Sunday, March 23, 2025

ਗੁਰੂ ਨਗਰੀ ’ਚ 16ਵਾਂ ਪਾਈਟੈਕਸ ਅੱਜ ਤੋਂ

ਮੁੱਖ ਮੰਤਰੀ ਭਗਵੰਤ ਮਾਨ 10 ਦਸੰਬਰ ਨੂੰ ਕਰਨਗੇ ਸ਼ਮੂਲ਼ੀਅਤ

ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 16ਵਾਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਵੀਰਵਾਰ ਤੋਂ ਅੰਮ੍ਰਿਤਸਰ ‘ਚ ਸ਼ੁਰੂ ਹੋ ਰਿਹਾ ਹੈ।ਇਸ ਵਾਰ ਪਾਈਟੈਕਸ ਵਿੱਚ ਭਾਰਤ ਦੇ ਕਈ ਰਾਜਾਂ ਅਤੇ ਵਿਦੇਸ਼ਾਂ ਤੋਂ 450 ਦੇ ਕਰੀਬ ਕਾਰੋਬਾਰੀ ਪਹੁੰਚ ਰਹੇ ਹਨ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਈਟੈਕਸ ਸ਼ੁਰੂ ਕਰਨ ਦਾ ਰਸਮੀ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕ ਪਾਇਟੈਕਸ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।ਜਿਥੇ ਉਨ੍ਹਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਉਤਪਾਦ ਮਿਲਣਗੇ ਅਤੇ ਉਦਯੋਗ ਦੇ ਖੇਤਰ ਵਿੱਚ ਅੰਮ੍ਰਿਤਸਰ ਦਾ ਗ੍ਰਾਫ ਵੀ ਉੱਚਾ ਹੋਵੇਗਾ।ਪੰਜਾਬ ਸਰਕਾਰ ਇਸ ਸਮਾਗਮ ਦੀ ਮੇਜ਼ਬਾਨੀ ਕਰ ਰਹੀ ਹੈ।ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਇਟੈਕਸ ਨੇ ਪਿਛਲੇ 15 ਸਾਲਾਂ ਦੌਰਾਨ ਪੰਜਾਬ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।
ਪੀਐਚਡੀ ਚੈਂਬਰ ਦੇ ਪੰਜਾਬ ਚੈਪਟਰ ਚੇਅਰਮੈਨ ਆਰ.ਐਸ ਸਚਦੇਵਾ ਨੇ ਦੱਸਿਆ ਕਿ 8 ਦਸੰਬਰ ਨੂੰ ਸਵੇਰ ਦੀ ਸਭਾ ਵਿੱਚ ਗੈਸਟਰੋਇੰਟੇਸਟਾਈਨਲ ਓਨਕੋਲੋਜੀ ਵਿੱਚ ਨਿਊ ਫਰੰਟੀਅਰਜ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ।ਸਥਾਨਕ ਐਨ.ਜੀ.ਓ ਦੇ ਬੱਚੇ ਇਥੇ ਆਉਣਗੇ।ਦੁਪਹਿਰ ਦੇ ਸੈਸ਼ਨ ਵਿੱਚ ਉੱਦਮੀ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ।ਜਿਸ ਵਿੱਚ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।9 ਦਸੰਬਰ ਨੂੰ ਐਮ.ਐਸ.ਐਮ.ਈ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿੱਚ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸਕੱਤਰ ਆਈ.ਏ.ਐਸ ਗੁਰਕੀਰਤ ਕਿਰਪਾਲ ਸਿੰਘ ਮੁੱਖ ਮਹਿਮਾਨ ਹੋਣਗੇੇ।ਪੰਜਾਬ ਉਦਯੋਗ ਅਤੇ ਵਣਜ ਵਿਭਾਗ ਦੇ ਸਕੱਤਰ ਕਮ ਡਾਇਰੈਕਟਰ ਆਈ.ਏ.ਐਸ ਸਿਬਿਨ ਸੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।10 ਦਸੰਬਰ ਨੂ ਪੰਜਾਬ ’ਚ ਨਿਵੇਸ਼ ਦੇ ਮੌਕਿਆਂ ਦੇ ਵਿਸ਼ੇ ’ਤੇ ਹੋਣ ਵਾਲੇ ਸੰਮੇਲਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਨਿਵੇਸ਼ ਪ੍ਰਮੋਸ਼ਨ ਮੰਤਰੀ ਅਨਮੋਲ ਗਗਨ ਮਾਨ ਕਰਨਗੇ।
ਸਚਦੇਵਾ ਨੇ ਦੱਸਿਆ ਕਿ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ ਆਈ.ਏ.ਐਸ ਕੇ.ਕੇ ਯਾਦਵ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ ਦਲੀਪ ਕੁਮਾਰ ਹਾਜ਼ਰ ਹੋਣਗੇ।10 ਦਸੰਬਰ ਨੂੰ ਹੀ ਦੁਪਹਿਰ ਦੇ ਸੈਸ਼ਨ ’ਚ ਸਸਟੇਨੇਬਿਲਟੀ ਐਂਡ ਗ੍ਰੀਨ ਹਾਈਡਰੋਜਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਵਿੱਚ ਪੇਡਾ ਦੇ ਡਾਇਰੈਕਟਰ ਐਮ.ਪੀ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚਣਗੇ।
ਇਸ ਮੌਕੇ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ ਨੇ ਦੱਸਿਆ ਕਿ ਇਸ ਵਾਰ ਪਾਕਿਸਤਾਨ, ਅਫਗਾਨਿਸਤਾਨ, ਮਿਸਰ, ਈਰਾਨ, ਥਾਈਲੈਂਡ ਅਤੇ ਤੁਰਕੀ ਤੋਂ ਵਪਾਰੀ ਆਪਣੇ ਉਤਪਾਦ ਲੈ ਕੇ ਆਏ ਹਨ।ਭਾਰਤ ਤੋਂ ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਉਤਰ ਪ੍ਰਦੇਸ਼, ਦਿੱਲੀ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਸੂਬੇ ਭਾਗ ਲੈ ਰਹੇ ਹਨ।ਸੇਠ ਨੇ ਦੱਸਿਆ ਕਿ ਪੰਜਾਬ ਦੇ ਕਈ ਨਾਮੀ ਉਦਯੋਗਾਂ ਤੋਂ ਇਲਾਵਾ ਐਮ.ਐਸ.ਐਮ.ਈ, ਟੈਕਸਟਾਈਲ ਮੰਤਰਾਲੇ, ਨਾਬਾਰਡ, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ, ਜੂਟ ਬੋਰਡ, ਕੇ.ਵੀ.ਆਈ.ਸੀ ਅਤੇ ਇਨਵੈਸਟ ਪੰਜਾਬ ਸਮੇਤ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਈ ਮੰਤਰਾਲੇ ਸਹਿਯੋਗ ਕਰ ਰਹੇ ਹਨ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਥਾਨਕ ਕਨਵੀਨਰ ਜੈਦੀਪ ਸਿੰਘ ਨੇ ਦੱਸਿਆ ਕਿ ਪਾਈਟੈਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਸਟਾਲ ਬੁੱਕ ਹੋ ਚੁੱਕੇ ਹਨ।ਸਾਲ 2005 ਵਿੱਚ ਜਦੋਂ ਅੰਮ੍ਰਿਤਸਰ ਵਿੱਚ ਪਾਈਟੈਕਸ ਦੀ ਸ਼ੁਰੂਆਤ ਹੋਈ ਸੀ ਤਾਂ ਇਸ ਵਿੱਚ 150 ਦੇ ਕਰੀਬ ਕਾਰੋਬਾਰੀਆਂ ਨੇ ਹਿੱਸਾ ਲਿਆ ਸੀ ਅਤੇ ਸਿਰਫ਼ 50 ਹਜ਼ਾਰ ਲੋਕ ਹੀ ਇੱਥੇ ਆਏ ਸਨ।ਪਿਛਲੇ ਸਾਲ ਲਗਭਗ 2.5 ਲੱਖ ਲੋਕ ਇੱਥੇ ਆਏ ਅਤੇ ਇਸ ਵਾਰ ਇਹ ਗਿਣਤੀ ਵਧਣ ਦੀ ਉਮੀਦ ਹੈ।

Check Also

ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …