ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ
ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਪੇਸ਼ ਕਰਨ ’ਤੇ ਅਗਲੇ ਫੈਸਲੇ ਤੱਕ ਮੁਕੰਮਲ ਰੋਕ ਲਗਾ ਦਿੱਤੀ ਹੈ।ਇਹ ਫੈਸਲਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਥੇ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਲਿਆ ਗਿਆ।ਇਸ ਦੇ ਨਾਲ ਹੀ ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਉਲੀਕਣ ਲਈ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਦਲਾਂ ਦੇ ਨੁਮਾਇੰਦਿਆਂ ਦੀ ਇਕ ਸਾਂਝੀ ਕਮੇਟੀ ਗਠਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿੱਖ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਫਿਲਮਾਂ ਬਣਾਉਣ ਦੇ ਰੁਝਾਨ ਕਾਰਨ ਸਿੱਖ ਸੰਗਤ ਅੰਦਰ ਭਾਰੀ ਰੋਸ ਸਾਹਮਣੇ ਆਇਆ ਹੈ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਕਿਸੇ ਵੀ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨੂੰ ਫਿਲਮਾਉਣ ’ਤੇ ਰੋਕ ਲਗਾਈ ਹੈ। ਉਨ੍ਹਾਂ ਕਿਹਾ ਕਿ ਇਸ ਸੰਜੀਦਾ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਪਾਸ ਸਮੇਂ-ਸਮੇਂ ਵੱਖ-ਵੱਖ ਧਾਰਮਿਕ ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਇਤਰਾਜ਼ ਪੁੱਜਦੇ ਰਹੇ ਹਨ, ਜਿਸ ਕਰਕੇ ਅਗਲੇ ਫੈਸਲੇ ਤੱਕ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਫਿਲਮਾਂ ’ਤੇ ਪਾਬੰਦੀ ਰਹੇਗੀ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਤੇਜਿੰਦਰਪਾਲ ਸਿੰਘ, ਅਵਤਾਰ ਸਿੰਘ ਵਣਵਾਲਾ, ਭਾਈ ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਧਰਮ ਪ੍ਰਚਾਰ ਲਹਿਰ ਦੇ ਮੁਖੀ ਭਾਈ ਰਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਮਾਝਾ ਜੋਨ ਦੇ ਮੁਖੀ ਭਾਈ ਰਾਮ ਸਿੰਘ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਮੀਤ ਸਕੱਤਰ ਨਿਰਵੈਲ ਸਿੰਘ, ਇੰਚਾਰਜ ਸ਼ਾਹਬਾਜ਼ ਸਿੰਘ, ਵਰਿੰਦਰ ਸਿੰਘ ਠਰੂ, ਕਰਤਾਰ ਸਿੰਘ, ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ, ਪ੍ਰਿੰਸੀਪਲ ਬੀਬੀ ਮਨਜੀਤ ਕੌਰ, ਸੁਪਰਵਾਈਜ਼ਰ ਹਰਜਿੰਦਰ ਸਿੰਘ, ਬਿਕਰਮਜੀਤ ਸਿੰਘ ਝੰਗੀ ਆਦਿ ਹਾਜ਼ਰ ਸਨ।