Friday, March 1, 2024

ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀਆਂ ਰਸਦਾਂ ਵਾਸਤੇ ਸਟੋਰ ਤਿਆਰ ਕਰਨ ਦੀ ਸੇਵਾ ਆਰੰਭ

ਸੰਗਤਾਂ ਲਈ ਵਿਸ਼ਾਲ ਕਾਰ ਪਾਰਕਿੰਗ ਵੀ ਹੋਵੇਗੀ ਤਿਆਰ
ਅੰਮ੍ਰਿਤਸਰ, 27 ਫ਼ਰਵਰੀ (ਜਗਦੀਪ ਸਿੰਘ ਸੱਗ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਕਾਰ ਪਾਰਕਿੰਗ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਰਸਦਾਂ ਲਈ ਸਟੋਰ ਦੀ ਉਸਾਰੀ ਲਈ ਅੱਜ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ।ਸ਼੍ਰੋਮਣੀ ਕਮੇਟੀ ਵੱਲੋਂ ਇਹ ਕਾਰ ਪਾਰਕਿੰਗ ਅਤੇ ਰਸਦਾਂ ਲਈ ਸਟੋਰ ਰਾਮ ਤਲਾਈ ਚੌਂਕ ਨਜ਼ਦੀਕ ਪੁਰਾਣੀ ਹੰਸਲੀ ਦੇ ਸਥਾਨ ’ਤੇ ਬਣਾਇਆ ਜਾਵੇਗਾ, ਜਿਸ ਦੀ ਸੇਵਾ ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲਿਆਂ ਨੂੰ ਸੌਂਪੀ ਗਈ ਹੈ।ਸੰਗਤਾਂ ਦੀ ਹਾਜ਼ਰੀ ਵਿਚ ਕਾਰਸੇਵਾ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਗੁਰਬਾਣੀ ਜਾਪ ਕੀਤਾ ਅਤੇ ਅਰਦਾਸ ਭਾਈ ਸੁਖਦੇਵ ਸਿੰਘ ਵੱਲੋਂ ਕੀਤੀ ਗਈ, ਜਿਸ ਮਗਰੋਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਟੱਕ ਲਗਾ ਕੇ ਸੇਵਾ ਆਰੰਭ ਕੀਤੀ।
ਦੱਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਨੂੰ ਆਪਣੇ ਵਹੀਕਲ ਖੜ੍ਹੇ ਕਰਨ ਦੀ ਵੱਡੀ ਮੁਸ਼ਕਲ ਆਉਂਦੀ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ਪੁਰਾਣੀ ਹੰਸਲੀ ਦੇ ਸਥਾਨ ’ਤੇ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ।ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਰਸਦਾਂ ਦੇ ਵਾਹਨ ਲੈ ਕੇ ਪੁੱਜਣਾ ਮੁਸ਼ਕਲ ਹੋਣ ਕਾਰਨ ਹੁਣ ਇਥੇ ਖੁੱਲ੍ਹੀ ਥਾਂ ’ਤੇ ਸਟੋਰ ਵੀ ਕਾਰਜਸ਼ੀਲ ਕੀਤਾ ਜਾਵੇਗਾ।
ਅੱਜ ਲੰਗਰ ਸਟੋਰ ਅਤੇ ਪਾਰਕਿੰਗ ਦੀ ਸੇਵਾ ਆਰੰਭ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਮੰਗਵਿੰਦਰ ਸਿੰਘ ਖਾਪੜਖੇੜੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਸਾਹਿਬ ਵਾਲੇ, ਬਾਬਾ ਗੁਰਮੀਤ ਸਿੰਘ, ਬਾਬਾ ਕਿਰਪਾਲ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਗੁਰਮੇਲ ਸਿੰਘ, ਬਾਬਾ ਜੋਗਾ ਸਿੰਘ, ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ, ਧਰਮ ਪ੍ਰਚਾਰ ਕਮੇਟੀ ਦੇ ਸੁਪਰਡੈਂਟ ਰਾਜਿੰਦਰ ਸਿੰਘ ਰੂਬੀ ਅਟਾਰੀ, ਵਧੀਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ, ਐਕਸੀਅਨ ਜਤਿੰਦਰਪਾਲ ਸਿੰਘ, ਐਸ.ਡੀ.ਓ ਸੁਖਜਿੰਦਰ ਸਿੰਘ, ਮੀਤ ਮੈਨੇਜਰ ਰਵਿੰਦਰਪਾਲ ਸਿੰਘ ਅਤੇ ਸੰਗਤਾਂ ਮੌਜ਼ੂਦ ਸਨ।

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ `ਬੱਲ੍ਹਾ` ਦਾ ਮੰਚਨ

ਅੰਮ੍ਰਿਤਸਰ, 29 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਖੋਜ਼ …