿਆਰਾ ਸਿੰਘ ਸਹਿੰਬੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …