Monday, February 26, 2024

ਪੰਜਾਬੀ ਸਿਨੇਮਾ ਦ੍ਰਿਸ਼ਟੀਹੀਣ ਹੋ ਚੁੱਕਾ ਹੈ- ਇਮੈਨੂਅਲ ਸਿੰਘ

‘ਅਲਟਰਨੇਟਿਵ ਨੈਰੇਟਿਵਜ਼’ ਤੇ ‘ਕਾਰਨੀਵਲ ਆਫ ਡਿਫਰੈਂਸ’ ਪੁਸਤਕਾਂ ਕੀਤੀਆਂ ਰਲੀਜ਼

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖੋਜ ਸੰਸਥਾ ਨਾਦ ਪ੍ਰਗਾਸ ਵੱਲੋਂ ਖਾਲਸਾ ਕਾਲਜ ਫਾਰ ਵੁਮੈਨ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਜਾ ਰਹੇ 8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਦੂਸਰੇ ਦਿਨ ਪ੍ਰਭਾਵਸ਼ਾਲੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪੰਜਾਬੀ ਸਮਾਜ ਨੂੰ ਦਰਪੇਸ਼ ਸੱਭਿਆਚਾਰਕ ਚੁਣੌਤੀਆਂ ਚਰਚਾ ਦਾ ਕੇਂਦਰ ਰਹੀਆਂ।
ਬਸੰਤ ਰੁੱਤ ਦੌਰਾਨ ਕਰਵਾਏ ਜਾਣ ਵਾਲੇ ਇਸ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਦੇ ਪਹਿਲੇ ਸਮਾਗਮ ‘ਸਾਹਿਤ ਦੇ ਨਵ-ਰੁਝਾਨ’ ਦੀ ਪ੍ਰਧਾਨਗੀ ਕਰਦਿਆਂ ਡਾ. ਦੀਪਿੰਦਰਜੀਤ ਕੌਰ ਰੰਧਾਵਾ ਨੇ ਅਧਿਐਨ ਦੀ ਦ੍ਰਿਸ਼ਟੀ ਤੋਂ ਆਲੋਚਨਾ ਸਿਧਾਂਤ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਹਮੇਸ਼ਾਂ ਪਰਿਵਰਤਨਸ਼ੀਲ ਰਿਹਾ ਹੈ, ਪਰ ਮੌਜ਼ੂਦਾ ਸਮੇਂ ਪਾਠਕ ਅਤੇ ਪਾਠ ਦਾ ਰਿਸ਼ਤਾ ਟੁੱਟ ਗਿਆ ਹੈ।ਸਮਾਗਮ ਦੌਰਾਨ ਪੇਪਰ ਪੇਸ਼ ਕਰਦਿਆਂ ਖੋਜਾਰਥੀ ਹਰਕਮਲਪ੍ਰੀਤ ਸਿੰਘ ਨੇ ਪੰਜਾਬੀ ਕਵਿਤਾ ਅਤੇ ਖੋਜਾਰਥੀ ਕੁਲਵਿੰਦਰ ਸਿੰਘ ਨੇ ਅੰਗਰੇਜ਼ੀ ਸਾਹਿਤ ਵਿਚ ਪੈਦਾ ਹੋ ਰਹੇ ਨਵ-ਰੁਝਾਨਾਂ ਬਾਰੇ ਚਰਚਾ ਕੀਤੀ।ਮੰਚ ਸੰਚਾਲਨ ਇਮਰਤਪਾਲ ਸਿੰਘ ਨੇ ਕੀਤਾ।ਇਸ ਦੌਰਾਨ ‘ਅਲਟਰਨੇਟਿਵ ਨੈਰੇਟਿਵਜ਼’ ਅਤੇ ‘ਕਾਰਨੀਵਲ ਆਵ ਡਿਫਰੈਂਸ’ ਰਲੀਜ਼ ਕੀਤੀਆਂ ਗਈਆਂ।
ਇਸ ਦਿਨ ਦਾ ਦੂਜਾ ਸਮਾਗਮ ‘ਪੰਜਾਬੀ ਸਿਨੇਮਾ : ਸਮਕਾਲੀ ਦ੍ਰਿਸ਼ ਅਤੇ ਦਿਸ਼ਾ’ ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ ਸੀ।ਜਿਸ ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋ. ਇਮੈਨੂਅਲ ਸਿੰਘ ਨੇ ਪੰਜਾਬੀ ਸਿਨੇਮਾ ਦੀ ਵਿਹਾਰਕਤਾ ਉਪਰ ਕੇਂਦ੍ਰਿਤ ਹੁੰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਆਪਣੀ ਮੌਲਿਕ ਦ੍ਰਿਸ਼ਟੀ ਸਿਰਜਨ ਦੀ ਬਜ਼ਾਏ ਵਪਾਰਕ ਰੁਝਾਨਾਂ ਵੱਲ ਵਧੇਰੇ ਰੁਚਿਤ ਰਿਹਾ ਹੈ ਅਤੇ ਬਾਲੀਵੁੱਡ ਨੇ ਵੀ ਪੰਜਾਬ ਨੂੰ ਸਿਰਫ ਦ੍ਰਿਸ਼ ਤੱਕ ਸੀਮਿਤ ਕਰ ਦਿੱਤਾ ਹੈ।ਪੰਜਾਬੀ ਸਮਾਜ ਦੀ ਸਾਰੀ ਵਿਭਿੰਨਤਾ ਪੰਜਾਬੀ ਸਿਨੇਮਾ ਰਾਹੀਂ ਪੇਸ਼ ਨਹੀਂ ਹੋ ਰਹੀ ਬਲਕਿ ਖੇਤੀ ਨਾਲ ਜੁੜੇ ਪ੍ਰਧਾਨ ਸਮਾਜਕ ਵਰਗ ਹੀ ਪੇਸ਼ ਹੁੰਦੇ ਹਨ।
ਇਸ ਸੈਮੀਨਾਰ ਦੇ ਦੂਜੇ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦਲਜੀਤ ਅਮੀ ਨੇ ਕਿਹਾ ਕਿ ਪੰਜਾਬ ਦਾ ਮਾਨਵ ਵਿਗਿਆਨੀ ਹੀ ਜਗੀਰਦਾਰੀ ਕਦਰਾਂ-ਕੀਮਤਾਂ ਦਾ ਧਾਰਨੀ ਬਣ ਚੁੱਕਾ ਹੈ।ਜਿਸ ਕਰਕੇ ਪੰਜਾਬੀ ਸਿਨੇਮਾ ਦਾ ਨਾਇਕ ਵੀ ਸਾਮੰਤੀ ਕਿਰਦਾਰ ਰਾਹੀਂ ਪੇਸ਼ ਹੋ ਰਿਹਾ ਹੈ।ਪੰਜਾਬੀ ਸਿਨੇਮਾ ਆਪਣੇ ਅੰਦਰ ਵਿਭਿੰਨਤਾਵਾਂ ਪੈਦਾ ਕਰਨ ਵਿਚ ਅਸਫਲ ਰਿਹਾ ਹੈ।ਪ੍ਰਧਾਨਗੀ ਸ਼ਬਦ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋ: ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀ ਸਿਨੇਮਾ ਨੂੰ ਸਵੈ ਦਾ ਗੁਣ-ਗਾਣ ਕਰਨ ਦੀ ਬਜ਼ਾਏ ਹੋਰਨਾਂ ਨੂੰ ਦੇਖਣ ਦੀ ਆਦਤ ਵੀ ਆਉਣੀ ਚਾਹੀਦੀ ਹੈ।ਇਸ ਸੈਮੀਨਾਰ ਦਾ ਮੰਚ ਸੰਚਾਲਨ ਡਾ. ਅੰਕਿਤਾ ਸੇਠੀ ਦੁਆਰਾ ਕੀਤਾ ਗਿਆ।
ਦੂਜੇ ਦਿਨ ਦਾ ਆਖਰੀ ਸਮਾਗਮ ‘ਸਿਧਾਂਤ: ਅਧਿਐਨ ਤੇ ਅਧਿਆਪਨ’ ਵਿਸ਼ੇ ਉਪਰ ਕਰਵਾਇਆ ਗਿਆ ਵਿਦਿਆਰਥੀ ਸੰਵਾਦ ਸੀ, ਜੋ ਸਾਹਿਤ ਉਤਸਵ ਦਾ ਸਭ ਤੋਂ ਪ੍ਰਭਾਵਸ਼ਾਲੀ ਸਮਾਗਮ ਹੋ ਨਿਬੜਿਆ।ਜਿਸ ਵਿੱਚ ਵੱਖ-ਵੱਖ ਅਨੁਸ਼ਾਸ਼ਨਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਵਰੁਣ ਵਿਗਮਲ, ਲਖਵੀਰ ਸਿੰਘ ਜਾਮੀਆ ਮਿਲੀਆ ਇਸਲਾਮੀਆ ਤੋਂ ਹੀਰਾ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੈਪ੍ਰੀਤ ਕੌਰ ਨੇ ਭਾਗ ਲਿਆ।ਸਿਧਾਂਤ ਦੀ ਪੜ੍ਹਤ ਦੇ ਖੋਜ ਵਿਚ ਮਹੱਤਵ ਨੂੰ ਪ੍ਰਮੁੱਖ ਰੂਪ ਨਾਲ ਉਭਾਰਿਆ ਗਿਆ।ਇਸ ਸੰਵਾਦ ਦੇ ਪਹਿਲੇ ਸਮੀਖਿਅਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਮੌਲਿਕ ਮੁਹਾਵਰੇ ਵਿੱਚ ਸੰਕਲਪੀਕਰਨ ਦੀ ਪ੍ਰਕਿਰਿਆ ਸਿੱਖਣੀ ਪਵੇਗੀ।ਦੂਜੇ ਸਮੀਖਿਅਕ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਤੋਂ ਡਾ. ਸਰਬਜੀਤ ਨੇ ਖੋਜਾਰਥੀਆਂ ਨੂੰ ਅਕਾਦਮਿਕ ਖੋਜ ਦੌਰਾਨ ਸਿਧਾਂਤੀਕਰਨ ਦਾ ਮਹੱਤਵ ਸਮਝਣ ਲਈ ਪ੍ਰੇਰਿਆ।
8ਵੇਂ ਅੰਮ੍ਰਿਤਸਰ ਸਾਹਿਤ ੳਤਸਵ ਦੇ ਦੂਜੇ ਦਿਨ ਰਾਜ ਦੀਆ ਯੂਨਵਿਰਸਿਟੀਆਂ, ਕਾਲਜਾਂ ਅਤੇ ਵਿਦਿਅਕ ਅਦਾਰਿਆਂ ਦੇ ਖੋਜਾਰਥੀਆਂ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਗੁਰਬਖ਼ਸ਼ ਸਿੰਘ, ਡਾ. ਜਸਵਿੰਦਰ ਕੌਰ ਮਾਹਲ, ਡਾ. ਹਰਪਾਲ ਸਿੰਘ, ਡਾ. ਰੇਸ਼ਮ ਸਿੰਘ, ਡਾ. ਜਸਵਿੰਦਰ ਸਿੰਘ ਡਾ. ਪਰਮਿੰਦਰ ਸਿੰਘ ਵੀ ਹਾਜ਼ਰ ਸਨ।

Check Also

42ਵੀਂ ਮਹੀਨਾਵਾਰ ਮੁਫ਼ਤ ਯਾਤਰਾ ਬੱਸ ਨੂੰ ਛੋਟੀ ਬੱਚੀ ਨੇ ਦਿਖਾਈ ਹਰੀ ਝੰਡੀ

ਅੰਮ੍ਰਿਤਸਰ, 26 ਫਰਵਰੀ (ਜਗਦੀਪ ਸਿੰਘ) – ਜੇ.ਐਮ.ਡੀ.ਸੀ ਫਾਊਂਡੇਸ਼ਨ ਵਲੋਂ ਸ਼੍ਰੀ ਵੈਸ਼ਨੋ ਦੇਵੀ ਲਈ ਸ਼ੁਰੂ ਕੀਤੀ …