ਪੰਜਾਬ ਨਾਟਸ਼ਾਲਾ `ਚ ਸਮਾਗਮ 4 ਮਾਰਚ ਨੂੰ, ਉਚੇਚੇ ਪੁੱਜਣਗੇ ਬਾਲੀਵੁੱਡ ਆਦਾਕਾਰ ਅਮਰੀਕ ਗਿੱਲ
ਅੰਮ੍ਰਿਤਸਰ, 2 ਮਾਰਚ (ਦੀਪ ਦਵਿੰਦਰ ਸਿੰਘ) – ਅੱਖਰ ਸਾਹਿਤ ਅਕਾਦਮੀ ਅਤੇ ਪੰਜਾਬੀ ਆਰਟ ਲਿਟਰੇਰੀ ਅਕੈਡਮੀ ਯੂ.ਕੇ ਦੇ ਸਹਿਯੋਗ ਨਾਲ ਅੱਖਰ ਸਾਹਿਤਅਕਾਦਮੀ ਅੰਮ੍ਰਿਤਸਰ ਵਲੋਂ ਪ੍ਰਮਿੰਦਰਜੀਤ ਯਾਦਗਾਰੀ ਸਲਾਨਾ ਪੁਰਸਕਾਰ ਸਮਾਗਮ 4 ਮਾਰਚ ਨੂੰ 10:30 ਵਜੇ ਪੰਜਾਬ ਨਾਟਸ਼ਾਲਾ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਡਾ. ਕਰਨੈਲ ਸ਼ੇਰਗਿੱਲ ਯੂ.ਕੇ ਦਾ ਨਾਵਲ `ਲਾਕਡਾਊਨ ਅਲਫ਼ਾ` ਰਲੀਜ਼ ਵੀ ਕੀਤਾ ਜਾਵੇਗਾ ਅਤੇ ਨਾਵਲ ‘ਤੇ ਵੱਖ-ਵੱਖ ਵਿਦਵਾਨਾਂ ਵਲੋਂ ਪਰਚੇ ਵੀ ਪੜ੍ਹੇ ਜਾਣਗੇ ਤੇ ਉਸ ਉਪਰ ਚਰਚਾ ਵੀ ਹੋਵੇਗੀ।ਸਮਾਗਮ ‘ਚ ਹਾਜ਼ਰ ਕਵੀਆਂ ਵਲੋਂ ਆਪਣੀਆਂ ਤਾਜ਼ਾ ਕਵਿਤਾਵਾਂ ਦਾ ਪਾਠ ਕੀਤਾ ਜਾਵੇਗਾ।ਸਮਾਗਮ ਦੇ ਪ੍ਰੰਬਧਕ ਅਤੇ ਉਘੇ ਹਿੰਦੀ ਅਤੇ ਪੰਜਾਬੀ ਦੇ ਕਵੀ ਡਾ. ਇੰਦੇਰਸ਼ਮੀਤ ਨੇ ਦੱਸਿਆ ਕਿ ਇਸ ਸਾਲ ਦਾ ਸਾਲਾਨਾ ਪ੍ਰਮਿੰਦਰਜੀਤ ਯਾਦਗਾਰੀ ਐਵਾਰਡ ਪੰਜਾਬੀ ਦੇ ਉੱਘੇ ਕਵੀ ਭਗਵਾਨ ਢਿੱਲੋਂ ਨੂੰ ਦਿੱਤਾ ਜਾਵੇਗਾ।ਉਨ੍ਹਾਂ ਲੇਖਕਾਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਸਮਾਗਮ ਵਿੱਚ ਮੁੱਖ ਮਹਿਮਾਨ ਡਾ. ਹਰਭਜਨ ਸਿੰਘ ਭਾਟੀਆ ਹੋਣਗੇ, ਜੋ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਇੱਕ ਵੱਡਾ ਨਾਂ ਹੈ ਤੇ ਉਹ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਵੀ ਰਹਿ ਚੁੱਕੇ ਹਨ।
ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਡਾ. ਦੀਪਕ ਮਨਮੋਹਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਅਮਰੀਕ ਗਿੱਲ ਫਿਲਮੀ ਸੰਵਾਦ ਲੇਖਕ ਅਤੇ ਡਾਇਰੈਕਟਰ (ਮੁੰਬਈ) ਹੋਣਗੇ।ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਅਤੇ ਹਿੰਦੀ ਕਵਿੱਤਰੀ ਅਤੇ ਅਨੁਵਾਦਕ ਭੁਪਿੰਦਰ ਕੌਰ ਪ੍ਰੀਤ ਡਾ. ਵਿਕਰਮਜੀਤ ਸਿੰਘ, ਇੰਦਰੇਸ਼ਮੀਤ, ਸੁਸ਼ੀਲ ਦੁਸਾਂਝ, ਕਹਾਣੀਕਾਰ ਮੁਖਤਾਰ ਗਿੱਲ, ਸ਼ਇਰ ਸਵਰਨਜੀਤ ਸਵੀ ਅਤੇ ਖਾਲਿਦ ਹੁਸੈਨ ਜੰਮੂ ਅਤੇ ਡਾ. ਮੋਹਨਜੀਤ ਦਿੱਲੀ ਯੂਨੀਵਰਸਿਟੀ ਹੋਣਗੇ।
ਇਸ ਮੋਕੇ ਡਾ. ਵਿਕਰਮਜੀਤ ਸਿੰਘ ਸਰਪ੍ਰਸਤ, ਇੰਦਰੇਸ਼ਮੀਤ ਪ੍ਰਧਾਨ ਅੱਖਰ ਸਾਹਿਤ ਅਕਾਦਮੀ, ਕਰਨਲ ਕੰਵਲਜੀਤ, ਬਲਜਿੰਦਰ ਸੰਧਾ, ਅੱਖਰ ਦੇ ਸੰਪਾਦਕ ਵਿਸ਼ਾਲ ਬਿਆਸ, ਪ੍ਰਵੀਨ ਪੁਰੀ ਤੋਂ ਇਲਾਵਾ ਅੱਖਰ ਸੰਪਾਦਕੀ ਬੋਰਡ ਅਤੇ ਮਰਹੂਮ ਸ਼ਾਇਰ ਪਰਮਿੰਦਰਜੀਤ ਦੇ ਪਰਿਵਾਰ ਦੇ ਜੀਆਂ ਅੱਖਰ ਟੀਮ ਅਤੇ ਸਾਹਿਤ ਵਿਚਾਰ ਮੰਚ, ਤਰਨਤਾਰਨ ਦੇ ਮੈਂਬਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਵਿਚਾਰ ਅਧੀਨ ਨਾਵਲ ਦੇ ਮੁੱਖ ਵਕਤਾ ਡਾ. ਨਰੇਸ਼ ਕੁਮਾਰ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਹੋਣਗੇ ਅਤੇ ਸੰਵਾਦ ਵਿੱਚ ਡਾ. ਹੀਰਾ ਸਿੰਘ, ਪ੍ਰਵੀਨ ਪੁਰੀ, ਹਰਜੋਧ ਸਿੰਘ ਅਤੇ ਦੀਪ ਜਗਦੀਪ ਸਿੰਘ ਹਿੱੱਸਾ ਲੈਣਗੇ।ਮੰਚ ਸੰਚਾਲਨ ਦੀ ਜਿੰਮੇਵਾਰੀ ਵਿਸ਼ਾਲ ਬਿਆਸ (ਸੰਪਾਦਕ ਅੱਖਰ) ਅਤੇ ਪ੍ਰੋਫੈਸਰ ਬਖਤਾਵਰ ਧਾਲੀਵਾਲ ਸੰਭਾਲਣਗੇ।