ਅੰਦਰ ਦੀ ਗੱਲ ਕਰ ਬੈਠਾ ਹਾਂ,
ਜਿੱਤੀ ਬਾਜ਼ੀ ਹਰ ਬੈਠਾ ਹਾਂ।
ਆਪਣਾ ਸਮਝ ਕੀਤੀ ਗ਼ਲਤੀ,
ਗਰਮੀ ਵਿੱਚ ਵੀ ਠਰ ਬੈਠਾਂ ਹਾਂ।
ਜਖਮ ਅੱਲ੍ਹੇ ਜਿਹੜੇ ਮੇਰੇ,
ਨਮਕ ਉਹਨਾਂ `ਤੇ ਧਰ ਬੈਠਾ ਹਾਂ।
ਸਮੇਂ ਨਾਲ਼ ਸਭਨਾਂ ਨੇ ਮਰਨਾ,
ਸਮੇਂ ਤੋਂ ਪਹਿਲਾਂ ਮਰ ਬੈਠਾਂ ਹਾਂ।
ਕਦੇ ਕੀੜੀ ਲੜੀ ਮਹਿਸੂਸ ਸੀ ਹੁੰਦੀ,
ਹੁਣ ਵਾਰ ਤੀਰਾਂ ਦੇ ਜ਼ਰ ਬੈਠਾ ਹਾਂ।
ਚਿਹਰੇ `ਤੇ ਮੁਸਕਰਾਹਟ ਝੂਠੀ,
ਅੰਦਰੋ-ਅੰਦਰੀ ਭਰ ਬੈਠਾ ਹਾਂ।
ਮਨ ਦੀ ਭਟਕਣ ਮੁੱਕਦੀ ਨਾਹੀ,
ਭਾਵੇਂ ਆਪਣੇ ਘਰ ਬੈਠਾਂ ਹਾਂ।
ਅੰਦਰ ਦਾ ਰੌਲ਼ਾ ਸ਼ਾਂਤ ਨਾ ਹੋਇਆ,
ਜਦ ਵੀ ਰੱਬ ਦੇ ਦਰ ਬੈਠਾਂ ਹਾਂ।
`ਮੈਂ` ਨੂੰ ਮਾਰ ਮੁਕਾਵਣ ਦੀ ਗੱਲ,
ਜਿਵੇਂ ਸੁੱਕੇ ਛੱਪੜ `ਚ ਤਰ ਬੈਠਾਂ ਹਾਂ।
ਹੁਣ ਤੇ ਸੁਖਬੀਰ ਨੂੰ ਰੱਖ ਲੈ ਰੱਬਾ,
ਸਿਰ ਚਰਨਾਂ `ਤੇ ਧਰ ਬੈਠਾਂ ਹਾਂ।
ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ
ਮੋ – 9855512677