ਕਲਾ ਆਪਣੇ ਸਮੇਂ ਦਾ ਧਰਮ-ਕੰਡਾ ਹੁੰਦੀ ਹੈ – ਰੱਬੀ ਸ਼ੇਰਗਿੱਲ
ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਤੀਜ਼ਾ ਦਿਨ ਵੱਖ-ਵੱਖ-ਕਲਾਵਾਂ ਨੂੰ ਸਮਰਪਿਤ ਰਿਹਾ।ਮੇਲੇ ਦੀ ਸ਼ੁਰੂਆਤ ਸਵੇਰੇ 11.00 ਵਜੇ ਕੌਂਮਾਤਰੀ ਚਿਤਰਕਾਰ ਸਿਧਾਰਥ ਦੀ ਚਿਤਰ ਕਲਾ ਦੇ ਪ੍ਰਦਰਸ਼ਨ ਨਾਲ ਹੋਈ।ਉਹਨਾਂ ਨੇ ਭਾਰਤੀ ਅਤੇ ਪੰਜਾਬੀ ਚਿੱਤਰਕਾਰੀ ਤੋਂ ਬਿਨਾਂ ਆਪਣੇ ਚਿੱਤਰਕਾਰੀ ਦੇ ਸਫਰ ਬਾਰੇ ਵੀ ਦਰਸ਼ਕਾਂ ਨੂੰ ਦੱਸਿਆ ਅਤੇ ਕੁੱਝ ਚਿਤਰ ਦਰਸ਼ਕਾਂ ਸਾਹਮਣੇ ਬਣਾ ਕੇ ਉਹਨਾਂ ਨੂੰ ਆਪਣੀ ਦੇ ਨਮੂਨੇ ਦਿਖਾ ਕੇ ਹੈਰਾਨ ਵੀ ਕੀਤਾ।
ਦੂਸਰੇ ਪ੍ਰੋਗਰਾਮ ‘ਬੁੱਲ੍ਹਾ ਕੀ ਜਾਣਾ ਮੈਂ ਕੌਣ’ ਵਿੱਚ ਰੱਬੀ ਸ਼ੇਰਗਿੱਲ ਨੇ ਪੰਜਾਬ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਦਿਆਂ ਹੋਇਆਂ ਕਲਾ ਰਾਹੀਂ ਪੰਜਾਬ ਨੂੰ ਬਿਹਤਰੀਨ ਬਣਾਉਣ ‘ਚ ਯੋਗਦਾਨ ਪਾਉਣਾ ਚਾਹੀਦਾ ਹੈ।ਸੰਵਾਦ ਦੇ ਨਾਲ ਨਾਲ ਉਹਨਾਂ ਨੇ ਆਪਣੀ ਸੂਫੀ ਗਾਇਕੀ ਦਾ ਰੰਗ ਵੀ ਪੇਸ਼ ਕੀਤਾ।ਜਿਸ ਨੂੰ ਦਰਸ਼ਕਾਂ ਨੇ ਭਰਪੂਰ ਸਰਾਹਿਆ।ਪ੍ਰੋਗਰਾਮ ਦਾ ਸੰਚਾਲਨ ਵਿਭਾਗ ਦੇ ਅਧਿਆਪਕ ਅਤੇ ਮਸ਼ਹੂਰ ਫਿਲਮ ਨਿਰਦੇਸ਼ਕ ਪਰਮਜੀਤ ਸਿੰਘ ਕੱਟੂ ਨੇ ਕੀਤਾ।
ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਮੰਟੋ ਦੀਆਂ ਕਹਾਣੀਆਂ ‘ਤੇ ਅਧਾਰਿਤ ਸ਼ਰਧਾ ਦੁਆਰਾ ਨਿਰਦੇਸ਼ਿਤ ਅਤੇ ਖ਼ਾਲਸਾ ਕਾਲਜ ਦੇ ਥਿਏਟਰ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਤਿਆਰ ਨਾਟਕ ਅਫਸਾਨਾ ਵੱਡੇ ਹਾਲ ਵਿੱਚ ਦਿਖਾਇਆ ਗਿਆ ਤਾਂ ਦਰਸ਼ਕਾਂ ਨੇ ਖੂਬ ਤਾੜੀਆਂ ਨਾਲ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ।
ਮਾਣ ਪੰਜਾਬੀਆਂ ਦਾ ਅਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਵਲੋਂ ਇਸ ਇਸ ਮੇਲੇ ਵਿੱਚ ਵਿਸ਼ੇਸ਼ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਦਾ ਸੰਚਾਲਨ ਡਾ. ਹੀਰਾ ਸਿੰਘ ਅਤੇ ਰਾਜਬੀਰ ਕੌਰ ਗਰੇਵਾਲ ਨੇ ਸਾਂਝੇ ਤੌਰ ‘ਤੇ ਕੀਤਾ।ਧਰਵਿੰਦਰ ਸਿੰਘ ਔਲਖ, ਹਰੀ ਸਿੰਘ ਜਾਚਕ, ਬਖਤਾਵਰ ਸਿੰਘ, ਰੋਜ਼ੀ ਸਿੰਘ, ਹਰਮੀਤ ਆਰਟਿਸਟ, ਰਮਨਦੀਪ ਦੀਪ, ਮਨਦੀਪ ਕੌਰ ਗੁਰਾਇਆਂ, ਦਵਿੰਦਰ ਦਿਲਰੂਪ, ਡਾ. ਸਤਿੰਦਰਜੀਤ ਕੌਰ ਬੁੱਟਰ, ਮਨਪ੍ਰੀਤ ਕੌਰ ਸੰਧੂ, ਦਵਿੰਦਰ ਖੁਸ਼ ਧਾਲੀਵਾਲ ਅਤੇ ਹੋਰ ਵੱਡੀ ਗਿਣਤੀ ‘ਚ ਕਵੀਆਂ ਨੇ ਹਿੱਸਾ ਲਿਆ ਅਤੇ ਆਪੋ ਆਪਣਾ ਕਲਾਮ ਪੇਸ਼ ਕੀਤਾ।
ਇਸ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੀ ਖਾਸ ਪਢ੍ਰਾਪਤੀ ਇਹ ਹੈ ਕਿ ਇਕ ਪਾਸੇ ਸਮਾਗਮਾਂ ਵਾਲਾ ਪੰਡਾਲ ਦਰਸ਼ਕਾਂ/ਸਰੋਤਿਆਂ ਨਾਲ ਭਰਿਆ ਰਹਿੰਦਾ ਹੈ ਅਤੇ ਦੂਸਰੇ ਪਾਸੇ 70 ਤੋਂ ਵੱਧ ਪੁਸਤਕ ਸਟਾਲਾਂ ਤੇ ਪੁਸਤਕ ਪ੍ਰੇਮੀਆਂ ਦੀ ਸਵੇਰੇ 10 ਵਜੇ ਤੋਂ ਹੀ ਭੀੜ ਜਮਹਾ ਹੋ ਜਾਂਦੀ ਹੈ ਜੋ ਸ਼ਾਮ 6-7 ਵਜੇ ਤੱਕ ਖ਼ਾਲਸਾ ਕਾਲਜ ਨੂੰ ਮੇਲੇ ਦਾ ਰੂਪ ਦੇਈ ਰੱਖਦੀ ਹੈ।ਇਹਨਾਂ ਪੁਸਤਕ ਪ੍ਰੇਮੀਆਂ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਵੇਖਣ ਨੂੰ ਮਿਲਦੇ ਹਨ।ਔਰਗੈਨਿਕ ਵਸਤੂਆਂ ਵੇਚਣ ਵਾਲਿਆਂ ਦੇ ਪੰਡਾਲਾ ਵਿੱਚ ਵੀ ਦਰਸ਼ਕਾਂ ਨੇ ਵਿਸ਼ੇਸ਼ ਰੁਚੀ ਵਿਖਾਈ ਹੈ।
ਮੇਲੇ ਦੇ ਪ੍ਰਬੰਧਕ ਡਾ. ਆਤਮ ਰੰਧਾਵਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 17 ਫਰਵਰੀ ਨੂੰ ਭਾਈ ਵੀਰ ਸਿੰਘ ਜਨਮ-ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਹੋਵੇਗਾ।ਜਿਸ ਵਿਚ ਡਾ. ਰਾਣਾ ਨਈਅਰ ਮੁੱਖ ਬੁਲਾਰੇ ਹੋਣਗੇ ਅਤੇ ਇਸ ਦੇ ਨਾਲ ਹੀ ਜਗਤ ਪੰਜਾਬੀ ਸਭਾ ਕੈਨੈਡਾ ਵਿਸ਼ਵ ਕਾਨਫਰੰਸਾਂ ਦਾ ਖੇਤਰੀ ਭਾਸ਼ਾਵਾਂ ਦੇ ਵਿਕਾਸ ਵਿਚ ਯੋਗਦਾਨ ਬਾਰੇ ਚਰਚਾ ਕੀਤੀ ਜਾਵੇਗੀ।ਸ਼ਾਮ ਨੂੰ ਬਾਬਾ ਬੇਲੀ ਦੀ ਸਭਿਆਚਾਰਕ ਗਾਇਕੀ ਦਾ ਪ੍ਰੋਗਰਾਮ ਹੋਵੇਗਾ।