Tuesday, October 8, 2024

ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ‘ਚ ਕਿਸਾਨ ਮੇਲੇ ‘ਚ ਜੁੜਿਆ ਭਾਰੀ ਇਕੱਠ

ਕਿਸਾਨ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜ ਕੇ ਲਾਹੇਵੰਦ ਬਣਾਉਣ ਆਪਣੀ ਖੇਤੀ – ਪੀ.ਏ.ਯੂ ਵੀ.ਸੀ

ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) – ਪੀ.ਏ.ਯੂ ਦੇ ਕਿਸਾਨ ਮੇਲਿਆਂ ਦੀ ਲੜੀ ਦੀ ਸੁਰੂਆਤ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ।ਜਦਕਿ ਮੇਲੇ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ਼ ਡਾ. ਅਜਮੇਰ ਸਿੰਘ ਢੱਟ ਨੇ ਕੀਤੀ।ਸ਼੍ਰੀਮਤੀ ਸਤਿੰਦਰ ਕੌਰ ਲਾਲੀ ਮਜੀਠੀਆ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮੌਜ਼ੂਦ ਰਹੇ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲੇ ਸਿੱਖਣ ਸਿਖਾਉਣ ਦਾ ਅਮਲ ਹਨ ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਾਲੇ ਕਿਸਾਨਾਂ ਕੋਲੋਂ ਦੂਜਿਆਂ ਨੂੰ ਸਿੱਖਣ ਦੀ ਲੋੜ ਹੈ। ਵਧਦੇ ਤਾਪਮਾਨ ਤੋਂ ਫਸਲਾਂ ਦੀ ਸੰਭਾਲ ਬਾਰੇ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਅਤੇ ਪੀ.ਏ.ਯੂ ਦੀ ਕਿਸਮ ਪੀ.ਬੀ ਡਬਲਿਊ 826 ਨੂੰ ਤਾਪਮਾਨ ਸਹਿਣ ਯੋਗ ਦੱਸਿਆ।ਡਾ. ਗੋਸਲ ਨੇ ਕਿਹਾ ਕਿ ਪੰਜਾਬੀਆਂ ਨੂੰ ਪਾਣੀ ਦਾ ਮੁੱਲ ਪਾਉਣ ਦੀ ਲੋੜ ਹੈ।ਇਸ ਲਈ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਵਿਸੇਸ ਕਰਕੇ ਪੀ.ਆਰ 126 ਦੀ ਕਾਸ਼ਤ ਕਰਨੀ ਅੱਜ ਦੀ ਲੋੜ ਹੈ।ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਕਾਸ਼ਤ ਤੁਪਕਾ ਸਿੰਚਾਈ ਅਧੀਨ ਕਰਨੀ ਹੀ ਲਾਹੇਵੰਦ ਹੈ।ਡਾ. ਗੋਸਲ ਨੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਸੰਯੁਕਤ ਖੇਤੀ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ “ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ, ਖਾਦ ਨਾ ਪਾਈਏ” ਰੱਖਿਆ ਗਿਆ ਹੈ।
ਇਸ ਦਾ ਮੰਤਵ ਖੇਤੀ ਨੂੰ ਘੱਟ ਖਰਚੀਲੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ।ਖਾਦਾਂ ਵਿਚ ਫਾਸਫੋਰਸ ਦੀ ਢੁੱਕਵੀਂ ਵਰਤੋਂ, ਜੈਵਿਕ ਖਾਦਾਂ ਤੇ ਖੇਤੀ ਵਿਭਿੰਨਤਾ ਬਾਰੇ ਵੀ ਵਾਈਸ ਚਾਂਸਲਰ ਨੇ ਬਹੁਤ ਗੰਭੀਰ ਮੁੱਦਿਆਂ ਤੇ ਚਰਚਾ ਅਤੇ ਬਾਸਮਤੀ ਦੀ ਕਾਸ਼ਤ ਨੂੰ ਤਰਜ਼ੀਹ ਦੇਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ।ਪਰਾਲੀ ਦੀ ਸੰਭਾਲ ਲਈ ਝੋਨੇ ਦੀ ਵਾਢੀ ਦੇ ਨਾਲੋ ਨਾਲ ਕਣਕ ਦੀ ਛਿੱਟੇ ਨਾਲ ਬਿਜਾਈ ਦੀ ਤਕਨੀਕ ਬਾਰੇ ਵੀ ਵਾਈਸ ਚਾਂਸਲਰ ਨੇ ਦੱਸਿਆ।ਉਨਾਂ ਡਿਜ਼ੀਟਲ ਅਖਬਾਰ ਅਤੇ ਸੋਸਲ ਮੀਡੀਆ ਲਾਈਵ ਪ੍ਰੋਗਰਾਮ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੇਤੀ ਖੋਜ਼ਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ।ਉਨ੍ਹਾਂ ਸ਼ੂਗਰ ਰੋਗੀਆਂ ਲਈ ਕਣਕ ਦੀ ਕਿਸਮ, ਮੱਕੀ ਅਤੇ ਚਰੀ ਦੀਆਂ ਨਵੀਂਆਂ ਕਿਸਮਾਂ ਦਾ ਵੀ ਜਿਕਰ ਕੀਤਾ ਅਤੇ ਖੇਤੀ ਵਿਭਿੰਨਤਾ ਲਈ ਫਲਾਂ ਵਿਚ ਸੇਬ ਦੀਆਂ ਦੋ ਕਿਸਮਾਂ ਡੋਰਸੈਟ ਗੋਲਡਨ ਅਤੇ ਅੰਨਾ ਬਾਰੇ ਦੱਸਿਆ।ਨਾਲ ਹੀ ਮਾਲਟੇ ਅਤੇ ਡਰੈਗਨ ਫਰੂਟ ਬਾਰੇ ਸਿਫਾਰਿਸਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।ਡਾ. ਢੱਟ ਨੇ ਆਲੂਆਂ ਦੀਆਂ ਕਿਸਮਾਂ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਬਾਰੇ ਜਾਣਕਾਰੀ ਦਿੱਤੀ ਪੌਦ ਸੁਰੱਖਿਆ ਤਕਨੀਕਾਂ ਵਿਚ ਬਾਸਮਤੀ ਦੇ ਗੜੂਏਂ ਦੀ ਰੋਕਥਾਮ ਅਤੇ ਸਹਿਦ ਤੋਂ ਵਾਈਨ ਬਣਾਉਣ ਦਾ ਤਰੀਕਾ ਸਾਂਝਾ ਕੀਤਾ ਗਿਆ। ਖੁੰਬ ਦੀ ਗੁਣਵੱਤਾ ਵਧਾਉਣ ਲਈ ਯੂਨੀਵਰਸਿਟੀ ਦੀਆਂ ਨਵੀਆਂ ਖੋਜ ਤਕਨੀਕਾਂ ਵੀ ਨਿਰਦੇਸਕ ਖੋਜ ਨੇ ਕਿਸਾਨਾਂ ਨੂੰ ਦੱਸੀਆਂ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ।ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਸਿੰਘ ਗਿੱਲ ਨੇ ਵੀ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਨੂੰ ਜਾਣੂ ਕਰਵਾਇਆ।ਉਨ੍ਹਾਂ ਬਾਸਮਤੀ ਦੀ ਕਾਸ਼ਤ ਲਈ ਚੁਣੇ ਗਏ ਚੁਗਾਵਾਂ ਬਲਾਕ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।ਅੰਤ ‘ਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਉਪ ਨਿਰਦੇਸਕ ਡਾ. ਬਿਕਰਮਜੀਤ ਸਿੰਘ ਨੇ ਕਹੇ।
ਸਾਬਕਾ ਪੀ.ਏ.ਯੂ ਮਾਹਿਰ ਡਾ. ਕੇ.ਐਲ ਮਹਿਰਾ ਅਤੇ ਸਾਬਕਾ ਨਿਰਦੇਸਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਵੀ ਮੌਜ਼ੂਦ ਸਨ।ਆਪਣੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।ਵੱਡੀ ਪੱਧਰ ‘ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ.ਏ.ਯੂ ਦੇ ਵਿਭਾਗਾਂ ਨੇ ਸਟਾਲਾਂ ਲਗਾਏ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਕੈਰੀਅਰ ਦੀ ਸਫ਼ਲਤਾ ਸਬੰਧੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ ਕੰਪਿਊਟਰ ਸਾਇੰਸ ਐਂਡ …