Thursday, January 2, 2025

ਜੰਡਿਆਲਾ ਦੀ ਆਬਾਦੀ ਛੀਨਾ ਪੱਤੀ ਦੇ ਵਾਸੀਆਂ ਨੂੰ ਮਿਲੇਗਾ ਸਵੱਛ ਪਾਣੀ – ਈ.ਟੀ.ਓ

47.36 ਲੱਖ ਦੀ ਲਾਗਤ ਨਾਲ 3.71 ਕਿਲੋਮੀਟਰ ਵਿਛਾਈ ਗਈ ਪਾਈਪ ਲਾਈਨ

ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਿੰਡਾਂ ਦੇ ਬੁਨਿਆਦੀ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਦੀ ਆਬਾਦੀ ਛੀਨਾ ਪੱਤੀ ਵਿਖੇ 25 ਹਜ਼ਾਰ ਲੀਟਰ ਦੀ ਸਮਰਥਾ ਵਾਲੀ ਪਾਣੀ ਦੀ ਟੈਂਕੀ ਦਾ ਉਦਘਾਟਨ ਕਰਦਿਆਂ ਕੀਤਾ।ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਆਬਾਦੀ ਛੀਨਾ ਪੱਤੀ ਦੇ 189 ਘਰਾਂ ਦੇ 1005 ਵਿਅਕਤੀਆਂ ਨੂੰ ਇਸ ਟੈਂਕੀ ਦੇ ਬਣਨ ਨਾਲ ਸਾਫ਼ ਸੁਥਰਾ ਪਾਣੀ ਮੁਹੱਈਆ ਹੋਵੇਗਾ।ਉਨਾਂ ਦੱਸਿਆ ਕਿ ਪਿੰਡ ਵਿੱਚ ਰੋਜ਼ਾਨਾ 10 ਘੰਟੇ ਪਾਣੀ ਦੀ ਸਪਲਾਈ ਹੋਵੇਗੀ।
ਈ.ਟੀ.ਓ ਨੇ ਦੱਸਿਆ ਕਿ ਆਬਾਦੀ ਛੀਨਾ ਪੱਤੀ ਵਿਖੇ 47.36 ਲੱਖ ਰੁਪਏ ਦੀ ਲਾਗਤ ਨਾਲ 3.71 ਕਿਲੋਮੀਟਰ ਪਾਈਪ ਲਾਈਨ ਵਿਛਾਈ ਗਈ ਹੈ ਅਤੇ ਰੋਜ਼ਾਨਾ ਪਾਣੀ ਦੀ ਮਾਪਦੰਡਤਾ 85 ਕਿਲੋ ਲੀਟਰ ਹੋਵੇਗੀ।ਉਨਾਂ ਦੱਸਿਆ ਕਿ ਇਹ ਸਾਰੀ ਸਕੀਮ ਨਾਬਾਰਡ-27 ਅਧੀਨ ਕੀਤੀ ਗਈ ਹੈ।ਲੋਕਾਂ ਨੂੰ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਲੋਰੀਨੇਟਰ ਯੂਨਿਟ ਵੀ ਸਥਾਪਿਤ ਕੀਤਾ ਗਿਆ ਹੈ।
ਇਸ ਉਪਰੰਤ ਲੋਕ ਨਿਰਮਾਣ ਮੰਤਰੀ ਪੰਜਾਬ ਵਲੋਂ ਜੰਡਿਆਲਾ ਵਿਖੇ 22.5 ਲੱਖ ਦੀ ਲਾਗਤ ਨਾਲ ਬਣਨ ਵਾਲੇ ਮੋਰੀ ਗੇਟ ਦਾ ਉਦਘਾਟਨ ਵੀ ਕੀਤਾ।ਉਨਾਂ ਦੱਸਿਆ ਕਿ ਇਹ ਗੇਟ 2 ਮਹੀਨਿਆਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਗੇਟ ਦੀ ਉਚਾਈ 28.5 ਫੁੱਟ ਅਤੇ ਚੌੜਾਈ 20 ਫੁੱਟ ਹੋਵੇਗੀ।
ਇਸ ਮੌਕੇ ਐਕਸੀਅਨ ਵਾਟਰ ਸਪਲਾਈ ਆਰ.ਪੀ ਸਿੰਘ, ਸਤਿੰਦਰ ਸਿੰਘ, ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ, ਨਰੇਸ਼ ਪਾਠਕ, ਵਿਜੈ ਮੱਟੀ, ਪ੍ਰਤਾਪ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …