ਉਘੇ ਰੰਗ ਕਰਮੀ ਡਾ. ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਕਮੇਟੀ ਦੇ ਪ੍ਰਧਾਨ ਪ੍ਰੋ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਪ੍ਰੋ. ਬਲਦੀਪ ਦੇ ਨੌਜਵਾਨ ਸਪੁੱਤਰ ਦੀਪਇੰਦਰਪਾਲ ਸਿੰਘ ਦੀ ਕੈਨੇਡਾ ਵਿਖੇ ਹੋਈ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਪੰਜਾਬੀ ਸਾਹਿਤ ਦੇ ਉਘੇ ਲੇਖਕ ਸਵ: ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ ਜੋ 11 ਦਸੰਬਰ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਕਵਿਤਾ ਭਵਨ ਮਾਛੀਵਾੜਾ ਰੋਡ ਸਮਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਕੱਤਰ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਦੱਸਿਆ ਕਿ ਇਹ ਸਾਹਿਤਕ ਸਮਾਗਮ ਸਕੂਲੀ ਬੱਚਿਆਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਅਤੇ ਬੱਚਿਆਂ ਵਿੱਚ ਮਾਂ ਬੋਲੀ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀਆਂ ਕਵਿਤਾਵਾਂ ਦਾ ਉਚਾਰਨ ਕਰਵਾਇਆ ਜਾਵੇਗਾ।ਮੁੱਖ ਮਹਿਮਾਨ ਉਘੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਸਾਬਕਾ ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਅਤੇ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ।ਉਨ੍ਹਾਂ ਤੋਂ ਇਲਾਵਾ ਹੋਰ ਉਘੇ ਵਿਦਵਾਨ ਪ੍ਰੋ. ਨੌਸ਼ਹਿਰਵੀ ਦੇ ਜੀਵਨ ਅਤੇ ਸਾਹਿਤ ‘ਤੇ ਵਿਚਾਰ ਚਰਚਾ ਕਰਨਗੇ।ਸਮਾਗਮ ਵਿੱਚ ਹਾਜ਼ਰ ਕਵੀਆਂ ’ਤੇ ਅਧਾਰਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਸਮੂਹ ਚਾਹੁਣ ਵਾਲਿਆਂ ਨੂੰ ਇਸ ਵਿਸ਼ਾਲ ਸਾਹਿਤਕ ਸਮਾਗਮ ਵਿੱਚ ਹੁੰਮ-ਹੁਮਾਕੇ ਪਹੁੰਚਣ ਦਾ ਖੁੱਲਾ ਸੱਦਾ ਹੈ।
ਇਸ ਮੌਕੇ ਕਮੇਟੀ ਮੈਂਬਰ ਮੇਘ ਸਿੰਘ ਜਵੰਦਾ ਰਿਟਾ: ਮੁੱਖ ਅਧਿਆਪਕ, ਮਾ. ਤਰਲੋਚਨ ਸਮਰਾਲਾ, ਮਾ. ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਕਰਮਜੀਤ ਸਿੰਘ ਅਜ਼ਾਦ, ਹਰਬੰਸ ਮਾਲਵਾ, ਦੀਪ ਦਿਲਬਰ, ਲਖਵੀਰ ਸਿੰਘ ਬਲਾਲਾ ਅਤੇ ਰਾਜਵਿੰਦਰ ਸਮਰਾਲਾ ਵੀ ਹਾਜ਼ਰ ਸਨ।