ਲੋਕ ਨਿਰਮਾਣ ਵਿਭਾਗ ਵਲੋਂ ਕੇਂਦਰੀ ਸੜਕਾਂ ਫੰਡ ਅਧੀਨ ਤਿਆਰ ਕੀਤਾ ਪ੍ਰਾਜੈਕਟ
ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਮਜੀਠਾ ਫਤਿਹਗੜ੍ਹ ਚੂੜੀਆਂ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸੜਕ ਦੀ ਮੁਰੰਮਤ ਜਲਦ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਇਸ ਕੰਮ ਨੂੰ ਕੇਂਦਰੀ ਸੜਕਾਂ ਫੰਡ ਅਧੀਨ ਪ੍ਰਵਾਨ ਕਰਵਾਉਣ ਲਈ ਪ੍ਰਾਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਕੇਂਦਰੀ ਸੜਕਾਂ ਫੰਡ ਅਧੀਨ ਵਿਚਾਰ ਲਿਆ ਗਿਆ ਹੈ ਅਤੇ ਜਲਦੀ ਹੀ ਇਸ ਸੜਕ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਸੜਕ ਦੀ ਕੁੱਲ ਲੰਬਾਈ 31.28 ਕਿਲੋਮੀਟਰ ਹੈ ਅਤੇ 6.80 ਕਿਲੋਮੀਟਰ ਸੜਕ ਨਗਰ ਨਿਗਮ ਦੀ ਹੱਦ ਅਧੀਨ ਆਉੂਂਦੀ ਹੈ।ਇਸ ਸੜਕ ’ਤੇ ਛੋਟੇ ਟੋਏ ਹਨ ਅਤੇ ਇਸ ਦਾ ਪੈਚਵਰਕ ਕਰਨ ਲਈ ਟੈਂਡਰ ਕਾਲ ਕੀਤੇ ਜਾ ਚੁੱਕੇ ਹਨ।ਆਉਂਦੇ 2 ਮਹੀਨਿਆਂ ਵਿੱਚ ਇਹ ਸਾਰਾ ਕੰਮ ਮੁਕੰਮਲ ਹੋ ਜਾਵੇਗਾ।
ਡੀ.ਸੀ ਸੂਦਨ ਨੇ ਦੱਸਿਆ ਕਿ ਮਜੀਠਾ ਸ਼ਹਿਰ ਦੇ ਨਜ਼ਦੀਕ ਇਹ ਸੜਕ ਪਹਿਲਾਂ ਹੀ ਚਾਰ ਲੇਨ ਹੈ ਅਤੇ ਇਸ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ।ਇਸ ਸਬੰਧੀ ਸਾਰਾ ਪ੍ਰਾਜੈਕਟ ਤਿਆਰ ਕਰਕੇ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ ਅਤੇ ਪ੍ਰਵਾਨਗੀ ਮਿਲਣ ਉਪਰੰਤ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ।