Sunday, December 22, 2024

ਰੱਖਿਆ ਰਾਜ ਮੰਤਰੀ ਅਜੈ ਭੱਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਸੀ.ਸੀ ਕੈਡਿਟਾਂ ਦੇ ਰੂਬਰੂ

ਐਨ.ਸੀ.ਸੀ ਕੈਡਿਟ ਦੇਸ਼ ਦਾ ਭਵਿੱਖ- ਅਜੈ ਭੱਟ
ਅੰਮ੍ਰਿਤਸਰ, 30 ਅਕਤੂਬਰ (ਖੁਰਮਣੀਆਂ) – ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਕਿਹਾ ਹੈ ਕਿ ਐਨ.ਸੀ.ਸੀ ਕੈਡਿਟ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਿਚ ਰਾਜ ਸਰਕਾਰਾਂ ਵੱਲੋਂ ਕੋਈ ਵੀ ਕਮੀ ਨਹੀਂ ਨਹੀਂ ਰਹਿਣੀ ਚਾਹੀਦੀ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਕੈਡਿਟ ਇਕ ਅਨੁਸ਼ਾਸਨ ਦੇ ਵਿਚ ਰਹਿਣਾ ਜਾਣਦੇ ਹਨ ਜੋ ਦੇਸ਼ ਸਮਾਜ ਅਤੇ ਪਰਿਵਾਰ ਦੀ ਤਰੱਕੀ ਵਿਚ ਅਹਿਮ ਰੋਲ ਅਦਾ ਕਰਦੇ ਹਨ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਗਰੁੱਪ ਦੇ ਐਨਸੀਸੀ ਕੈਡਿਟਾਂ ਦੇ ਰੂਬਰੂ ਦੌਰਾਨ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ ਇਸ ਸਮੇਂ ਐਨ.ਸੀ.ਸੀ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਅਤੇ ਉਨ੍ਹਾਂ ਦੀ ਆਮਦ `ਤੇ ਦੇਸ਼ ਭਗਤੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਉਨ੍ਹਾਂ ਕਲਾਕਾਰਾਂ ਅਤੇ ਐਨ.ਸੀ.ਸੀ ਕੈਡਿਟਾਂ ਦੀ ਸ਼ਲਾਘਾ ਕਰਦਿਆਂ ਐਨ.ਸੀ.ਸੀ `ਤੇ ਕੇਂਦਰਤ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਤਿਆਰੀ ਵਿਚ ਰਾਜ ਅਤੇ ਕੇਂਦਰ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦੇਣ ਤੋਂ ਇਲਾਵਾ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇਨ੍ਹਾਂ ਦੀ ਸਿਖਲਾਈ ਵਿਚ ਪੂਰਨ ਨਿਪੁੰਨਤਾ ਆ ਸਕੇ।ਉਨ੍ਹਾਂ ਕਿਹਾ ਕਿ ਐਨ.ਸੀ.ਸੀ ਕੈਡਿਟ ਵਧੇਰੇ ਅਨੁਸ਼ਾਸਿਤ ਅਤੇ ਦ੍ਰਿੜ ਨਿਸਚੇ ਵਾਲੇ ਹੁੰਦੇ ਹਨ।ਉਹ ਭਵਿੱਖ ਵਿਚ ਭਾਵੇਂ ਕਿਸੇ ਵੀ ਖੇਤਰ ਵਿਚ ਜਾਣ, ਉਨ੍ਹਾਂ ਵੱਲੋਂ ਐਨ.ਸੀ.ਸੀ ਸਿਖਲਾਈ ਦੌਰਾਨ ਪ੍ਰਾਪਤ ਕੀਤੇ ਅਨੁਭਵ ਹਰ ਖੇਤਰ ਵਿੱਚ ਉਨ੍ਹਾਂ ਨੂੰ ਕਾਮਯਾਬੀ ਦਿਵਾਉਂਦੇ ਹਨ।ਉਨ੍ਹਾਂ ਨੇ ਇਸ ਸਮੇਂ ਆਪਣੇ ਐਨ.ਸੀ.ਸੀ ਸਿਖਲਾਈ ਦੇ ਸਮੇਂ ਦੀਆਂ ਯਾਦਾਂ ਨੂੰ ਵੀ ਵਿਦਿਆਰਥੀਆਂ ਨਾਲ ਤਾਜ਼ਾ ਕੀਤਾ ਅਤੇ ਕਿਹਾ ਕਿ ਇਹ ਜੀਵਨ ਦੀ ਨਾ ਭੁੱਲਣਯੋਗ ਯਾਦਗਾਰ ਹੀ ਸਗੋਂ ਜ਼ਿੰਦਗੀ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣ ਵਾਲੀ ਵੀ ਹੈ।
ਇਸ ਤੋਂ ਪਹਿਲਾਂ ਅਜੈ ਭੱਟ ਦਾ ਯੂਨੀਵਰਸਿਟੀ ਕੈਂਪਸ ਵਿੱਚ ਪੁੱਜਣ `ਤੇ ਪ੍ਰੋ. ਐਸ.ਐਸ ਬਹਿਲ ਡੀਨ ਅਕਾਦਮਿਕ ਮਾਮਲੇ ਨੇ ਨਿੱਘਾ ਸਵਾਗਤ ਕੀਤਾ।ਯੂਨੀਵਰਸਿਟੀ ਤੋਂ ਐਸੋਸੀਏਟ ਐਨ.ਸੀ.ਸੀ ਅਫਸਰ ਲੈਫਟੀਨੈਂਟ ਡਾ. ਅਨਿਲ ਕੁਮਾਰ, ਬ੍ਰਿਗੇਡੀਅਰ ਰੋਹਿਤ ਕੁਮਾਰ, ਜੀ.ਆਰ.ਪੀ ਸੀ.ਡੀ.ਆਰ, ਅੰਮ੍ਰਿਤਸਰ ਗਰੁੱਪ ਦੇ ਕੈਡਿਟ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਰੱਖਿਆ ਰਾਜ ਮੰਤਰੀ ਭੱਟ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਨ.ਸੀ.ਸੀ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਪ੍ਰੋ. ਬਹਿਲ ਨੂੰ ੳੇੁਚੇਚੇ ਤੌਰ `ਤੇ ਸਨਮਾਨਿਤ ਕੀਤਾ।ਯੂਨੀਵਰਸਿਟੀ ਨੇ ਐਨ.ਸੀ.ਸੀ ਦੇ ਖੇਤਰ ਵਿਚ 2016 ਤੋਂ ਲਗਾਤਾਰ ਸ਼ਰਧਾਂਜਲੀ ਮਾਰਚ, ਮੈਰਾਥਨ ਦੌੜ, ਸ਼ਖਸੀਅਤ ਵਿਕਾਸ, ਰਾਸ਼ਟਰੀ ਏਕਤਾ ਦਿਵਸ, ਸੈਮੀਨਾਰ, ਤੰਬਾਕੂ ਵਿਰੋਧੀ ਡਰਾਈਵ, ਨੁੱਕੜ ਨਾਟਕ, ਆਫ਼ਤ ਪ੍ਰਬੰਧਨ, ਸੜਕ ਸੁਰੱਖਿਆ/ਟ੍ਰੈਫਿਕ ਨਿਯਮ, ਚੌਕਸੀ ਸਵੱਛਤਾ, ਸਵੱਛ ਭਾਰਤ ਅਭਿਆਨ, ਰੁੱਖ ਲਗਾਉਣਾ, ਵਾਤਾਵਰਣ ਦਿਵਸ, ਅੰਤਰਰਾਸ਼ਟਰੀ ਯੋਗ ਦਿਵਸ, ਮੈਰਾਥਨ ਦੌੜ, ਗਣਤੰਤਰ ਦਿਵਸ, ਖੂਨਦਾਨ, ਐਡਵਾਂਸ ਲੀਡਰਸ਼ਿਪ ਕੈਂਪ, ਈ.ਬੀ.ਐਸ.ਬੀ, ਐਡਵੈਂਚਰ ਕੈਂਪ ਆਦਿ ਕਈ ਸਮਾਗਮ ਕਰਵਾਏ ਹਨ ਅਤੇ ਇਨ੍ਹਾਂ ਉਦਮਾਂ ਦੀ ਭਰਪੂਰ ਸ਼ਲਾਘਾ ਵੀ ਹੋਈ ਹੈ।
ਅਜੈ ਭੱਟ ਨੇ ਡਾ. ਅਨਿਲ ਕੁਮਾਰ ਨੂੰ ਐਨ.ਸੀ.ਸੀ ਵਿੱਚ ਸ਼ਾਨਦਾਰ ਸੇਵਾਵਾਂ ਜਿਵੇਂ ਕਿ ਏਕ ਭਾਰਤ ਸ੍ਰੇ੍ਰਸ਼ਟ ਭਾਰਤ ਕੈਂਪ, ਡਾਇਰੈਕਟੋਰੇਟ ਪੱਧਰ `ਤੇ ਕਾਰਗਿਲ ਵਿਜੇ ਦਿਵਸ, ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ, ਨੁੱਕੜ ਨਾਟਕ, ਰੈਲੀਆਂ, ਸੈਮੀਨਾਰ ਅਤੇ ਹੋਰ ਗਤੀਵਿਧੀਆਂ ਦੇ ਖੇਤਰ ਅਹਿਮ ਯੋਗਦਾਨ ਲਈ ਸਨਮਾਨਿਤ ਵੀ ਕੀਤਾ।
ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਐਨ.ਸੀ.ਸੀ ਕੈਡਿਟ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …