Tuesday, December 3, 2024

ਪੰਜਾਬ ਵਿੱਚ 25 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨ ਲਈ 50 ਕਰੋੜ ਦੀ ਤਜਵੀਜ਼ – ਵਿਕਰਮਜੀਤ ਸਿੰਘ ਸਾਹਨੀ

ਸੰਧਵਾਂ, ਧਾਲੀਵਾਲ, ਈ.ਟੀ.ਓ ਤੇ ਡਾ. ਨਿੱਜ਼ਰ ਨੇ ਹੁਨਰਮੰਦ ਨੌਜਵਾਨਾਂ ਨੂੰ ਸੌਂਪੇ 1000 ਨੌਕਰੀ ਪੱਤਰ

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਪੱਤਰ ਸੌਂਪਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਬਹੁਤ ਹੀ ਨੇਕ ਕੰਮ ਹੈ, ਜੋ ਵਿਕਰਮਜੀਤ ਸਿੰਘ ਕਰ ਰਹੇ ਹਨ।ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਫਿਰ ਨੌਕਰੀਆਂ ਦੇਣਾ ਸ਼ਲਾਘਾਯੋਗ ਹੈ।ਉਨ੍ਹਾਂ ਵਿਕਰਮਜੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਰੁਜ਼ਗਾਰ ਮੁਹਿੰਮ ਨੂੰ ਪੂਰੇ ਸੂਬੇ ਵਿੱਚ ਅੱਗੇ ਵਧਾਉਣ ਅਤੇ ਪੰਜਾਬ ਸਰਕਾਰ ਤੋਂ ਜੋ ਵੀ ਸਹਾਇਤਾ ਦੀ ਲੋੜ ਹੈ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਪੂਰੀ ਕਰੇਗੀ।ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ’ਤੇ ਬੋਲਦਿਆਂ ਸੰਧਵਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ ਅਤੇ ਅਪਰਾਧੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਕਿ ਪੰਜਾਬ ਦੇ ਪਵਿੱਤਰ ਸ਼ਹਿਰ ਵਿੱਚ ਵਿਕਰਮਜੀਤ ਸਿੰਘ ਵਲੋਂ ਸੂਬੇ ਦੇ 1000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਵਿਕਰਮਜੀਤ ਸਿੰਘ ਨੂੰ ਸੂਬੇ ਵਿੱਚ ਹੋਰ ਹੁਨਰ ਕੇਂਦਰ ਖੋਲ੍ਹਣ ਲਈ ਜ਼ਮੀਨ ਦੀ ਪੇਸ਼ਕਸ਼ ਵੀ ਕੀਤੀ।ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਲਈ ਸਕਿੱਲ ਜ਼ਰੂਰੀ ਹੈ, ਪਰ ਅਸਲ ਵਿੱਚ ਅਸੀਂ ਹੁਨਰ ਵਿਕਾਸ ਤੋਂ ਦੂਰ ਜਾ ਰਹੇ ਹਾਂ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੀ ਸਨ ਫਾਊਂਡੇਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 8 ਮਹੀਨਿਆਂ ਵਿੱਚ ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ 22,000 ਨੌਕਰੀਆਂ ਮੁਹੱਈਆ ਕਰਵਾਈਆਂ ਅਤੇ 10000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਹੈ।
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ 50 ਕਰੋੜ ਰੁਪਏ ਦੇ ਕਾਰਪਸ ਫੰਡ ਦੀ ਤਜਵੀਜ਼ ਹੈ, ਜਿਸ ਨੂੰ ਵਿੱਚ 25 ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ’ਤੇ ਖਰਚ ਕੀਤਾ ਜਾਵੇਗਾ।ਉਨ੍ਹਾਂ ਦਾ ਟੀਚਾ ਇਨ੍ਹਾਂ ਆਈ.ਟੀ.ਆਈ ਵਿੱਚ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੂੰ 50000 ਨੌਕਰੀਆਂ ਪ੍ਰਦਾਨ ਕਰਨ ਦਾ ਹੈ।ਸਾਰੀਆਂ ਮੌਜ਼ੂਦਾ ਆਈ.ਟੀ.ਆਈਜ਼ ਨੂੰ ਨਵੀਨਤਮ ਮਸ਼ੀਨਰੀ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਦੇ ਨਾਲ ਵਿਸ਼ਵ ਪੱਧਰੀ ਹੁਨਰ ਕੇਂਦਰ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ।ਜਿਸ ਲਈ 20 ਕਰੋੜ ਰੁਪਏ ਭਾਰਤ ਸਰਕਾਰ ਵਲੋਂ ਸਟਰਾਈਵ (ਸਕਿੱਲ ਸਟਰੈਂਥਨਿੰਗ ਫਾਰ ਇੰਡਸਟਰੀਅਲ ਵੈਲਿਊ ਐਨਹਾਂਸਮੈਂਟ) ਨਾਂ ਦੀ ਇੱਕ ਸਕੀਮ ਤਹਿਤ ਦਿੱਤੇ ਜਾਣਗੇ, ਜਦੋਂ ਕਿ 10 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਆਈ.ਟੀ.ਆਈਜ਼ ਦੇ ਨਵੀਨੀਕਰਨ ਲਈ ਦਿਤੇ ਜਾ ਚੁੱਕੇ ਹਨ ਅਤੇ ਆਈ.ਟੀ.ਆਈਜ਼ ਲਈ ਉਨ੍ਹਾਂ ਦੀ ਅਪੀਲ ’ਤੇ ਵਿੱਤ ਮੰਤਰੀ ਵਲੋਂ 10 ਕਰੋੜ ਦੀ ਕਿਸ਼ਤ ਜਾਰੀ ਕੀਤੀ ਜਾਵੇਗੀ।ਇਸੇ ਤਰ੍ਹਾਂ ਬਾਕੀ ਬਚੀ 10 ਕਰੋੜ ਦੀ ਰਾਸ਼ੀ ਉਹ ਖੁਦ ਆਪਣੇ ਐਮ.ਪੀ ਲੈਂਡ ਫੰਡ ਅਤੇ ਨਿੱਜੀ ਯੋਗਦਾਨ ਰਾਹੀਂ ਜਾਰੀ ਕਰਨਗੇ।ਉਨਾਂ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਸਥਿਤ ਆਪਣੇ ਕੇਂਦਰ ਤੋਂ ਹੁਨਰਮੰਦ ਵਿਦਿਆਰਥੀਆਂ ਨੂੰ 1000 ਤੋਂ ਵੱਧ ਨੌਕਰੀਆਂ ਦੇ ਪੱਤਰ ਸੌਂਪ ਰਹੇ ਹਾਂ।ਵਿਦਿਆਰਥੀਆਂ ਨੂੰ ਸਥਾਨਕ ਤੌਰ ’ਤੇ ਉਦਯੋਗ, ਕਾਲ ਸੈਂਟਰ, ਹੋਟਲ, ਪ੍ਰਾਹੁਣਚਾਰੀ ਅਤੇ ਹਸਪਤਾਲਾਂ ਵਰਗੇ ਵੱਖ-ਵੱਖ ਖੇਤਰਾਂ ਵਿੱਚ ਰੱਖਿਆ ਗਿਆ ਹੈ। ਉਹ ਫਿਟਰ, ਸੋਲਰ ਪੈਨਲ ਟੈਕਨੀਸ਼ੀਅਨ, ਗ੍ਰਾਫਿਕ ਡਿਜ਼ਾਈਨਰ, ਨਰਸਿੰਗ, ਫੂਡ ਐਂਡ ਬੇਵਰੇਜ, ਸੇਲਜ਼ ਐਗਜ਼ੀਕਿਊਟਿਵ, ਕਸਟਮਰ ਕੇਅਰ, ਡੇਟਾ ਐਂਟਰੀ, ਇਲੈਕਟਰੀਸ਼ੀਅਨ, ਵੈਲਡਰ, ਟੈਕਨੀਸ਼ੀਅਨ, ਫੈਸ਼ਨ ਡਿਜ਼ਾਈਨਿੰਗ ਅਤੇ ਕਾਰੀਗਰਾਂ ਵਿੱਚ ਥੋੜ੍ਹੇ ਸਮੇਂ ਦੇ ਕੋਰਸ ਚਲਾ ਰਹੇ ਹਨ।ਫੌਜ ਵਿੱਚ ਭਰਤੀ ਲਈ ਸਿਖਲਾਈ ਵੀ ਸ਼ੁਰੂ ਕੀਤੀ ਹੈ, ਤਾਂ ਜੋ ਪੰਜਾਬ ਦੇ ਨੌਜਵਾਨ ਸੁਰੱਖਿਆ ਬਲਾਂ ਵਿੱਚ ਭਰਤੀ ਹੋ ਸਕਣ।
ਇਸ ਮੌਕੇ ਡਾ. ਜਸਬੀਰ ਸਿੰਘ ਵਿਧਾਇਕ ਪੱਛਮੀ, ਜੀਵਨਜੋਤ ਕੌਰ ਵਿਧਾਇਕ ਪੂਰਬੀ, ਜਸਵਿੰਦਰ ਸਿੰਘ ਵਿਧਾਇਕ ਅਟਾਰੀ, ਹਰਪ੍ਰੀਤ ਸਿੰਘ ਸੂਦਨ ਡੀ.ਸੀ, ਜਸਪ੍ਰੀਤ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅੰਮ੍ਰਿਤਸਰ ਤੇ ਰਵਿੰਦਰ ਹੰਸ ਆਦਿ ਹਾਜ਼ਰ ਸਨ।

 

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …