ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ ) – ਜਿਲ੍ਹੇ ਦੇ ਕੁੱਝ ਬੀ.ਪੀ.ਈ.ਓਜ਼. ਵਲੋਂ ਵਿਭਾਗੀ ਹਦਾਇਤਾਂ ਤੋਂ ਉਲਟ ਜਾ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਵਰਦੀ ਆਪਣੇ ਪੱਧਰ `ਤੇ ਖਰੀਦਣ ਅਤੇ ਇਸ ਵਿੱਚ ਵੱਡੀ ਘਪਲੇਬਾਜ਼ੀ ਹੋਣ ਦੀ ਪਿਛਲੇ ਦਿਨੀਂ ਡੀ.ਸੀ ਸੰਗਰੁਰ ਨੂੰ ਦਿੱਤੀ ਸ਼ਿਕਾਇਤ ਸਬੰਧੀ ਡੀ.ਟੀ.ਐਫ ਦਾ ਵਫ਼ਦ ਜਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਦੀ ਅਗਵਾਈ ‘ਚ ਐਸ.ਡੀ.ਐਮ ਸੰਗਰੂਰ ਮੈਡਮ ਨਵਰੀਤ ਕੌਰ ਸੇਖੋਂ ਨੂੰ ਮਿਲਿਆ।ਜਥੇਬੰਦੀ ਦੇ ਜਿਲ੍ਹਾ ਪ੍ਰੈਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਸਕੂਲ ਪੱਧਰ `ਤੇ ਮੁਫ਼ਤ ਵਰਦੀ ਮੁਹੱਈਆ ਕਰਵਾਉਣ ਲਈ ਗਰਾਂਟ ਜਾਰੀ ਕੀਤੀ ਸੀ।ਵਿਭਾਗ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਵਰਦੀਆਂ ਦੀ ਖ਼ਰੀਦ ਸਕੂਲ ਦੀ ਮੈਨੇਜਮੈਂਟ ਕਮੇਟੀ ਨੇ ਕਰਨੀ ਹੈ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਜਾਂ ਬਲਾਕ ਸਿੱਖਿਆ ਅਫ਼ਸਰ ਕਿਸੇ ਸਕੂਲ ਦੀ ਕਮੇਟੀ ਨੂੰ ਕਿਸੇ ਖ਼ਾਸ ਦੁਕਾਨ ਤੋਂ ਵਰਦੀ ਖਰੀਦਣ ਲਈ ਨਹੀਂ ਕਹਿ ਸਕਦੇ। ਸਿਰਫ ਵਰਦੀਆਂ ਦੇ ਬਿੱਲ ਨੂੰ ਭੁਗਤਾਨ ਲਈ ਬੀ.ਪੀ.ਈ.ਓ ਦਫ਼ਤਰ ਜਮ੍ਹਾਂ ਕਰਵਾਉਣਾ ਹੈ।ਪ੍ਰੰਤੂ ਉਹਨਾਂ ਦੀ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਸੰਗਰੂਰ ਜਿਲ੍ਹੇ ਦੇ ਕੁੱਝ ਬੀ.ਪੀ.ਈ.ਓਜ਼ ਵਲੋਂ ਵਿਭਾਗ ਦੀਆਂ ਇਹਨਾਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਪੱਧਰ `ਤੇ ਹੀ ਆਪਣੇ ਦਫਤਰ ਅਧੀਨ ਪੈਂਦੇ ਸਾਰੇ ਸਕੂਲਾਂ ਦੀ ਵਰਦੀ ਦੀ ਖਰੀਦ ਕਰ ਲਈ ਗਈ।ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਤੋਂ ਉਲਟ ਜਾ ਕੇ ਵੱਡੇ ਪੱਧਰ `ਤੇ ਇੱਕ ਫਰਮ ਤੋਂ ਵਰਦੀਆਂ ਦੀ ਖਰੀਦ ਕਰਨਾ ਇਸ ਵਿੱਚ ਵੱਡੀ ਘਪਲੇਬਾਜ਼ੀ ਹੋਣ ਵੱਲ ਇਸ਼ਾਰਾ ਕਰਦਾ ਹੈ।ਉਹਨਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤਾਂ ਸਿੱਖਿਆ ਮੰਤਰੀ ਤੱਕ ਵੀ ਪਹੁੰਚੀਆਂ ਹਨ ਤੇ ਹੁਣ ਤੱਕ ਪੰਜਾਬ ਵਿੱਚ ਤਿੰਨ ਬਲਾਕ ਸਿੱਖਿਆ ਅਫ਼ਸਰ ਤੇ ਇੱਕ ਜਿਲ੍ਹਾ ਸਿੱਖਿਆ ਅਫ਼ਸਰ ਇਸ ਮਾਮਲੇ ਵਿੱਚ ਮੁਅੱਤਲ ਕੀਤੇ ਜਾ ਚੁੱਕੇ ਹਨ।ਜੇਕਰ ਜਿਲ੍ਹਾ ਸੰਗਰੂਰ ‘ਚ ਵੀ ਸਹੀ ਤਰੀਕੇ ਨਾਲ ਇਸ ਦੀ ਜਾਂਚ ਕੀਤੀ ਜਾਵੇ ਤਾਂ ਵੱਡੀ ਘਪਲੇਬਾਜ਼ੀ ਸਾਹਮਣੇ ਆਵੇਗੀ।
ਵਫ਼ਦ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ, ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਅਤੇ ਬਲਾਕਾਂ ਦੇ ਆਗੂ ਜਗਦੇਵ ਵਰਮਾ, ਸਤਨਾਮ ਉਭਾਵਾਲ, ਗਗਨਦੀਪ ਭੰਗੂ, ਪਵਨ ਕੁਮਾਰ ਅਤੇ ਅਮਰਿੰਦਰ ਸਿੰਘ ਸ਼ਾਮਲ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …