ਕਣਕ ਦੀ ਫਸਲ ਨੂੰ ਪਾਣੀ ਦੇਣ ਲਈ ਦਿਨ ਵੇਲੇ ਦਿੱਤੀ ਜਾਵੇ ਬਿਜਲੀ – ਬਿੱਕਰ ਸਿੰਘ ਮਾਨ
ਸਮਰਾਲਾ, 6 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨੀ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਨੇ ਦੱਸਿਆ ਕਿ ਖੇਤੀ ਸੇਵਾ ਸੈਂਟਰ ਵਿਖੇ ਖੇਤੀਬਾੜੀ ਡਾਇਰੈਕਟਰ ਗੁਰਪ੍ਰੀਤ ਸਿੰਘ ਮੱਕੜ ਦੁਆਰਾ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਕਾਰਨ ਉਸ ਦੀ ਬਦਲੀ ਸੰਬੰਧੀ ਜੋ ਮੈਮਰੰਡਮ ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਗਿਆ ਸੀ, ਉਸ ਮੈਮੋਰੰਡਮ ਤੇ ਐਸ.ਡੀ.ਐਮ ਸਮਰਾਲਾ ਨੇ ਕਾਰਵਾਈ ਕਰਕੇ ਖੇਤੀਬਾੜੀ ਡਾਇਰੈਕਟਰ ਦੀ ਬਦਲੀ ਕਰ ਦਿੱਤੀ ਗਈ ਹੈ।ਸਮੁੱਚੀ ਯੂਨੀਅਨ ਇਸ ਸਬੰਧੀ ਐਸ.ਡੀ.ਐਮ ਸਮਰਾਲਾ ਦਾ ਧੰਨਵਾਦ ਕਰਦੀ ਹੈ।ਬਲਾਕ ਪ੍ਰਧਾਨ ਬਿੱਕਰ ਸਿੰਘ ਮਾਨ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਖਤ ਸਰਦੀ ਕਾਰਨ ਸਰਕਾਰ ਨੇ ਸਰਕਾਰੀ ਦਫ਼ਤਰਾਂ, ਸਕੂਲਾਂ, ਤਹਿਸੀਲਾਂ, ਬੈਂਕਾਂ ਆਦਿ ਦਾ ਟਾਇਮ ਬਦਲ ਕੇ 11 ਵਜੇ ਦਾ ਕਰ ਦਿੱਤਾ ਗਿਆ ਹੈ, ਪ੍ਰੰਤੂ ਸਰਕਾਰ ਕੋਈ ਵੀ ਹੋਵੇ ਹਰੇਕ ਸਰਕਾਰ ਕਿਸਾਨਾਂ ਨਾਲ ਹਮੇਸ਼ਾਂ ਵਿਤਕਰਾ ਕਰਦੀ ਹੈ, ਅਜਿਹੀ ਸਖਤ ਸਰਦੀ ਵਿੱਚ ਕਣਕ ਦੀ ਫਸਲ ਨੂੰ ਪਾਣੀ ਲਗਾਇਆ ਜਾਂਦਾ ਹੈ, ਜਿਸ ਲਈ ਮੋਟਰਾਂ ਦੀ ਲਾਈਟ ਰਾਤ ਨੂੰ ਹੀ ਛੱਡੀ ਜਾਂਦੀ ਹੈ।ਇਸ ਤਰ੍ਹਾਂ ਦੀ ਬੇਇਨਸਾਫੀ ਕਿਸਾਨਾਂ ਨਾਲ ਕਿਉਂ ਕੀਤੀ ਜਾਂਦੀ ਹੈ।ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਮੋਟਰਾਂ ਦੀ ਲਾਈਟ ਦਿਨ ਵੇਲੇ ਦਿੱਤੀ ਜਾਵੇ, ਤਾਂ ਜੋ ਕਿਸਾਨ ਆਪਣੀਆਂ ਫਸਲਾਂ ਨੂੰ ਪਾਣੀ ਸਹੀ ਤਰੀਕੇ ਨਾਲ ਦੇ ਸਕਣ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੰਗਤਪੁਰਾ, ਗੁਰਮੇਲ ਸਿੰਘ ਮੰਜ਼ਾਲੀ ਖੁਰਦ, ਜੀਵਨ ਸਿੰਘ ਮੱਲ ਮਾਜ਼ਰਾ, ਨਿਰਮਲ ਸਿੰਘ ਘੁੰਗਰਾਲੀ ਸਿੱਖਾਂ, ਜਸਵੀਰ ਸਿੰਘ ਸੇਖੋਂ ਪਵਾਤ, ਸੁਖਦੇਵ ਸਿੰਘ ਕਟਾਣਾ ਸਾਹਿਬ, ਜੀਤ ਸਿੰਘ ਟੋਡਰਪੁਰ, ਅਮਰਜੀਤ ਸਿੰਘ ਟੋਡਰਪੁਰ, ਭੂਰਾ ਮੁਸ਼ਕਾਬਾਦ, ਦਰਸ਼ਨ ਸਿੰਘ ਮੁਸ਼ਕਾਬਾਦ, ਅਮਰੀਕ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਖੀਰਨੀਆਂ, ਮਾ. ਰਾਜਿੰਦਰ ਸਿੰਘ ਮੱਲ ਮਾਜ਼ਰਾ ਅਤੇ ਗਾਗੂ ਟੋਡਰਪੁਰ ਆਦਿ ਸ਼ਾਮਲ ਸਨ। (www.punjabpost.in)