ਕਿਹਾ, 44 ਪਿੰਡਾਂ ਦੇ ਟੋਭਿਆਂ ਦੀ ਕਾਇਆ-ਕਲਪ ਲਈ ਉਲੀਕਿਆ 16.78 ਕਰੋੜ ਦੀ ਲਾਗਤ ਵਾਲਾ ਪ੍ਰੋਜੈਕਟ
ਸੰਗਰੂਰ, 7 ਨਵੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜਿਲੇ ਦੇ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਪਿੰਡਾਂ ’ਚ ਗੰਦਗੀ ਦਾ ਸਰੋਤ ਬਣ ਰਹੇ ਛੱਪੜਾਂ ਦਾ ਜਲਦ ਪੁਨਰਨਿਰਮਾਣ ਕਰਵਾਇਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਇਸ ਮੰਤਵ ਲਈ ਜ਼ਿਲਾ ਪ੍ਰਸ਼ਾਸਨ ਵਲੋਂ 16 ਕਰੋੜ 78 ਲੱਖ ਦੀ ਲਾਗਤ ਵਾਲਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ।ਜਿਸ ਨਾਲ 44 ਪਿੰਡਾਂ ਦੇ ਟੋਭਿਆਂ ਦੀ ਕਾਇਆ-ਕਲਪ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਤਿੰਨ ਪਿੰਡਾਂ ਅੰਨਦਾਣਾ, ਗੁਜਰਾਂ ਅਤੇ ਕਾਂਝਲਾਂ ਵਿਖੇ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਰੂਰ ਨੂੰ ਖੁੱਲੇ ’ਚ ਪਖਾਨਾ ਮੁਕਤ (ਓ.ਡੀ.ਐਫ਼) ਦਾ ਦਰਜ਼ਾ ਪਹਿਲਾਂ ਹੀ ਪ੍ਰਾਪਤ ਹੈ ਅਤੇ ਹੁਣ ਜਿਲੇ ਨੂੰ ਓ.ਡੀ.ਐਫ਼ ਪਲੱਸ ਦਰਜ਼ਾਰਬੰਦੀ ’ਚ ਸ਼ਾਮਲ ਕਰਵਾਉਣ ਲਈ ਗਤੀਵਿਧੀਆਂ ਵਡੇ ਪੱਧਰ ’ਤੇ ਜਾਰੀ ਹਨ।ਉਨਾਂ ਕਿਹਾ ਕਿ ਇਹ ਪ੍ਰੋਜੈਕਟ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਗ੍ਰਾਮੀਣ, ਮਗਨਰੇਗਾ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ 15ਵੇਂ ਵਿੱਤ ਕਮਿਸ਼ਨ ’ਚੋਂ ਫੰਡ ਵਰਤ ਕੇ ਪਿੰਡਾਂ ਦੇ ਟੋਭਿਆਂ ਦੀ ਸਫ਼ਾਈ ਲਈ ਤਿਆਰ ਕੀਤਾ ਗਿਆ ਹੈ।
ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜਿਲਾ ਪ੍ਰਸਾਸ਼ਨ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਪਿੰਡਾਂ ’ਚ ਲੋੜੀਂਦੀਆਂ ਸੁਵਿਧਾਵਾਂ ਦੇ ਨਾਲ-ਨਾਲ ਸਾਫ਼-ਸਫ਼ਾਈ ਵੀ ਯਕੀਨੀ ਬਣਾਈ ਜਾ ਰਹੀ ਹੈ।ਟੋਭਿਆਂ ਦਾ ਪੁਨਰ ਨਿਰਮਾਣ ਥਾਪਰ ਮਾਡਲ ਤਹਿਤ ਕਰਵਾਇਆ ਜਾਂਦਾ ਹੈ।ਜਿਸ ਤੋਂ ਬਾਅਦ ਇਨਾਂ ਦਾ ਪਾਣੀ ਖੇਤੀਬਾੜੀ ਲਈ ਵਰਤਣ ਦੇ ਨਾਲ-ਨਾਲ ਮੱਛੀ ਪਾਲਣ ਵਰਗੇ ਸਹਾਇਕ ਧੰਦਿਆਂ ਲਈ ਵੀ ਵਰਤਿਆ ਜਾ ਸਕਦਾ ਹੈ।ਨਵੀਨੀਕਰਨ ਤੋਂ ਬਾਅਦ ਜਿਲ੍ਹਾ ਪ੍ਰਸਾਸ਼ਨ ਵਲੋਂ ਟੋਭਿਆਂ ਦੇ ਆਲੇ-ਦੁਆਲੇ ਹਰਿਆਲੀ ਪੈਦਾ ਕਰਨ ਦੇ ਮਕਸਦ ਨਾਲ ਬੂਟੇ ਲਾਉਣੇ ਵੀ ਯਕੀਨੀ ਬਣਾਏ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ’ਚ ਜਾਗਰੂਕਤਾ ਗਤੀਵਿਧੀਆਂ ਤੋਂ ਇਲਾਵਾ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਲਈ ਫ਼ੰਡ ਉਪਲੱਬਧ ਕਰਵਾਏ ਜਾਂਦੇ ਹਨ।ਸਰਕਾਰ ਦੀਆਂ ਹਦਾਇਤਾਂ ਤਹਿਤ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ 5000 ਤੋਂ ਵੱਧ ਆਬਾਦੀ ਵਾਲੇ ਪਿੰਡਾਂ ਨੂੰ ਤਰਲ ਕੂੜਾ ਪ੍ਰਬੰਧਨ ਲਈ 660 ਰੁਪਏ ਪ੍ਰਤੀ ਵਿਅਕਤੀ ਅਤੇ 5000 ਤੋਂ ਘੱਟ ਆਬਾਦੀ ਵਾਲੇ ਪਿੰਡਾਂ ਨੂੰ 280 ਰੁਪਏ ਪ੍ਰਤੀ ਵਿਅਕਤੀ ਫੰਡ ਜਾਰੀ ਕਰਨ ਦੀ ਵਿਵਸਥਾ ਹੈ।