ਖੇਡਣ ਦੇ ਦਿਨ ਚਾਰ ਕਿਥੇ ਗਏ ਖੇਡਣ ਦੇ ਦਿਨ ਚਾਰ।
ਖੇਡਾਂ ਗਈਆਂ ਨਾਲੇ ਤੁਰ ਗਿਆ ਖੇਡ ਸਭਿਆਚਾਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।
ਜੰਡ ਪ੍ਰਾਂਬਲ, ਗੁੱਲੀ ਡੰਡਾ ਖਿੱਦੋ ਖੂੰਡੀ, ਕਾਵਾਂ ਘੋੜੀ।
ਖੇਡ-ਖੇਡ ਕੇ ਤੰਦਰੁਸਤੀ ਦੀ ਚੜ੍ਹਦੇ ਰਹਿੰਦੇ ਬੱਚੇ ਪੌੜੀ।
ਛੂਹਣ-ਛੁਹਾਈ ਲੁਕਣ-ਮਚਾਈ ਚੀਚੋ-ਚੀਚ ਗਨੇਰੀਆਂ।
ਖੇਡਾਂ ਵੀ ਸਨ ਸਾਂਝਾਂ ਵੀ ਸਨ ਤੇਰੀਆਂ ਤੇ ਮੇਰੀਆਂ।
ਕੱਦ ਸਰੂ ਜਿਹੇ ਗੰਦਵੇਂ ਜੁੱਸੇ ਗੱਭਰੂ ਤੇ ਮੁਟਿਆਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।
ਕਿੱਕਰ ਸਿੰਘ, ਕਰਤਾਰ ਸਿੰਘ, ਗਾਮਾ, ਦਾਰਾ, ਹਮੀਦਾ।
ਕੌਡ-ਕਬੱਡੀ ਵਾਲਾ ਵੀ ਕੋਈ ਪਹਿਲਵਾਨ ਨਾ ਦੀਹਦਾ।
ਮੁਗਦਰ ਮੂੰਗਲੀਆਂ ਤੇ ਰੱਸਾ ਖਿੱਚਣ ਵਾਲੇ ਬਾਬੇ।
ਬੈਲ ਗੱਡੀਆਂ ਘੋੜ-ਦੌੜਾਂ ਨੂੰ ਜਿੱਤਣ ਵਾਲੇ ਬਾਬੇ।
ਪਟਕੇ ਵਾਲੀ ਕੁਸ਼ਤੀ ਲੜਦੇ ਹੋ ਕੇ ਸਿਰ ਦੇ ਭਾਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।
ਸਾਡੀ ਕੌਮੀ ਖੇਡ ਏ ਹਾਕੀ, ਹਾਕੀ ਨੂੰ ਅਪਣਾਓ।
ਦਿਲੋਂ ਖੇਡੋ ਤੇ ਮੱਲਾਂ ਮਾਰੋ ਨਵੇਂ ਰਿਕਾਰਡ ਬਣਾਓ।
ਪਿਰਥੀਪਾਲ, ਸੁਰਜੀਤ ਦੇ ਮਗਰੋਂ ਪਰਗਟ ਸਿੰਘ ਦੇ ਯਾਰ।
ਗਗਨ ਅਜੀਤ ਦੇ ਵਾਂਗੂੰ ਬਣ ਜਾਉ ਹਾਕੀ ਦੇ ਸਰਦਾਰ।
ਕਰ ਦਿਉ ਹਾਕੀ ਰੌਸ਼ਨ ਵੇਖੇ ਮੂੰਹ ਅੱਡੀ ਸੰਸਾਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।
ਕੁੱਝ ਅੰਗਰੇਜ਼ੀ ਖੇਡਾਂ ਜਾਂਦੀਆਂ ਖੋਰਾ ਦੇਸ਼ ਨੂੰ ਲਾਈ।
ਦੜੇਬਾਜ਼ਾਂ ਤੇ ਸੱਟੇਬਾਜ਼ਾਂ ਦੀਆਂ ਜੇਬਾਂ ਜਾਣ ਭਰਾਈ।
ਖੇਡਾਂ ਸਾਡਾ ਵਿਰਸਾ ਨੇ ਤੇ ਖੇਡਾਂ ਸਾਡਾ ਮਾਣ।
ਆਪਣੀ ਕੌਮ ਦਾ ਆਪਣੇ ਹੱਥੀਂ ਕਰੀ ਜਾਂਦੇ ਹੋ ਘਾਣ।
ਲੋਕਾਂ ਨੂੰ ਜੋ ਚੜ੍ਹਿਆ ਇਹਨਾਂ ਦਾ ਉਤਰ ਜਾਏ ਬੁਖਾਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।
ਮਿਲਖਾ ਸਿੰਘ ਨਹੀਂ ਜ਼ੰਮਣਾ ਕੋਈ ਪੀ.ਟੀ ਊਸ਼ਾ ਵੀ ਨਹੀਂ।
ਲੋਕਾਂ ਦੇ ਵਿੱਚ ਲੱਗਦਾ ਦੌੜਨ ਦੀ ਹੁਣ ਹਿੰਮਤ ਹੀ ਨਹੀਂ ਰਹੀ।
ਗਰਕੀ ਨਸ਼ਿਆਂ ਵਿੱਚ ਜਵਾਨੀ ਜੜ੍ਹੀਂ ਪੈ ਗਿਆ ਤੇਲ।
ਇੰਜ ਲਗਦਾ ਏ ਮੁੱਕ ਜਾਣਾ ਏ ਜ਼ਿੰਦਗੀ ਦਾ ਵੀ ਖੇਲ।
‘ਆਤਮ’ ਵਰਗੇ ਚਿੰਤਤ ਹੋਏ ਕਰਦੇ ਸੋਚ ਵਿਚਾਰ।
ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ।2808202201
(29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ‘ਤੇ ਵਿਸ਼ੇਸ਼)
ਡਾ. ਆਤਮਾ ਸਿੰਘ ਗਿੱਲ
ਮੋ – 9878883680