Friday, December 13, 2024

ਜੰਡਿਆਲਾ ਗੁਰੂ ਦੇ ਠਠਿਆਰਾਂ ਬਾਜ਼ਾਰ ਨੂੰ ਵਿਰਾਸਤ ਵਜੋਂ ਉਭਾਰਨ ਲਈ ਈ.ਟੀ.ਓ ਵਲੋਂ 12.25 ਕਰੋੜ ਦੇ ਕੰਮਾਂ ਦੀ ਸ਼ੁਰੂਆਤ

ਕਿਹਾ, ਪੰਜਾਬ ਦੀ ਪੁਰਾਤਨ ਅਤੇ ਰਵਾਇਤੀ ਕਲਾ ਨੂੰ ਸੁਰਜੀਤ ਕਰਨ ਲਈ ਚੁੱਕਿਆ ਕਦਮ

ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) – ਜੰਡਿਆਲਾ ਗੁਰੂ ਵਿੱਚ ਪਿੱਤਲ ਦੇ ਭਾਂਡੇ ਬਣਾਉਂਦੇ ਠਠਿਆਰਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਇਸ ਨੂੰ ਅੰਮ੍ਰਿਤਸਰ ਦੀ ਸੈਰ ਸਪਾਟਾ ਸਨਅਤ ਵਿੱਚ ਹੋਰ ਵਾਧਾ ਕਰਨ ਦੀ ਭਾਵਨਾ ਤਹਿਤ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਵਿਖੇ ਇਤਿਹਾਸਿਕ ਅਤੇ ਸਭ ਤੋਂ ਪੁਰਾਤਨ ਠਠਿਆਰ ਮੰਡੀ ਨੂੰ ਵਿਰਾਸਤੀ ਬਾਜ਼ਾਰ ਵਜੋਂ ਉਭਾਰਨ ਲਈ ਅੱਜ ਕਰੀਬ ਸਵਾ 12 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਹੈ। ਉਨਾਂ ਦੱਸਿਆ ਕਿ ਠਠਿਆਰਾਂ ਬਾਜ਼ਾਰ ਨੂੰ ਵਿਰਾਸਤੀ ਗਲੀ ਵਜੋਂ ਵਿਕਸਤ ਕਰਨ ਲਈ 7.15 ਕਰੋੜ ਰੁਪਏ ਅਤੇ ਇਥੇ ਵਿਰਾਸਤੀ ਗੇਟ ਬਣਾਉਣ ਲਈ ਲਗਭਗ 5.10 ਕਰੋੜ ਰੁਪਏ ਖਰਚ ਕੀਤੇ ਜਾਣਗੇ।ਉਨਾਂ ਦੱਸਿਆ ਕਿ ਉਕਤ ਦੋਹਾਂ ਕੰਮਾਂ ਲਈ ਤਿੰਨ ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।ਉਨਾਂ ਕਿਹਾ ਕਿ ਸਾਡੇ ਇਸ ਰਵਾਇਤੀ ਕੰਮ ਅਤੇ ਕਲਾ ਨੂੰ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਸੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣੂ ਕਰਵਾਇਆ ਜਾ ਸਕੇ।ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੀ ਦਿਖ ਨੂੰ ਸੰਵਾਰਨ ਲਈ ਪੰਜ ਗੇਟਾਂ ਦੀ ਉਸਾਰੀ ਇਸ ਪ੍ਰੋਜੈਕਟ ਅਧੀਨ ਕੀਤੀ ਜਾਣੀ ਹੈ।
ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜੰਡਿਆਲਾ ਗੁਰੂ ਦੀ ਪਛਾਣ ਇਥੇ ਬਣਨ ਵਾਲੇ ਪਿੱਤਲ ਦੇ ਭਾਂਡਿਆਂ ਕਾਰਨ ਦੇਸ਼ ਭਰ ਵਿਚ ਸੀ, ਪਰ ਸਮੇਂ ਦੇ ਨਾਲ ਨਾਲ ਇਸ ਕੰਮ ਦਾ ਮਸ਼ੀਨੀਕਰਨ ਹੋ ਗਿਆ ਅਤੇ ਇਹ ਕਾਰੋਬਾਰ ਪੱਛੜ ਗਿਆ।ਉਨਾਂ ਦੱਸਿਆ ਕਿ ਹੁਣ ਸਾਡੀ ਕੋਸ਼ਿਸ਼ ਹੈ ਕਿ ਇਸ ਕਲਾ ਨੂੰ ਨਾ ਕੇਵਲ ਸਾਂਭਿਆ ਜਾਵੇ ਬਲਕਿ ਅੰਮ੍ਰਿਤਸਰ ਦੇ ਸੈਰ ਸਪਾਟਾ ਸਰਕਟ ਨਾਲ ਜੋੜ ਕੇ ਇਸ ਕਲਾ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਸ ਨਾਲ ਇਥੇ ਮੁੜ ਰੌਣਕ ਲੱਗੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਲੱਖਾਂ ਸੈਲਾਨੀ ਦੇਸ਼ ਵਿਦੇਸ਼ ਤੋਂ ਰੋਜ ਆਉਂਦੇ ਹਨ ਅਤੇ ਸਾਰੇ ਜੰਡਿਆਲਾ ਗੁਰੂ ਦੇ ਅੱਗੋਂ ਲੰਘਦੇ ਹਨ।ਅਸੀਂ ਇਸ ਨੂੰ ਵਿਰਾਸਤੀ ਕੰਮ ਅਤੇ ਕਲਾ ਵਜੋਂ ਸਾਂਭ ਕੇ ਇਸ ਇਲਾਕੇ ਨੂੰ ਵਿਕਸਤ ਕਰਦੇ ਹਾਂ ਤਾਂ ਲੋਕ ਜ਼ਰੂਰ ਸਾਡੇ ਜੰਡਿਆਲਾ ਗੁਰੂ ਤੋਂ ਖਰੀਦਦਾਰੀ ਕਰਨ ਲਈ ਆਉਣਗੇ।ਉਨਾਂ ਆਸ ਪ੍ਰਗਟਾਈ ਕਿ ਛੇਤੀ ਹੀ ਇਸ ਕੰਮ ਦੇ ਚੰਗੇ ਨਤੀਜੇ ਆਉਣਗੇ।
ਇਸ ਮੌਕੇ ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ।
Daily Online News Portal www.punjabpost.in

Check Also

ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …