Saturday, December 21, 2024

ਯੂਨੀਵਰਸਿਟੀ ਤੋਂ ਡਾ. ਮਨਜਿੰਦਰ ਸਿੰਘ ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਨਾਮਜ਼ਦ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੂੰ ਭਾਰਤ ਦੀ ਰਾਸ਼ਟਰੀ ਪੱਧਰ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਅਕਾਦਮੀ ਦਿੱਲੀ ਦੀ ਜਰਨਲ ਕੌਂਸਲ ਦੇ ਮੈਂਬਰ ਵਜੋਂ ਨਾਮਜ਼ਦ ਕਰ ਲਿਆ ਗਿਆ ਹੈ।
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਖੁਦਮਖ਼ਤਿਆਰ ਸੰਸਥਾ ਸਾਹਿਤ ਅਕਾਦਮੀ ਦਿੱਲੀ ਵਲੋਂ ਜਰਨਲ ਕੌਂਸਲ ਦਾ ਗਠਨ ਪੰਜ ਸਾਲਾਂ ਲਈ ਕੀਤਾ ਜਾਂਦਾ ਹੈ ਜਿਸ ਵਿਚ ਪੰਜਾਬੀ ਨਾਲ ਸਬੰਧਤ ਤਿੰਨ ਨੁਮਾਇੰਦੇ ਸ਼ਾਮਿਲ ਹੁੰਦੇ ਹਨ।ਇਹ ਨੁਮਾਇੰਦੇ ਤਿੰਨ ਖੇਤਰਾਂ ਤੋਂ ਭੇਜੇ ਜਾਂਦੇ ਹਨ।ਯੂਨੀਵਰਸਿਟੀਆਂ ਵਲੋਂ ਪ੍ਰਸਤਾਵਿਤ ਨੁਮਾਇੰਦਿਆਂ ਵਿਚੋਂ ਡਾ. ਮਨਜਿੰਦਰ ਸਿੰਘ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ।ਪੰਜਾਬ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਲੋਂ ਪ੍ਰਸਤਾਵਿਤ ਨੁਮਾਇੰਦਿਆਂ ਵਿਚੋਂ ਸਾਹਿਤਕਾਰ ਬੂਟਾ ਸਿੰਘ ਚੌਹਾਨ ਨੂੰ ਮੈਂਬਰ ਵਜੋਂ ਚੁਣਿਆ ਗਿਆ ਹੈ।ਸੰਸਥਾਵਾਂ ਵਲੋਂ ਪ੍ਰਸਤਾਵਿਤ ਨੁਮਾਇੰਦਿਆਂ ਵਿਚੋਂ ਡਾ. ਰਵੇਲ ਸਿੰਘ ਦੀ ਚੋਣ ਮੈਂਬਰ ਵਜੋਂ ਕੀਤੀ ਗਈ ਹੈ।ਹੁਣ ਇਹ ਮੈਂਬਰ ਅਗਲੇ ਪੰਜ ਸਾਲ 1 ਜਨਵਰੀ 2023 ਤੋਂ 31 ਦਸੰਬਰ 2027 ਤੱਕ ਲਈ ਭਾਰਤੀ ਸਾਹਿਤ ਅਕਾਦਮੀ ਵਿੱਚ ਪੰਜਾਬੀ ਸਾਹਿਤ ਦੀ ਨੁਮਇੰਦਗੀ ਕਰਨ ਲਈ ਅਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਫੈਸਲਾ ਕਰਨ ਲਈ ਮੁੱਖ ਰੂਪ ਵਿਚ ਭੂਮਿਕਾ ਨਿਭਾਉਣਗੇ।
ਇਹ ਤਿੰਨੇ ਮੈਂਬਰ ਅੱਗੇ ਸੱਤ ਹੋਰ ਮੈਂਬਰ ਜੋੜ ਕੇ 10 ਮੈਂਬਰਾਂ ਦੇ ਇਕ ਸਲਾਹਕਾਰ ਬੋਰਡ ਦਾ ਗਠਨ ਵੀ ਕਰਨਗੇ।ਇਹ ਬੋਰਡ ਪੰਜਾਬੀ ਸਾਹਿਤ ਨਾਲ ਸਬੰਧਤ ਸਮਾਗਮਾਂ ਅਤੇ ਅਗਲੇ ਪੁਰਸਕਾਰਾਂ ਲਈ ਪੁਸਤਕਾਂ ਸਬੰਧੀ ਸਰਵੇ ਵਿਚ ਆਪਣਾ ਯੋਗਦਾਨ ਪਾਵੇਗਾ।ਇਸ ਤੋਂ ਪਿਛਲੀ ਜਰਨਲ ਕੌਂਸਲ ਦੀ ਤਿੰਨ ਮੈਂਬਰੀ ਟੀਮ (ਪੰਜਾਬੀ) ਵਿੱਚ ਡਾ. ਵਨੀਤਾ, ਡਾ. ਮਨਮੋਹਨ ਅਤੇ ਡਾ. ਦੀਪਕ ਮਨਮੋਹਨ ਸਿੰਘ ਸ਼ਾਮਲ ਸਨ।
ਸਾਹਿਤ ਅਕਾਦੇਮੀ ਦਿੱਲੀ ਦੀ ਜਰਨਲ ਕੌਂਸਲ ਦੇ ਨਵ-ਨਿਯੁੱਕਤ ਮੈਂਬਰ ਡਾ. ਮਨਜਿੰਦਰ ਸਿੰਘ ਨੇ ਉਹਨਾਂ ਦਾ ਨਾਮ ਪ੍ਰਸਤਾਵਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਟੀਮ ਸਾਹਿਤ ਅਕਾਦੇਮੀ ਦੀਆਂ ਅਮੀਰ ਪਰੰਪਰਾਵਾਂ ਅਤੇ ਉਚੇ ਮਿਆਰਾਂ ਅਨੁਸਾਰ ਪੂਰਨ ਨਿਰਪੱਖਤਾ ਨਾਲ ਕਾਰਜਸ਼ੀਲ ਰਹੇਗੀ।ਉਹਨਾਂ ਇਹ ਵੀ ਕਿਹਾ ਕਿ ਨਵੀਂ ਟੀਮ ਭਾਰਤੀ ਸਾਹਿਤ ਅਕਾਦਮੀ ਵਿੱਚ ਪੰਜਾਬੀ ਸਾਹਿਤ ਦੇ ਮਿਆਰ ਨੂੰ ਬਣਾਈ ਰੱਖਣ ਅਤੇ ਅਗਲੇ ਪੰਜ ਸਾਲਾਂ ਦੇ ਪੁਰਸਕਾਰ-ਇਤਿਹਾਸ ਨੂੰ ਮਾਣਮੱੱਤਾ ਬਣਾਉਣ ਹਿੱਤ ਪੂਰੀ ਤਨਦੇਹੀ ਨਾਲ ਕਾਰਜ਼ ਕਰੇਗੀ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …