Friday, March 1, 2024

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਲਾਨਾ ਸਮਾਗਮ ਦਾ ਆਯੋਜਨ

ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ) – ਪਦਮ ਸ਼੍ਰੀ ਅਵਾਰਡੀ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਡਾ. ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਅਤੇ ਏਡਿਡ ਸਕੂਲਜ਼ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ, ਡਾ. ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਯੋਗ ਮਾਰਗ ਦਰਸ਼ਨ ਹੇਠ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਯੂ.ਕੇ.ਜੀ ਅਤੇ ਜਮਾਤ ਤੀਜੀ ਦੇ 600 ਚਮਕਦੇ ਸਿਤਾਰਿਆਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਸਲਾਨਾ ਸਮਾਗਮ `ਧਰੋਹਰ` ਪੇਸ਼ ਕੀਤਾ।
ਵਿਦਿਆਰਥੀਆਂ ਨੇ ਲਗਨ ਨਾਲ ਅਭਿਆਸ ਕਰਨ ਤੋਂ ਬਾਅਦ ਪੂਰੇ ਆਤਮਵਿਸ਼ਵਾਸ ਅਤੇ ਜੋਸ਼ ਨਾਲ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਪ੍ਰੋਗਰਾਮ ਦਾ ਵਿਸ਼ਾ ਵਸਤੂ ਅਤੇ ਉਦੇਸ਼ ਮੁੱਖ ਪੰਜ ਤੱਤ ਅਕਾਸ਼, ਹਵਾ, ਪਾਣੀ, ਅੱਗ ਅਤੇ ਧਰਤੀ ਸਨ, ਜਿਸ ਨੂੰ ਲੈਅਮਿਕ ਨਾਚ, ਨਾਟਕ ਅਤੇ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।ਵਿਦਿਆਰਥੀਆਂ ਨੇ ਇੱਕ ਨਾਟਕ ਰਾਹੀਂ ਕੁਦਰਤ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਅਤੇ ਸੰਭਾਲ ਕਰਨ ‘ਤੇ ਜ਼ੋਰ ਦਿੱਤਾ।
ਸਵੇਰ ਦੇ ਸ਼ੋਅ ਵਿੱਚ ਜੁਗਰਾਜ ਸਿੰਘ ਰੰਧਾਵਾ ਡੀ.ਈ.ਓ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਅਤੇ ਸ਼ਾਮ ਦੇ ਸ਼ੋਅ ਵਿੱਚ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਪ੍ਰੈਜੀਡੈਂਟ ਦੁਰਗਿਆਣਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿ਼ਰਕਤ ਕੀਤੀ
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਜੁਗਰਾਜ ਸਿੰਘ ਰੰਧਾਵਾ ਨੇ ਬੱਚਿਆਂ ਦੇ ਪ੍ਰਦਰਸ਼ਨ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਗਤੀਵਿਧੀਆਂ ਹੀ ਸਿੱਧੇ ਤੌਰ ’ਤੇ ਵਾਤਾਵਰਨ ਦੀ ਅਧੋਗਤੀ ਲਈ ਜਿੰਮੇਵਾਰ ਹਨ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਇਰੈਕਟਰ ਡਾ. ਜੇ.ਪੀ ਸ਼ੁਰ ਨੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਪ੍ਰਦਰਸ਼ਨ ਅਤੇ ਸਕੂਲ ਦੀ ਪ੍ਰਸੰਸਾ ਕੀਤੀ।ਉਨ੍ਹਾਂ ਨੇ ਕਿਹਾ ਕਿ ਡੀ.ਏ.ਵੀ ਸੰਸਥਾ ਦਾ ਮੁੱਖ ਉਦੇਸ਼ ਸਾਰੇ ਬੱਚਿਆਂ ਨੂੰ ਆਰੀਆ (ਸ੍ਰੇਸ਼ਠ) ਬਣਾਉਣਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੈ।ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਬੱਚਿਆਂ ਦੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਡਾ. ਨੀਲਮ ਕਾਮਰਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਡਾ. ਪੁਸ਼ਪਿੰਦਰ ਵਾਲੀਆ ਸਕੂਲ ਦੇ ਪ੍ਰਬੰਧਕ ਅਤੇ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਨੇ ਉਭਰਦੇ ਕਲਾਕਾਰਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।
ਐਡਵੋਕੇਟ ਸੁਦਰਸ਼ਨ ਕਪੂਰ, ਸੀਨੀਅਰ ਐਲ.ਐਮ.ਸੀ. ਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਚੇਅਰਮੈਨ ਨੇ ਵੀ ਸਕੂਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਕੂਲ ਅੱਜ ਦੀ ਪੀੜ੍ਹੀ ਦੇ ਵਿੱਚ ਕਦਰਾਂ-ਕੀਮਤਾਂ ਨੂੰ ਦ੍ਰਿੜ੍ਹ ਕਰਾਉਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਰਾਹੀਂ ਉਦਮ ਕਰ ਰਹੇ ਹਨ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾ. ਨੀਰਾ ਸ਼ਰਮਾ, ਪਰਮਜੀਤ ਕੁਮਾਰ ਪਿ੍ਰੰਸੀਪਲ ਜੀ.ਐਨ.ਡੀ.ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਵੀ ਹਾਜ਼ਰ ਸਨ।
ਕੋ-ਕਰੀਕੁਲਰ ਇੰਚਾਰਜ ਮਿਸ ਸ਼ਮਾ ਸ਼ਰਮਾ ਅਤੇ ਕੈਂਟ ਬ੍ਰਾਂਚ ਦੇ ਇੰਚਾਰਜ ਮਿਸ ਅਨੁਰਾਧਾ ਗਰੋਵਰ ਨੇ ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …