Friday, June 21, 2024

ਮਨਿੰਦਰ ਸਿੰਘ ਵਰਗੇ ਬਹਾਦਰਾਂ ਦੀ ਕੁਰਬਾਨੀ ਦਾ ਦੇਸ਼ ਹਮੇਸ਼ਾਂ ਰਿਣੀ ਰਹੇਗਾ – ਡਿਪਟੀ ਕਮਿਸ਼ਨਰ

ਸੈਨਾ ਮੈਡਲ ਜੇਤੂ ਦੀ ਸ਼ਹਾਦਤ ਨੂੂੰ ਨਮ ਅੱਖਾਂ ਨਾਲ ਸ਼ਰਧਾਂਜਲੀ

ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਵਿਸ਼ਵ ਦੇ ਸਭ ਤੋਂ ਉਚੇ ਅਤੇ ਦੁਰਘਟਨਾ ਵਾਲੇ ਖੇਤਰ ਹਿਮਖੰਡ ਗਲੇਸ਼ੀਅਰ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਫੌਜ ਦੀ 3 ਪੰਜਾਬ ਰੈਜੀਮੈਂਟ ਦੇ ਆਰਮੀ ਮੈਡਲ ਜੇਤੂ ਨਾਇਕ ਮਨਿੰਦਰ ਸਿੰਘ ਦਾ ਤੀਜ਼ਾ ਸ਼ਰਧਾਂਜਲੀ ਸਮਾਗਮ ਜਨਰਲ ਕੁੰਵਰ ਰਵਿੰਦਰ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਰਾਜਾਸਾਂਸੀ ਵਿਖੇ ਹੋਇਆ।ਇਸ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਨ੍ਹਾਂ ਤੋਂ ਇਲਾਵਾ ਸ਼ਹੀਦ ਦੀ ਪਤਨੀ ਨਾਇਬ ਤਹਿਸੀਲਦਾਰ ਅਕਵਿੰਦਰ ਕੌਰ, ਪੁੱਤਰ ਏਕਮਜੋਤ ਸਿੰਘ, ਸਹੁਰਾ ਜਗਤਾਰ ਸਿੰਘ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਪਤਨੀ ਸੁਹਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਐਸ.ਡੀ.ਐਮ ਮਨਕੰਵਲ ਸਿੰਘ, ਤਹਿਸੀਲਦਾਰ ਨਵਕੀਰਤ ਸਿੰਘ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਬੀ.ਡੀ.ਪੀ.ਓ. ਸੀਤਾਰਾ ਸਿੰਘ, ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਸ਼ੌਰਿਆ ਚੱਕਰ ਦੀ ਪਤਨੀ ਸਿੱਖਿਆ ਪੰਚਾਇਤ ਅਫ਼ਸਰ ਗੁਰਪ੍ਰੀਤ ਕੌਰ, ਮੁੰਬਈ ਤੋਂ ਪ੍ਰਤਿਭਾ, 9 ਪੰਜਾਬ ਰੈਜੀਮੈਂਟ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਆਦਿ ਨੇ ਸ਼ਿਰਕਤ ਕੀਤੀ।
ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਸਮੇਂ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਸ਼ਹੀਦ ਨੂੰ ਨਮਨ ਕੀਤਾ।ਇਸ ਉਪਰੰਤ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਵਲੋਂ ਸ਼ਹੀਦ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕੀਤੀ ਗਈ।ਇਸ ਤੋਂ ਇਲਾਵਾ ਪੰਜਾਬ ਦੀਆਂ 9 ਯੂਨਿਟਾਂ ਦੇ ਜਵਾਨਾਂ ਨੇ ਸ਼ਹੀਦ ਨਾਇਕ ਮਨਿੰਦਰ ਸਿੰਘ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਪਾ ਕੇ ਸਲਾਮੀ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੂਦਨ ਨੇ ਕਿਹਾ ਕਿ ਦੇਸ਼ ਹਿਮ ਵੀਰ ਨਾਇਕ ਮਨਿੰਦਰ ਸਿੰਘ ਵਰਗੇ ਬਹਾਦਰ ਸੈਨਿਕਾਂ ਦੀ ਅਣਮੁੱਲੀ ਕੁਰਬਾਨੀ ਦਾ ਹਮੇਸ਼ਾਂ ਰਿਣੀ ਰਹੇਗਾ, ਜਿਨ੍ਹਾਂ ਨੇ ਗਲੇਸ਼ੀਅਰ ਦੀਆਂ ਬਰਫੀਲੀਆਂ ਚੋਟੀਆਂ ’ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਅਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ।ਦੇਸ਼ ਵਾਸੀਆਂ ਨੇ ਇਹ ਸੰਦੇਸ਼ ਦਿੱਤਾ ਕਿ ਸਿਪਾਹੀ ਲਈ ਰਾਸ਼ਟਰ ਸਰਵਉਚ ਹੈ।ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਦੀ ਕੁਰਬਾਨੀ, ਦਲੇਰੀ ਅਤੇ ਸੰਘਰਸ਼ ਨੂੰ ਸਿਰ ਝੁਕਾਉਂਦੇ ਹਨ, ਜੋ ਦੇਸ਼ ਲਈ ਆਪਣੀ ਬਹੁਮੁੱਲੀ ਦੌਲਤ ਕੁਰਬਾਨ ਕਰਨ ਦੇ ਬਾਵਜ਼ੂਦ ਸਮਾਜ ਲਈ ਪ੍ਰੇਰਨਾ ਸਰੋਤ ਬਣ ਕੇ ਮਾਣ ਨਾਲ ਜੀ ਰਹੇ ਹਨ।ਸੂਦਨ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਕੇ ਰਾਸ਼ਟਰ ਨਿਰਮਾਣ ’ਚ ਯੋਗਦਾਨ ਪਾਉਣ।ਮਨਿੰਦਰ ਵਰਗੇ ਬਹਾਦਰਾਂ ਨੂੰ ਅੱਜ ਦੇ ਦਿਨ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਜੇਕਰ ਉਹ ਕਿਸੇ ਵੀ ਸ਼ਹੀਦ ਪਰਿਵਾਰ ਦੀ ਮਦਦ ਕਰ ਸਕੇ ਤਾਂ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਣਗੇ।ਉਨ੍ਹਾਂ ਕਿਹਾ ਕਿ ਉਹ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਤਹਿ ਦਿਲੋਂ ਧੰਨਵਾਦੀ ਹਨ, ਜੋ ਵੱਖ-ਵੱਖ ਥਾਵਾਂ ’ਤੇ ਅਜਿਹੇ ਸਮਾਗਮ ਕਰਵਾ ਕੇ ਸਮਾਜ ਵਿਚ ਦੇਸ਼ ਭਗਤੀ ਦੇ ਦੀਵੇ ਜਗਾ ਰਹੇ ਹਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …