ਅਗਾਜ਼ਬੀਰ ਬਠਿੰਡਾ, ਅਮਰਜੀਤ ਮਾਨ ਮੌੜ ਮੰਡੀ, ਡਾ. ਸੁਖਪਾਲ ਕੌਰ ਤੇ ਯਤਿੰਦਰ ਮਾਹਲ ਨੇ ਪੇਸ਼ ਕੀਤੀਆਂ ਰਚਨਾਵਾਂ
ਸਮਰਾਲਾ, 22 ਸਤੰਬਰ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਵਾਰ ਸਭਾ ਦੇ ਉਭਰਦੇ ਨੌਜਵਾਨ ਕਹਾਣੀਕਾਰ ਅਗਾਜ਼ਬੀਰ ਬਠਿੰਡਾ, ਅਮਰਜੀਤ ਮਾਨ ਮੌੜ ਮੰਡੀ ਅਤੇ ਡਾ. ਸੁਖਪਾਲ ਕੌਰ ਸਮਰਾਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸ਼ੁਰੂ ਵਿੱਚ ਚੇਅਰਮੈਨ ਤੇ ਕਹਾਣੀਕਾਰ ਸੁਖਜੀਤ ਨੇ ਕਹਾਣੀਕਾਰਾਂ ਨਾਲ ਕਹਾਣੀ ਬਾਰੇ ਕੁੱਝ ਵਿਸ਼ੇਸ਼ ਨੁਕਤੇ ਸਾਂਝੇ ਕੀਤੇ।
ਉਪਰੰਤ ਰਚਨਾਵਾਂ ਦੇ ਦੌਰ ਵਿੱਚ ਮੋਰਿੰਡਾ ਤੋਂ ਆਏ ਸੁਰਜੀਤ ਜੀਤ ਨੇ ਆਪਣੀ ਗ਼ਜ਼ਲ ‘ਜਦ ਵੀ ਜੀ ਚਾਹੇ’ ਸੁਣਾ ਕੇ ਸਰੋਤਿਆਂ ਦੀ ਵਾਹ ਵਾਹ ਖੱਟੀ।ਕਹਾਣੀਕਾਰ ਮਨਦੀਪ ਡਡਿਆਣਾ ਨੇ ਕਹਾਣੀ ‘ਬੜ੍ਹਕ’ ਸੁਣਾਈ।ਜੋਰਾਵਰ ਸਿੰਘ ਪੰਛੀ ਨੇ ਆਪਣੀ ਗ਼ਜ਼ਲ ਸੁਣਾਈ। ਨੌਜਵਾਨ ਕਹਾਣੀਕਾਰ ਆਗਾਜ਼ਬੀਰ ਨੇ ਕਹਾਣੀ ‘ਲਾਜਵੰਤੀ’ ਸੁਣਾਈ, ਜਿਸ ਉੱਪਰ ਨਿੱਠ ਕੇ ਵਿਚਾਰ ਚਰਚਾ ਹੋਈ, ਕਹਾਣੀ ਵਿਚਲ ਸ਼ਬਦਾਂ ਦੀ ਖੂਬਸੂਰਤੀ ਦੀ ਸਰਾਹਨਾ ਕੀਤੀ ਗਈ।ਦੀਪ ਦਿਲਬਰ ਨੇ ਗੀਤ ‘ਦਿਲ ਜਦੋਂ ਟੁੱਟਿਆ ਹੋਵੇ’ ਸੁਣਾ ਕੇ ਆਪਣੇ ਦਿਲ ਦੀ ਗਾਥਾ ਸੁਣਾਈ।ਕਹਾਣੀਕਾਰ ਅਮਰਜੀਤ ਮਾਨ ਮੌੜ ਮੰਡੀ ਨੇ ਕਹਾਣੀ ‘ਲੀਲੂ ਦੀ ਅਧੂਰੀ ਕਥਾ’ ਸੁਣਾਈ ਜੋ ਚਰਚਾ ਦਾ ਵਿਸ਼ਾ ਬਣੀ ਜਿਸ ਦੀ ਕਾਫੀ ਸ਼ਲਾਘਾ ਵੀ ਹੋਈ।ਅਵਤਾਰ ਸਿੰਘ ਉਟਾਲਾਂ ਨੇ ਗੀਤ ‘ਜ਼ਿਗਰ ਦੇ ਟੋਟੇ’ ਸੁਣਾਇਆ।ਕਹਾਣੀਕਾਰਾ ਯਤਿੰਦਰ ਮਾਹਲ ਰੋਪੜ ਤੋਂ ਇਸ ਵਾਰੀ ਮਿੰਨੀ ਕਹਾਣੀ ‘ਪਿੱਪਲ ਦੇ ਪੱਤਿਆਂ ਵੇ’ ਲੈ ਕੇ ਆਏ ਜੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਘਟਨਾਕ੍ਰਮ ਨਾਲ ਮੇਲ ਖਾਂਦੀ ਸੀ।ਡਾ. ਸੁਖਪਾਲ ਕੌਰ ਸਮਰਾਲਾ ਨੇ ਕਵਿਤਾ ‘ਮੇਰੀ ਸੋਚ ਦੀ ਧਰਤੀ’ ਸੁਣਾਈ ਅਤੇ ਸਰੋਤਿਆਂ ਦੀ ਪ੍ਰਸੰਸਾ ਖੱਟੀ।ਪੰਮੀ ਹਬੀਬ ਨੇ ਮਿੰਨੀ ਕਹਾਣੀ ‘ਗਿੱਦੜ ਸਿੰਗੀ’ ਸੁਣਾਈ।ਗੀਤਾ ਕੰਮਾਂ ਵਾਲਾ ਨੇ ਗੀਤ ਸੁਣਾਇਆ।ਸਨੇਹਇੰਦਰ ਮੀਲੂ ਨੇ ਮਿੰਨੀ ਕਹਾਣੀ ‘ਸਹੂਲਤਾਂ’ ਸੁਣਾਈ।
ਮੀਟਿੰਗ ਵਿੱਚ ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਸੰਦੀਪ ਸਮਰਾਲਾ, ਕਹਾਣੀਕਾਰ ਅਮਨਦੀਪ ਸਮਰਾਲਾ, ਸ਼ੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ, ਸਿਮਰਜੀਤ ਸਿੰਘ ਕੰਗ, ਗੁਰਭਗਤ ਸਿੰਘ, ਗੁਰਦੀਪ ਮਹੌਣ, ਤਰਨ ਬੱਲ, ਆਤਮਾ ਸਿੰਘ ਕੋਟਾਲਾ, ਗੁਰਨਾਮ ਸਿੰਘ ਬਿਜਲੀ, ਰਵਿੰਦਰ ਰੁਪਾਲ ਕੌਲਗੜ੍ਹ, ਸੁਖਵਿੰਦਰ ਸਿੰਘ, ਮਾ. ਪੁਖਰਾਜ ਸਿੰਘ ਘੁਲਾਲ ਵਿੱਤ ਸਕੱਤਰ, ਮੇਘ ਸਿੰਘ ਜਵੰਦਾ ਜਨ: ਸਕੱਤਰ, ਲਖਵਿੰਦਰਪਾਲ ਸਿੰਘ ਖਾਲਸਾ ਆਦਿ ਸਾਹਿਤਕਾਰ ਹਾਜ਼ਰ ਰਹੇ ਜਿਨ੍ਹਾਂ ਨੇ ਪੇਸ਼ ਕੀਤੀਆਂ ਰਚਨਾਵਾਂ ਸਬੰਧੀ ਆਪਣੇ ਸੁਝਾਅ ਪੇਸ਼ ਕੀਤੇ।ਅਖੀਰ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।