Sunday, December 22, 2024

ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਤਹਿਤ ਬਾਪੂ ਸੂਰਤ ਸਿੰਘ ਨੇ ਭਰਿਆ ਪ੍ਰੋਫਾਰਮਾ

ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਦਾ ਸਮਰਥਨ ਕਰਦਿਆਂ ਬਾਪੂ ਸੂਰਤ ਸਿੰਘ ਵੱਲੋਂ ਵੀ ਪ੍ਰੋਫਾਰਮਾ ਭਰਿਆ ਗਿਆ। ਬਾਪੂ ਸੂਰਤ ਸਿੰਘ ਪਿਛਲੇ ਲੰਮੇ ਅਰਸੇ ਤੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਲੁਧਿਆਣਾ ਸਥਿਤ ਇਕ ਹਸਪਤਾਲ ਵਿਚ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ, ਜਿਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਲਹਿਰ ਸਿਰਜਣ ਵਾਸਤੇ ਆਰੰਭੀ ਗਈ ਦਸਤਖ਼ਤੀ ਮੁਹਿੰਮ ਦੀ ਸ਼ਲਾਘਾ ਕੀਤੀ।ਉਨ੍ਹਾਂ ਪ੍ਰੋਫਾਰਮਾ ਭਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ।ਬਾਪੂ ਸੂਰਤ ਸਿੰਘ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਪ੍ਰੋਫਾਰਮੇ ਭਰ ਕੇ ਸ਼੍ਰੋਮਣੀ ਕਮੇਟੀ ਪਾਸ ਪਹੁੰਚਾਉਣ ਲਈ ਵੀ ਕਾਰਜ ਕਰਨਗੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਪੂਰੀ ਸਿੱਖ ਕੌਮ ਦਾ ਮਾਮਲਾ ਹੈ ਅਤੇ ਇਸ ਸਬੰਧ ਵਿਚ ਸੰਘਰਸ਼ ਕਰਨ ਵਾਲੇ ਹਰ ਇਕ ਦਾ ਉਹ ਸਤਿਕਾਰ ਕਰਦੇ ਹਨ।ਬਾਪੂ ਸੂਰਤ ਸਿੰਘ ਵੱਲੋਂ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕਰੜਾ ਸੰਘਰਸ਼ ਕੀਤਾ ਗਿਆ ਹੈ, ਜੋ ਸਭ ਲਈ ਪ੍ਰੇਰਣਾ ਸਰੋਤ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …