ਅੰਮ੍ਰਿਤਸਰ, 11 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਲੋਂ ਮੰਚ ਰੰਗਮੰਚ ਦੇ ਸਹਿਯੋਗ ਨਾਲ ਆਸਟਰੇਲੀਆ ਵਾਸੀ ਸ਼ਾਇਰਾ ਰਮਾ ਸੇਖੋਂ ਦੀ ਪਲੇਠੀ ਕਾਵਿ ‘ਹਨੇਰੇ ਦੀ ਲੋਅ’ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ, ਪ੍ਰਮੁੱਖ ਸ਼ਾਇਰ ਡਾ. ਰਵਿੰਦਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਅਜਾਇਬ ਹੁੰਦਲ, ਕਹਾਣੀਕਾਰ ਦਵਿੰਦਰ ਦੀਦਾਰ ਨੇ ਸਾਂਝੇ ਰੂਪ ‘ਚ ਕੀਤੀ।ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਮੰਚ ਦਾ ਸੰਚਾਲਨ ਡਾ. ਹੀਰਾ ਸਿੰਘ ਨੇ ਕੀਤਾ।ਡਾ. ਰਵਿੰਦਰ ਨੇ ਕਿਹਾ ਕਿ ਰਮਾ ਸੇਖੋਂ ਨੇ ਸ਼ਬਦਾਂ ਦੀ ਲੋਅ ਨਾਲ ਹਨੇਰੇ ਵਿੱਚ ਚਾਨਣ ਵਿਖਾਉਣ ਦੀ ਕੋਸਿਸ਼ ਕੀਤੀ ਹੈ।ਰਮਾ ਦੀਆਂ ਕਵਿਤਾਵਾਂ ਉਸ ਦੇ ਹੁਣ ਤੱਕ ਦੇ ਜੀਵਨ ਦੇ ਤਜਰਬਿਆਂ ਦੀ ਮਾਰਮਿਕ ਪੇਸ਼ਕਾਰੀ ਹਨ।ਅਜਾਇਬ ਹੁੰਦਲ ਨੇ ਕਿਹਾ ਕਿ ਰਮਾ ਦੀ ਸ਼ਾਇਰੀ ਵਿੱਚ ਹੇਰਵਾ ਨਹੀਂ, ਉਸ ਦੀ ਭਾਸ਼ਾ ਵਿੱਚ ਅਮੀਰੀ ਤੇ ਸਾਦਗੀ ਹੈ।ਕੇਵਲ ਧਾਲੀਵਾਲ ਨੇ ਕਿਹਾ ਕਿ ਜਦੋਂ 1991 ਵਿੱਚ ਮੰਚ ਰੰਗਮੰਚ ਦੀ ਸ਼ੁਰੂਆਤ ਕੀਤੀ ਸੀ ਤਾਂ ਮੰਚ ਦੀ ਪਹਿਲੀ ਅਦਾਕਾਰਾ ਰਮਾ ਸੇਖੋਂ ਸੀ।ਉਸ ਨੇ ਸੁੰਦਰਾਂ, ਕੁਦੇਸਣ ਤੇ ਲੂਣਾਂ ਵਰਗੇ ਚਰਚਿਤ ਨਾਟਕਾਂ ਵਿੱਚ ਆਪਣੀ ਭਾਵਪੂਰਤ ਅਦਾਕਾਰੀ ਦਾ ਲੋਹਾ ਮਨਵਾਇਆ।ਉਨਾਂ ਕਿਹਾ ਕਿ ਆਸਟਰੇਲੀਆ ਵਿੱਚ ਪਹਿਲਾ ਨਾਟਕ ਗਰੁੱਪ ਵੀ ਰਮਾ ਨੇ ਬਣਾਇਆ ਹੈ।ਡਾ. ਹਰਭਜਨ ਸਿੰਘ ਭਾਟੀਆ ਨੇ ਇਸ ਵਿਚਾਰ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਰਮਾ ਦੀ ਹੌਂਦ ਦੇ ਅਰਥ ਅਦਾਕਾਰੀ ਤੇ ਸ਼ਾਇਰੀ ਵਿੱਚ ਪਏ ਹਨ।ਉਸ ਦੀ ਸ਼ਾਇਰੀ ਜਜ਼ਬਾਤ ਤੇ ਅਹਿਸਾਸ ਦੀ ਸ਼ਾਇਰੀ ਹੈ।”ਅੱਖਰ” ਮੈਗਜ਼ੀਨ ਦੇ ਸੰਪਾਦਕ ਵਿਸ਼ਾਲ ਬਿਆਸ ਨੇ ਕਿਹਾ ਨੇ ਉਸ ਨੇ ਆਪਣੀ ਜ਼ਿੰਦਗੀ ਦਾ ਸਫਰ ਅਦਾਕਾਰੀ ਤੋਂ ਕੀਤਾ ਸੀ, ਪਰ ਕਵਿਤਾ ਵੀ ਸਦਾ ਉਸ ਦੇ ਅੰਗ ਸੰਗ ਰਹੀ ਹੈ।ਡਾ. ਵਿਕਰਮਜੀਤ ਨੇ ਰਮਾ ਦੀ ਇੱਕ ਕਵਿਤਾ ਪੇਸ਼ ਕੀਤੀ, ਜਦਕਿ ਰਮਾ ਸੇਖੋਂ ਨੇ ਵੀ ਪੁਸਤਕ ਵਿੱਚੋਂ ਕੁੱਝ ਕਵਿਤਾਵਾਂ ਪੇਸ਼ ਕੀਤੀਆਂ।ਵਿਚਾਰ ਚਰਚਾ ਵਿੱਚ ਪ੍ਰਿੰ. ਜਤਿੰਦਰ ਕੌਰ ਜੰਡਿਆਲਾ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭਪਿੰਦਰ ਸਿੰਘ ਸੰਧੂ ਤੇ ਹਰਦੀਪ ਗਿੱਲ ਨੇ ਹਿੱਸਾ ਲਿਆ ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਫਿਲਮ ਅਦਾਕਾਰਾ ਅਨੀਤਾ ਦੇਵਗਨ, ਮਨਮੋਹਨ ਸਿੰਘ ਢਿੱਲੋਂ, ਹਰਮੀਤ ਆਰਟਿਸਟ, ਸੰਦੀਪ ਸਿੰਘ ਆਰਟਿਸਟ, ਮਨਦੀਪ ਸਿੰਘ ਮੰਨੂੰ ਆਰਟਿਸਟ, ਗਿਆਨੀ ਪਿਆਰਾ ਸਿੰਘ ਜਾਚਕ, ਕੁਲਦੀਪ ਸਿੰਘ ਦਰਾਜ਼ਕੇ, ਜਸਵੰਤ ਧਾਪ, ਪਵਨਦੀਪ, ਯੁਧਬੀਰ ਸਿੰਘ ਔਲਖ, ਕੰਵਲਪ੍ਰੀਤ ਕੌਰ ਥਿੰਦ, ਅਕੀਦਤ ਅਠਵਾਲ, ਸਟੀਵਨ ਸਰਕਾਰੀਆ, ਐਡਵੋਕੇਟ ਵਿਸ਼ਾਲ ਕੁਮਾਰ, ਬਖਸ਼ਿੰਦਰ ਸਿੰਘ, ਮਨਦੀਪ ਕੌਰ, ਅਦਬਪ੍ਰੀਤ, ਇਕਬਾਲ ਸਿੰਘ, ਬਰਿੰਦਰ ਸਿੰਘ, ਗੁਰਦੀਪ ਕੌਰ ਆਦਿ ਹਾਜ਼ਰ ਸਨ।