Tuesday, May 14, 2024

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ਸਖ਼ਸ਼ੀਅਤ ਉਸਾਰੀ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 28 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹ ਰਹੇ ਵਿਦਿਆਰਥੀਆਂ ਦੀ ਸਖ਼ਸ਼ੀਅਤ ’ਚ ਹੋਰ ਨਿਖਾਰ ਲਿਆਉਣ ਲਈ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ’ਚ ਸਹਿਜ ਪਾਠ ਸੇਵਾ ਸੰਸਥਾ ਤੋਂ ਆਏ ਸਤਨਾਮ ਸਿੰਘ ਸੱਲ੍ਹੋਪੁਰੀ ਨੇ ਕਿਹਾ ਕਿ ਸਖ਼ਸ਼ੀਅਤ ’ਚ ਨਿਖਾਰ ਲਈ ਤੁਹਾਨੂੰ ਆਪਣੀਆਂ ਆਦਤਾਂ ਵਿਚ ਸੁਧਾਰ ਕਰਨਾ ਪਵੇਗਾ।ਜੇਕਰ ਮਨੁੱਖ ਨੂੰ ਜ਼ਿੰਦਗੀ ’ਚ ਚੰਗੀ ਤਰ੍ਹਾਂ ਖੜ੍ਹਨਾ ਵੀ ਨਹੀਂ ਆਇਆ ਤਾਂ ਵੱਡੀ ਕਾਰ ’ਚ ਬੈਠਿਆਂ ਉਸ ਦੀ ਪਰਸਨੈਲਟੀ ਨਹੀਂ ਬਣਦੀ, ਕਿਉਂਕਿ ਅਕਸਰ ਹੀ ਆਵਾਜਾਈ ਦੇ ਵੱਡੇ ਜਾਮ ਵੱਡੀਆਂ ਗੱਡੀਆਂ ਦੇ ਬੇਤਰਤੀਬੇ ਖੜ੍ਹੇ ਹੋ ਕਾਰਣ ਹੀ ਲੱਗਦੇ ਹਨ।ਮਨੁੱਖ ਨੂੰ ਜ਼ਿੰਦਗੀ ਜਿਊਣੀ ਵੀ ਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਅਜਿਹੇ ਕੰਮ ਕਰੋ ਜਿਸ ਨਾਲ ਤੁਹਾਡੇ ਵੱਲ ਕੋਈ ਉਂਗਲ ਨਾ ਚੁੱਕੇ, ਸਗੋਂ ਤੁਹਾਡੇ ਕੀਤੇ ਕੰਮਾਂ ਕਰਕੇ ਸੰਸਥਾ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਹੋਰ ਉੱਚਾ ਹੋਵੇ। ਉਨ੍ਹਾਂ ਕਿਹਾ ਕਿ ਗਿਆਨ ਪੜ੍ਹ ਕੇ ਹੀ ਆਉਂਦਾ ਹੈ ਤੇ ਬਾਣੀ ਪੜ੍ਹਨ ਵਾਲਾ ਵਿਅਕਤੀ ਕਦੇ ਵੀ ਦਿਮਾਗੀ ਤਣਾਅ ਵਿਚ ਨਹੀਂ ਆਉਂਦਾ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਆਪ ਨੂੰ ਗਤੀਸ਼ੀਲ ਰੱਖੋ ਤੇ ਪਾਣੀ ਦੀ ਰਵਾਨਗੀ ਤੋਂ ਹੀ ਕੁੱਝ ਸਿੱਖ ਲਓ ਕਿ ਜੋ ਰੁਕ ਗਿਆ ਸੋ ਮੁੱਕ ਗਿਆ।ਉਨਾਂ ਕਿਹਾ ਕਿ ਆਪਣੀ ਇੱਛਾ ਸ਼ਕਤੀ ਤੇ ਇਰਾਦਾ ਦ੍ਰਿੜ ਰੱਖੋ।ਪਹਿਰਾਵਾ ਚੰਗਾ ਰੱਖੋ ਕਿਉਂਕਿ ਸਾਡਾ ਪਹਿਰਾਵਾ ਹੀ ਸਾਡੀ ਸੋਚ ਦਾ ਪ੍ਰਗਟਾਵਾ ਕਰਦਾ ਹੈ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਸੁਲ੍ਹੇਪੁਰੀ ਉਨ੍ਹਾਂ ਨਾਲ ਆਏ ਗੁਰਜੀਤ ਸਿੰਘ ਅਤੇ ਰਮਨਦੀਪ ਕੌਰ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਸਫਲ ਵਿਅਕਤੀ ਆਪਣੀ ਜ਼ਿੰਦਗੀ ’ਚ ਕੀਤੀ ਘਾਲ ਕਮਾਈ ਦੀ ਵਿਦਿਆਰਥੀਆਂ ਨਾਲ ਸਾਂਝ ਪਾ ਕੇ ਪ੍ਰੇਰਣਾਸ੍ਰੋਤ ਬਣ ਕੇ ਉਨ੍ਹਾਂ ਦਾ ਮਨੋਬਲ ਵਧਾਉਂਦੇ ਹਨ। ਸੁਲ੍ਹੇਪੁਰੀ ਵਲੋਂ ਸਕੂਲ ਦੀ ਲਾਇਬ੍ਰੇਰੀ ਲਈ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ ਅਤੇ ਸਹਿਜ ਪਾਠ ਕਰਨ ਲਈ ਪ੍ਰੇਰਿਆ ਗਿਆ।
ਇਸ ਮੌਕੇ ਡਾ. ਗੋਗੋਆਣੀ ਅਤੇ ਸਕੂਲ ਸਟਾਫ ਵਲੋਂ ਸਹਿਜ ਪਾਠ ਸਕੂਲ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਦੀ 10ਵੀਂ ਕਲਾਸ `ਚੋਂ ਜੀਵਨ ਸਿੰਘ ਨੇ 91.2% ਅੰਕਾਂ ਨਾਲ ਮਾਰੀ ਬਾਜ਼ੀ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਦੌਰਾਨ ਇਲਾਕੇ …