Sunday, December 22, 2024

ਬਸਪਾ ਸੁਪਰੀਮੋ ਭੈਣ ਮਾਇਆਵਤੀ ਨੇ ਬੱਦੀ ‘ਚ ਚੋਣ ਰੈਲੀ ਨੂੰ ਕੀਤਾ ਸੰਬੋਧਨ

ਕਿਹਾ, ਕਾਂਗਰਸ, ਭਾਜਪਾ ਤੇ ਹਮੇਸ਼ਾਂ ਲੋਕਾਂ ਨੂੰ ਕੀਤਾ ਲੁੱਟਣ ਦਾ ਕੰਮ

ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ, ਸਾਬਕਾ ਸਾਂਸਦ ਤੇ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਹੋ ਰਹੀਆਂ ਆਮ ਚੋਣਾਂ ਦੀ ਜਨਸਭਾ ਵਿੱਚ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਹੀ ਗਰੀਬ ਤੇ ਮਿਹਨਤਕਸ਼ ਜਨਤਾ ਦਾ ਸ਼ੋਸ਼ਣ ਕਰਨ ਵਾਲੀਆਂ ਪਾਰਟੀਆਂ ਹਨ ਅਤੇ ਇਹ ਕਾਰਨ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਰਹੀਆਂ ਸਰਕਾਰਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੁੱਖ ਨਹੀ਼ ਮਿਲ ਸਕਿਆ।ਕਾਂਗਰਸ ਭਾਜਪਾ ਨੇ ਹਿਮਾਚਲ ਦੀ ਜਨਤਾ ਨੂੰ ਨਿਰਾਸ਼ ਕੀਤਾ ਹੈ।ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੀ ਬੱਦੀ ਤਹਿਸੀਲ ਦੇ ਬਰੋਟੀਵਾਲਾ-ਹਰਿਪੁਰ ਰੋਡ ਉਤੇ ਖੇਡ ਮੈਦਾਨ ਵਿੱਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਾਇਆਵਤੀ ਨੇ ਕਿਹਾ ਕਿ ਚੋਣਾਂ ਦੇ ਬਾਅਦ ਇਨ੍ਹਾਂ ਪਾਰਟੀਆਂ ਦੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪ੍ਰੰਤੂ ਸੂਬੇ ਦੀ ਭੋਲੀ ਭਾਲੀ ਜਨਮਾ ਆਪਣੀ ਖੁਸ਼ੀ, ਖੁਸ਼ਹਾਲੀ ਤੇ ਵਿਕਾਸ ਨੂੰ ਤਰਸਦੀ ਰਹਿ ਜਾਂਦੀ ਹੈ।ਉਤਰ ਪ੍ਰਦੇਸ਼ ਵਿੱਚ ਬਸਪਾ ਦੀਆਂ ਚਾਰ ਵਾਰ ਰਹੀਆ ਸਰਕਾਰਾਂ ਦੇ ਸਬੰਧ ਵਿੱਚ ਮਾਇਆਵਤੀ ਨੇ ਹਿਮਾਚਲ ਦੇ ਲੋਕਾਂ ਨੂੰ ਯਾਦ ਕਰਵਾਇਆ ਕਿ ਬੀ.ਐਸ.ਪੀ ਗਰੀਬਾਂ, ਮਜ਼ਲੂਮਾਂ, ਪੱਛੜਿਆਂ ਤੇ ਘੱਟਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਤੇ ਕਲਿਆਣ ਨੂੰ ਸਮਰਪਿਤ ਸਿਧਾਂਤਾਂ ‘ਤੇ ਚੱਲਣ ਵਾਲੀ ਸਹੀ ਪਾਰਟੀ ਹੈ।
ਇਸ ਨਾਲ ਹੀ ਮਾਇਆਵਤੀ ਜੀ ਨੇ ਕਿਹਾ ਕਿ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਾਰ ਦੇ ਅਨੁਯਾਈ ਤੇ ਬਸਪਾ ਨਾਲ ਜੁੜੇ ਲੋਕ ਜ਼ਿਆਦਾਤਰ ਮਿਸ਼ਨਰੀ ਭਾਵਨਾ ਦੇ ਤਹਿਤ ਹੀ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਆਮ ਚੋਣਾਂ ‘ਚ ਵੀ ਬਸਪਾ ਦੇ ਉਮੀਦਵਾਰ ਤਨ, ਮਨ ਤੇ ਧਨ ਦੇ ਸਹਿਯੋਗ ਨਾਲ ਆਪਣੇ ਬਲਬੂਤੇ ਚੋਣ ਲੜ ਰਹੇ ਹਨ।
ਇਸ ਮੌਕੇ ਬਸਪਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਇੰਚਾਰਜ਼ ਤੇ ਸਾਬਕਾ ਸਾਂਸਦ ਰਾਜਾ ਰਾਮ, ਸਾਬਕਾ ਸਾਂਸਦ ਅਵਤਾਰ ਸਿੰਘ ਕਰੀਮਪੁਰੀ, ਸੂਬਾ ਪ੍ਰਧਾਨ ਹਿਮਾਚਲ ਨਰਾਇਣ ਅਜ਼ਾਦ, ਇੰਚਾਰਜ਼ ਦਯਾ ਚੰਦ, ਇੰਚਾਰਜ਼ ਸੁਮਰਿਤ ਸਿੰਘ ਜਾਟਵ, ਸੂਬਾ ਪ੍ਰਧਾਨ ਪੰਜਾਬ ਜਸਵੀਰ ਸਿੰਘ ਗੜ੍ਹੀ, ਵਿਧਾਇਕ ਡਾ ਨੱਛਤਰ ਪਾਲ, ਵਿਜੈ ਨਾਇਆਰ, ਯੂ.ਟੀ ਪ੍ਰਧਾਨ ਚੰਡੀਗੜ੍ਹ ਵਰਿਆਮ ਸਿੰਘ, ਸੂਬਾ ਪ੍ਰਧਾਨ ਜੰਮੂ ਸੋਮਰਾਜ ਮਝੋਤਰਾ, ਜਨਰਲ ਸਕੱਤਰ ਸੁਰੇਸ਼ ਬਾਂਬੀ, ਵਿਕਰਮ ਨਾਇਰ, ਇੰਚਾਰਜ਼ ਕਾਂਸ਼ੀ ਰਾਮ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …