Sunday, June 23, 2024

ਸੰਯੁਕਤ ਕਿਸਾਨ ਮੋਰਚਾ ਸੰਗਰੂਰ ਦੀ ਬੀ.ਕੇ.ਯੂ ਲੱਖੋਵਾਲ ਦੇ ਬਾਦਸ਼ਾਹਪੁਰ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ

ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਸੰਯੁਕਤ ਕਿਸਾਨ ਮੋਰਚਾ ਸੰਗਰੂਰ ਦੀ ਮੀਟਿੰਗ ਬੀ.ਕੇ.ਯੂ ਲੱਖੋਵਾਲ ਦੇ ਆਗੂ ਅਵਤਾਰ ਸਿੰਘ ਬਾਦਸ਼ਾਹਪੁਰ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਸੰਗਰੂਰ ਵਿਖੇ ਹੋਈ।ਜਿਸ ਵਿੱਚ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੀ ਜ਼ਮੀਨ ਬਾਰੇ ਵਿਵਾਦ ਸੁਲਝਾਉਣ ਸਬੰਧੀ ਸਾਰੀਆਂ ਧਿਰਾਂ ਦੀ ਪਿਛਲੇ ਦਿਨੀਂ ਹੋਈ ਸਹਿਮਤੀ ਨੂੰ ਅਮਲੀ ਜਾਮਾ ਪਹਿਨਾਉਣ ਸਬੰਧੀ ਵਿਚਾਰ ਚਰਚਾ ਕਰਦਿਆਂ 4 ਮਾਰਚ ਨੂੰ ਸਾਰੀਆਂ ਧਿਰਾਂ ਦੀ ਮੀਟਿੰਗ ਰੱਖਣ ਦਾ ਫੈਸਲਾ ਹੋਇਆ ਅਤੇ ਸੀ.ਬੀ.ਆਈ ਵਲੋਂ ਕਿਸਾਨ ਆਗੂਆਂ ਦੇ ਘਰਾਂ ‘ਤੇ ਮਾਰੇ ਛਾਪਿਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 13 ਮਾਰਚ ਨੂੰ ਡੀ.ਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਦਾ ਫ਼ੈਸਲਾ ਕੀਤਾ ਗਿਆ ਅਤੇ ਇਸੇ ਤਰਾਂ 20 ਮਾਰਚ ਦੀ ਦਿੱਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਮੀਤ ਪ੍ਰਧਾਨ ਹਰਦੇਵ ਸਿੰਘ ਬਖਸ਼ੀਵਾਲਾ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਜਰਨੈਲ ਸਿੰਘ ਜਨਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਆਗੂ ਸਰਬਜੀਤ ਸਿੰਘ ਵੜ੍ਹੈਚ ਨੇ ਦੱਸਿਆ ਕਿ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਦੀ ਜ਼ਮੀਨ ਬਾਰੇ ਹੋਈ ਸਹਿਮਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਦੇ ਉਦੇਸ਼ ਨਾਲ ਸੰਯੁਕਤ ਮੋਰਚੇ ਵਲੋਂ 4 ਮਾਰਚ ਨੂੰ ਸਾਰੀਆਂ ਧਿਰਾਂ ਦੀ ਮੀਟਿੰਗ ਬੁਲਾਈ ਗਈ ਹੈ।ਇਸੇ ਤਰ੍ਹਾਂ ਜੋ ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਸੀਬੀਆਈ ਵੱਲੋਂ ਸੰਯੁਕਤ ਮੋਰਚੇ ਦੇ ਆਗੂਆਂ ਹਰਿੰਦਰ ਸਿੰਘ ਲੱਖੋਵਾਲ ਅਤੇ ਸਤਨਾਮ ਸਿੰਘ ਬਹਿਰੂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ‘ਤੇ ਛਾਪੇ ਮਾਰ ਕੇ ਕਿਸਾਨ ਲਹਿਰ ਨੂੰ ਦਬਾਉਣ ਦੀ ਸਾਜਿਸ਼ ਰਚੀ ਸੀ ਉਸ ਦੇ ਖਿਲਾਫ ਸਾਰੇ ਜਿਲ੍ਹਾ ਕੇਂਦਰਾਂ ‘ਤੇ 13 ਮਾਰਚ ਨੂੰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡੀ.ਸੀ ਸੰਗਰੂਰ ਦੇ ਦਫ਼ਤਰ ਅੱਗੇ ਵੀ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ, ਲਖੀਮਪੁਰ ਖੀਰੀ ਮਾਮਲੇ ਵਿੱਚ ਇਨਸਾਫ ਅਤੇ ਸਾਰੀਆਂ ਫਸਲਾਂ ਦੀ ਐਮ.ਐਸ.ਪੀ ‘ਤੇ ਖਰੀਦ ਦੀ ਗਰੰਟੀ ਸਮੇਤ ਹੋਰ ਮੰਗਾਂ ਨੂੰ ਲੈ ਕੇ 20 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਵਿਖੇ ਦੇਸ਼ ਪੱਧਰੀ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਵਿੱਚ ਸੰਗਰੂਰ ਜਿਲ੍ਹੇ ਵਿੱਚੋਂ ਵੱਡੀ ਗਿਣਤੀ ‘ਚ ਕਿਸਾਨ ਸ਼ਮੂਲੀਅਤ ਕਰਨਗੇ।ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਵਿੱਤ ਸਕੱਤਰ ਕੁਲਦੀਪ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਨਿਰਮਲ ਸਿੰਘ ਬਟੜਿਆਣਾ, ਨਵਜੀਤ ਸਿੰਘ ਤੇ ਕਾਮਰੇਡ ਸੁਖਦੇਵ ਸ਼ਰਮਾ ਵੀ ਮੌਜ਼ੂਦ ਸਨ।

 

 

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …