Monday, January 6, 2025
Breaking News

ਕਿਸਾਨ ਅਤੇ ਉਦਯੋਗਪਤੀ ਮਿਲ ਕੇ ਕੰਮ ਕਰਨ ਤਾਂ ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ – ਧਾਲੀਵਾਲ

ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਨੇ ਕੀਤਾ ਪਾਈਟੈਕਸ ਦਾ ਦੌਰਾ

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਅਗਾਂਹਵਧੂ ਕਿਸਾਨ ਅਤੇ ਉਦਯੋਗਪਤੀ ਮਿਲ ਕੇ ਕੰਮ ਕਰਨ ਤਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਮੌਕੇ ਪੈਦਾ ਹੋ ਸਕਦੇ ਹਨ।ਧਾਲੀਵਾਲ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਕਰਵਾਏ ਜਾ ਰਹੇ 16ਵੇਂ ਪਾਈਟੈਕਸ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਿਸਾਨ ਅਤੇ ਉਦਯੋਗਪਤੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ।ਜਿਥੇ ਕਿਸਾਨ ਪੇਂਡੂ ਵਿਕਾਸ ਵਿੱਚ ਅਹਿਮ ਭੂੂਮਕਾ ਨਿਭਾਉਂਦਾ ਹੈ, ਉਥੇ ਉਦਯੋਗਪਤੀ ਸੂਬੇ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਦੇ ਹੋਏ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਦਾ ਹੈ।ਜੇਕਰ ਦੋਵੇਂ ਇੱਕ ਦੂਜੇ ਦੀਆਂ ਲੋੜਾਂ ਨੂੰ ਸਮਝ ਕੇ ਕੰਮ ਕਰਨ ਤਾਂ ਸੂਬੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਧਾਲੀਵਾਲ ਨੇ ਕਿਹਾ ਕਿ ਜੇਕਰ ਸਨਅਤਕਾਰ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕਰਨ ਤਾਂ ਕਿਸਾਨ ਆਰਥਿਕ ਤੌਰ ’ਤੇ ਮਜ਼ਬੂਤ ਹੋਣਗੇ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਜਿਥੇ ਕਿਸਾਨਾਂ ਦੀਆਂ ਮੰਗਾਂ ਨੂੰ ਥੋੜੇ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ, ਉਥੇ ਹੀ ਉਦਯੋਗਾਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਨਵੀਂ ਸਨਅਤੀ ਨੀਤੀ ਲਾਗੂ ਕੀਤੀ ਜਾ ਰਹੀ ਹੈ।ਪੇਂਡੂ ਵਿਕਾਸ ਮੰਤਰੀ ਨੇ ਪਾਈਟੈਕਸ ’ਚ ਭਾਗ ਲੈਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਕਰਨ ਅਤੇ ਰਵਾਇਤੀ ਖੇਤੀ ਨੂੰ ਛੱਡ ਕੇ ਆਧੁਨਿਕ ਖੇਤੀ ਵੱਲ ਵਧਣ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਆਰ.ਐਸ ਸਚਦੇਵਾ ਨੇ ਮੰਤਰੀ ਧਾਲੀਵਾਲ ਦਾ ਇਥੇ ਪੁੱਜਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਜਿਥੇ ਕਈ ਨਾਮੀ ਕੰਪਨੀਆਂ ਨੇ ਪਾਈਟੈਕਸ ਵਿੱਚ ਆਪਣੇ ਸਟਾਲ ਲਗਾਏ ਹਨ, ਉਥੇ ਕਈ ਅਗਾਂਹਵਧੂ ਕਿਸਾਨ ਅਤੇ ਔਰਤਾਂ ਦੇ ਸੈਲਡ ਹੈਲਪ ਗਰੁੱਪ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ।
ਇਸ ਮੌਕੇ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਕੋ-ਚੇਅਰਮੈਨ ਕਰਨ ਗਿਲਹੋਤਰਾ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

Check Also

ਅਕਾਲ ਯੂਨੀਵਰਸਿਟੀ ਵਿਖੇ `ਡਾ. ਮਨਮੋਹਨ ਸਿੰਘ ਚੇਅਰ ਇਨ ਡਿਵੈਲਪਮੈਂਟ ਇਕਨੌਮਿਕਸ` ਦੀ ਸਥਾਪਨਾ

ਸੰਗਰੂਰ, 5 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ …