Sunday, December 22, 2024

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਤਕ ਕੀਤੇ ਮਾਲੀ ਸਹਾਇਤਾ ਦੇ ਵੇਰਵੇ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੋੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਤੇ 10 ਮਹੀਨਿਆਂ ਦੌਰਾਨ ਧਰਮ ਪ੍ਰਚਾਰ ਲਹਿਰ ਤਹਿਤ 61 ਹਜ਼ਾਰ ਦੇ ਕਰੀਬ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦੀ ਜਾਣਕਾਰੀ ਦਿੱਤੀ, ਉਥੇ ਹੀ ਸਿੱਖ ਸੰਸਥਾ ਵੱਲੋਂ ਵੱਖ-ਵੱਖ ਫੰਡਾਂ ਤਹਿਤ ਦਿੱਤੀ ਗਈ ਸਹਾਇਤਾ ਦੇ ਵੀ ਵੇਰਵੇ ਜਨਤਕ ਕੀਤੇ।ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੇ ਕੇਸਾਂ ਵਿਚ ਮਦਦ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਵਜੋਂ ਹੁਣ ਤੱਕ 1.37 ਕਰੋੜ ਰੁਪਏ ਖਰਚੇ ਗਏ ਹਨ।ਕਿਸਾਨ ਸੰਘਰਸ਼ ਦੌਰਾਨ ਚਲਾਣਾ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ 2.85 ਕਰੋੜ ਰੁਪਏ, ਧਰਮੀ ਫ਼ੌਜੀਆਂ ਨੂੰ 8.85 ਕਰੋੜ ਰੁਪਏ, ਕੈਂਸਰ ਪੀੜਤਾਂ ਨੂੰ 31.91 ਕਰੋੜ ਰੁਪਏ, ਜੋਧਪੁਰ ਨਜ਼ਰਬੰਦ ਰਹੇ ਸਿੰਘਾਂ ਲਈ 2.42 ਕਰੋੜ ਰੁਪਏ, ਜੰਮੂ ਕਸ਼ਮੀਰ ਹੜ੍ਹ ਪੀੜਤਾਂ ਨੂੰ 1.15 ਕਰੋੜ ਰੁਪਏ, ਧਰਮ ਅਰਥ ਫੰਡ ਤਹਿਤ ਲੋੜਵੰਦਾਂ ਨੂੰ 14.79 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਬੀਤੇ ਸਾਲ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ, ਧਾਰਮਿਕ ਪ੍ਰੀਖਿਆ ਤੇ ਸਿਕਲੀਗਰ ਵਣਜਾਰੇ ਸਿੱਖਾਂ ਆਦਿ ਨੂੰ ਵੱਡੀ ਸਹਾਇਤਾ ਦਿੱਤੀ ਗਈ ਹੈ।ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸਾਲ 2021-2022 ਦੌਰਾਨ 2.10 ਕਰੋੜ ਰੁਪਏ ਦੇ ਵਜ਼ੀਫੇ, ਅੰਮ੍ਰਿਤਧਾਰੀ ਬੱਚੀਆਂ ਨੂੰ ਮੁਫ਼ਤ ਵਿਦਿਆ ਲਈ 52.35 ਲੱਖ ਰੁਪਏ, ਸਿਕਲੀਗਰ ਦੇ ਵਣਜਾਰੇ ਸਿੱਖਾਂ ਲਈ 43.48 ਲੱਖ ਰੁਪਏ, ਧਾਰਮਿਕ ਪ੍ਰੀਖਿਆ ਦੇਣ ਵਾਲੇ ਬੱਚਿਆਂ ਨੂੰ 23.87 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਮਸਲਿਆਂ ਦੀ ਪੈਰਵਈ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਚਨਬਧ ਹੈ ਅਤੇ ਰਹੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਅਗਵਾਈ ਵਿਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸਾਕਾ ਸ੍ਰੀ ਪੰਜਾ ਸਾਹਿਬ ਸ਼ਤਾਬਦੀ ਦੇ ਸਮਾਗਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਵੱਲੋਂ ਜਿੱਤੀ ਗਈ ਐਸ.ਐਨ.ਬੀ.ਪੀ ਆਲ ਇੰਡੀਆ ਚੈਂਪੀਅਨਸ਼ਿਪ ਅਤੇ ਸੂਬਾ ਪੱਧਰੀ ਗਤਕਾ ਮੁਕਾਬਲਿਆਂ ਵਿੱਚ ਸ਼੍ਰੋਮਣੀ ਕਮੇਟੀ ਟੀਮ ਵੱਲੋਂ ਜੇਤੂ ਰਹਿਣ ’ਤੇ ਵਧਾਈ ਦਿੰਦਿਆਂ ਸਨਮਾਨ ਕਰਨ ਦਾ ਫੈਸਲਾ ਕੀਤਾ।
ਇਸ ਮੌਕੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਅਵਤਾਰ ਸਿੰਘ ਵਣਵਾਲਾ, ਰਾਮਪਾਲ ਸਿੰਘ ਬਹਿਣੀਵਾਲ, ਸੁਰਜੀਤ ਸਿੰਘ ਭਿੱਟੇਵੱਡ, ਅਮਰਜੀਤ ਸਿੰਘ ਭਲਾਈਪੁਰ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਪਰਮਜੀਤ ਸਿੰਘ ਦੁਨੀਆਮਾਜ਼ਰਾ, ਕੁਲਦੀਪ ਸਿੰਘ ਰੋਡੇ, ਇੰਚਾਰਜ਼ ਸ਼ਾਹਬਾਜ਼ ਸਿੰਘ, ਵਰਿੰਦਰ ਸਿੰਘ ਠਰੂ, ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …