ਅੰਮ੍ਰਿਤਸਰ, 19 ਮਾਰਚ (ਪੰਜਾਬ ਪੋਸਟ ਬਿਊਰੋ)- ”ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ ਯੋਧਿਆਂ ਦੇ ਨਾਮ ਚੋਣਾਂ ਵਿੱਚ ਨਾ ਵਰਤੇ ਜਾਣ, ਕਿਉਂਕਿ ਰਾਜਸੀ ਪਾਰਟੀਆਂ ਸ਼ਹੀਦਾਂ ਦੇ ਨਹੀਂ ਸਗੋਂ ਆਪਣੇ ਸੁਪਨੇ ਪੂਰੇ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ ਅਤੇ ਇਸ ਵਿੱਚ ਆਮ ਲੋਕਾਂ ਦੇ ਦੁੱਖ ਦਰਦ ਦੂਜੈਲੀ ਥਾਂ ਤੇ ਚਲੇ ਗਏ ਹਨ”। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਜਲ੍ਹਿਆਂ ਵਾਲਾ ਬਾਗ਼ ਵਿੱਚ ਵਿਸ਼ੇਸ਼ ਤੌਰ ਤੇ ਆਏ ਮਹਾਨ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਨਾਨਕੇ ਪਰਿਵਾਰ ਦੇ ਵਾਰਸ ਮੈਂਬਰ ਸ੍ਰੀ ਗਨੇਸ਼ ਸ਼ੰਕਰ ਮਿਸ਼ਰਾ ਨੇ ਕਹੇ।
ਸ੍ਰੀ ਮਿਸ਼ਰਾ ਜੋ ਆਪਣੇ ਸਾਥੀ ਲੇਖਕ ਖੋਜੀ ਪੱਤਰਕਾਰ ਤੇ ਪੰਡਤ ਰਾਮ ਪ੍ਰਸ਼ਾਦਿ ਬਿਸਮਿਲ ਯਾਦਾਗਰੀ ਕਮੇਟੀ ਆਗੂ ਸ੍ਰੀ ਗੋਪਾਲ ਜੈਨ, ਡਾ. ਆਰ.ਵੀ. ਸਿੰਘ ਅਤੇ ਭੂਪਾਲ ਦੇ ਫੋਟੋ ਪੱਤਰਕਾਰ ਸ੍ਰੀ ਵਿਨੋਦ ਸੂਰਿਆਵੰਸ਼ੀ ਨਾਲ ਪੰਜਾਬ ਦੇ ਇਤਿਹਾਸਕ ਸਥਾਨਾਂ ਤੋਂ ਸ਼ਹੀਦਾਂ ਦੇ ਖੂਨ ਨਾਲ ਲਾਲ ਹੋਈ ਪਵਿੱਤਰ ਮਿੱਟੀ ਇਕੱਠੀ ਕਰਨ ਲਈ ਆਏ ਸਨ, ਇਸ ਸਾਂਝੀ ਮਿੱਟੀ ਦੇ ਕਲਸ ਨੂੰ ੨੩ ਮਾਰਚ ਨੂੰ ਭੂਪਾਲ ਦੇ ਸ਼ਹੀਦੀ ਦਰਵਾਜੇ ਤੇ ਰੱਖਿਆ ਜਾਵੇਗਾ। ਜਿੱਥੇ ਇੱਕ ਸਾਂਝੀ ਸਮਾਰਕ ਵੀ ਉਸਾਰੀ ਜਾਣੀ ਹੈ। ਸ੍ਰੀ ਮਿਸ਼ਰਾ, ਸ੍ਰੀ ਜੈਨ ਤੇ ਡਾ. ਆਰ.ਵੀ. ਸਿੰਘ ਨੇ ਕਿਹਾ ਕਿ ਉਹ ਦੇਸ਼ ਵਿੱਚ ਰਾਸ਼ਟਰੀ ਭਾਵਨਾ ਨੂੰ ਜਾਗਰੂਕ ਤੇ ਮਜ਼ਬੂਤ ਕਰਨ ਲਈ, ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਆਏ ਹਨ। ਇਸ ਤੋਂ ਪਹਿਲਾਂ ਅਸੀਂ ਹੁਸੈਨੀਵਾਲਾ, ਮਲੇਰਕੋਟਲਾ, ਖਟਕੜ ਕਲਾਂ, ਭੈਣੀ ਸਾਹਿਬ, ਦਿੱਲੀ ਦੇ ਰਾਜਘਾਟ ਤੇ ਸ਼ਹੀਦੀ ਦਰਵਾਜ਼ੇ, ਭੂਪਾਲ, ਕਾਨਪੁਰ ਆਦਿ ਥਾਵਾਂ ਤੋਂ ਮਿੱਟੀ ਇਕੱਠੀ ਕਰਕੇ ਲੈ ਕੇ ਭੂਪਾਲ ਜਾ ਰਹੇ ਹਨ, ਜਿੱਥੇ 23 ਮਾਰਚ ਨੂੰ ਦੇਸ਼ ਭਰ ਦੇ ਨਾਮਵਾਰ ਸ਼ਹੀਦਾਂ ਦੇ 11 ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਜਲ੍ਹਿਆਂਵਾਲਾ ਬਾਗ਼ ਵਿਖੇ ਉਕਤ ਸਖਸ਼ੀਅਤਾਂ ਦਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਸਵਾਗਤ ਕੀਤਾ ਅਤੇ ਜਲ੍ਹਿਆਂਵਾਲਾ ਬਾਗ, ਨਾਮਧਾਰੀ ਸਮਾਰਕ ਅਤੇ ਅਜਨਾਲਾ ਦੇ ਕਾਲਿਆਂ ਵਾਲੇ ਖੂਹ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀ ਪੁਸਤਕ ‘ਅਜਨਾਲਾ ਦੇ ਕਾਲਿਆਂ ਵਾਲਾ ਖੂਹ ਦੀ ਲਹੂ ਭਿੱਜੀ ਦਾਸਤਾਨ’ ਵੀ ਭੇਂਟ ਕੀਤੀ। ਇਸ ਮੌਕੇ ਦੀਪ ਦਵਿੰਦਰ ਸਿੰਘ ਕਹਾਣੀਕਾਰ, ਡਾ. ਸੁਖਦੇਵ ਸਿੰਘ ਸੇਖੋਂ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਹਰਜੀਤ ਰਾਜਾਸਾਂਸੀ, ਨਰੇਸ਼ ਕੁਮਾਰ ਸਹਿਣੇਵਾਲੀ ਅਤੇ ਦਿਲਬਾਗ ਸਿੰਘ ਖਤਰਾਏਕਲਾਂ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …