Wednesday, December 6, 2023

ਚੀਫ ਖਾਲਸਾ ਦੀਵਾਨ ਤੇ ਬੁੱਢਾ ਦਲ ਵਲੋਂ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ

ਬੁਰਜ਼ ਫੂਲਾ ਸਿੰਘ ਸਾਹਮਣੇ ਸੜ੍ਹਕ ਦਾ ਨਾਮ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਰੱਖਿਆ ਜਾਵੇਗਾ – ਡਾ. ਨਿੱਜ਼ਰ

ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਡਾ.ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਅਤੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਾਂਝੇ ਤੌਰ ‘ਤੇ 96ਵੇਂ ਕਰੋੜੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਛੇਵੇਂ ਮੁੱਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਇਕ ਰੋਜ਼ਾ ਸੈਮੀਨਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਆਯੋਜਿਤ ਕੀਤਾ ਗਿਆ।ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਪ੍ਰਧਾਨਗੀ ਹੇਠ ਕੀਤੇ ਗਏ ਸੈਮੀਨਾਰ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ, ਮੁਖੀ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਅਵਤਾਰ ਸਿੰਘ ਜੀ ਤਰਨਾ ਦਲ, ਉਘੇ ਕਥਾਵਾਚਕ ਬਾਬਾ ਸ਼ੇਰ ਸਿੰਘ ਅੰਬਾਲਾ, ਨਿਰਮਲ ਸੰਪਰਦਾਏ ਤੋ ਡਾ. ਹਰਪ੍ਰੀਤ ਕੌਰ ਯੂਨਾਈਟਿਡ ਸਿੰਘ ਸਭਾ ਫਾਊਂਡੇਸ਼ਨ ਮੁੰਬਈ ਦੇ ਪ੍ਰਧਾਨ ਰਾਮ ਸਿੰਘ ਰਾਠੌਰ ਅਤੇ ਹੋਰ ਉੱਘੇ ਸਿੱਖ ਬੁੱਧੀਜੀਵੀ ਸ਼ਾਮਲ ਹੋਏ ਜਿੰਨਾਂ ਦਾ ਨਿੱਘਾ ਸੁਆਗਤ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਐਡੀ. ਸਕੱਤਰ ਜਸਪਾਲ ਸਿੰਘ ਢਿੱਲੋਂ, ਜਾਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਅਤੇ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵੱਲੋਂ ਕੀਤਾ ਗਿਆ।ਸਰਪਰਸਤ ਰਾਜਮਹਿੰਦਰ ਸਿੰਘ ਮਜੀਠਾ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਆਈਆਂ ਸੰਗਤਾਂ ਨੂੰ ‘ਜੀ ਆਇਆਂ’ ਨੂੰ ਆਖਦਿਆਂ ਕੌਮ ਦੇ ਮਹਾਨ ਸਿੱਖ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਵਿੱਚ ਪੰਥਕ ਸ਼ਕਤੀ ਇਕੱਤਰ ਕਰਨ ਹਿੱਤ ਦਿੱਤੇ ਗਏ ਵੱਡਮੁੱਲੇ ਯੋਗਦਾਨ ਬਾਬਤ ਚਾਨਣਾ ਪਾਇਆ ਅਤੇ ਉਹਨਾਂ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਦਿਵਸ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
ਉਪਰੰਤ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵੱਲੋਂ ਭੇਜੇ ਗਏ ਸੁਆਗਤੀ ਸੰਦੇਸ਼ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਸ਼ਾਨਦਾਰ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਫਖ਼ਰੇ-ਕੌਮ-ਅਕਾਲੀ ਬਾਬਾ ਫੂਲਾ ਸਿੰਘ ਦੇ ਨਾਲ ਲੱਗਦੀ ਸੜਕ ਦਾ ਨਾਮ ਸ਼ਹੀਦ ਬਾਬਾ ਫੂਲਾ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ।ਜਿਸ ਦਾ ਉਦਘਾਟਨ 15-03-2023 ਨੂੰ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵੱਲੋਂ ਕੀਤਾ ਜਾਵੇਗਾ।
ਮੁੱਖ ਮਹਿਮਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਸ਼ਹਾਦਤਾਂ ਭਰੇ ਇਤਿਹਾਸ ‘ਤੇ ਬਹੁਤ ਮਾਣ ਹੈ।ਉਹਨਾਂ ਸੰਗਤਾਂ ਨੂੰ ਸਿੱਖ ਕੌਮ ਦੇ ਅਨਮੋਲ ਹੀਰੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਆਪ ਨੂੰ ਗੁਰੂ ਪ੍ਰੰਥ ਦੇ ਨਾਲ ਜ਼ੋੜਨ ਲਈ ਪ੍ਰੇਰਿਤ ਕੀਤਾ।ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਨਸ਼ੇ ਦੀ ਮਾਰ ਹੇਠ ਆਈ ਨੋਜੁਆਨੀ ਅਤੇ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਬੱਚਿਆਂ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦਿਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਗੁਣਾਂ ਦੇ ਧਾਰਨੀ ਬਣਾਉਣ ਹਿੱਤ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ੍ਹ ਤੇ ਜ਼ੋਰ ਦਿੱਤਾ।ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁੱਖੀ ਦਮਦਮੀ ਟਕਸਾਲ, ਚੋਕ ਮਹਿਤਾ ਨੇ ਕਿਹਾ ਕਿ ਜਿਹੜੀਆਂ ਕੋਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾਂ ਰਾਜ ਕਰਦੀਆਂ ਹਨ।ਇਸ ਲਈ ਉਹਨਾਂ ਪੁਸਤਕ ਗਿਆਨ ਦੇ ਨਾਲ-ਨਾਲ ਸੋਸ਼ਲ ਮੀਡੀਆ ਅਤੇ ਹੋਰ ਮਲਟੀ ਸਾਧਨਾਂ ਰਾਹੀਂ ਸ਼ਾਨਾਮੱਤੇ ਸਿੱਖ ਇਤਿਹਾਸ ਨੂੰ ਪ੍ਰਚਾਰਨ-ਪ੍ਰਸਾਰਨ ਦੀ ਲੋੜ੍ਹ ‘ਤੇ ਜ਼ੋਰ ਦਿੱਤਾ।
ਮੁੱਖ ਬੁਲਾਰੇ ਸਾਬਕਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪ੍ਰੋ. ਮਨਜੀਤ ਸਿੰਘ, ਵਿਸ਼ਵ ਪੰਜਾਬੀ ਕਾਨਫਰੰਸ, ਪੰਜਾਬੀ ਯੂਨੀਵਰਸਿਟੀ ਦੇ ਚੇਅਰਮੈਨ ਡਾ. ਬਲਕਾਰ ਸਿੰਘ, ਪ੍ਰੋਫੈਸਰ ਡਾ. ਕੇਹਰ ਸਿੰਘ, ਡਾਇਰੈਕਟਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਅਮਰਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਅਤੇ ਭਗਵਾਨ ਸਿੰਘ ਜੌਹਲ ਨੇ ਸੈਮੀਨਾਰ ਦੇ ਵਿਸ਼ੇ ‘ਸ਼ਹੀਦ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜੀਵਨ ਅਤੇ ਸੰਘਰਸ਼“ ਤੇ ਆਪਣੇ ਗਿਆਨ ਭਰਪੂਰ ਵਿਚਾਰ ਸਾਂਝੇ ਕਰਦਿਆਂ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਬੇਮਿਸਾਲ ਆਤਮ ਸ਼ਕਤੀ, ਦਿੜ੍ਰਤਾ, ਸੂਰਮਤਾ, ਨਿਰਭੈਤਾ, ਪੰਥਕ ਦਰਦ, ਸ਼ਸਤਰ ਵਿੱਦਿਆ, ਗੁਰਬਾਣੀ ਨਾਲ ਅਥਾਹ ਪਿਆਰ ਬਾਬਤ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਮੇਂ ਅਤੇ ਵਰਤਮਾਨ ਸਮੇਂ ਦੇ ਧਾਰਮਿਕ ਅਤੇ ਸਿਆਸੀ ਹਲਾਤਾਂ ਅਤੇ ਅਜੋਕੇ ਸਮੇਂ ਵਿੱਚ ਅਕਾਲੀ ਫੂਲਾ ਸਿੰਘ ਦੀ ਅਗਵਾਈ ਤੋਂ ਸੇਧ ਲੈਣ ਦੀ ਲੋੜ ਬਾਬਤ ਦੱਸਿਆ।
ਅਕਾਲੀ ਬੁੱਢਾ ਦਲ ਦੇ 14ਵੇਂ ਮੁੱਖੀ ਬਾਬਾ ਬਲਬੀਰ ਸਿੰਘ ਨੇ ਬਾਬਾ ਫੂਲਾ ਸਿੰਘ ਜੀ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਲਈ ਲੜੇ ਗਏ ਇਤਿਹਾਸਕ ਯੁੱਧਾਂ ਜਿਵੇਂ ਕਸੂਰ, ਅਟਕ, ਕਸ਼ਮੀਰ, ਮੁਲਤਾਨ, ਪਿਸ਼ਾਵਰ ਆਦਿ ਸਮੇਤ ਆਖਰੀ ਨੌਸ਼ਹਿਰੇ ਦੀ ਸਰਹੱਦੀ ਲੜਾਈ ਸਮੇਂ ਦਿਖਾਏ ਗਏ ਜੰਗੀ ਜੌਹਰ, ਦਲੇਰੀ, ਗੁਰ ਮਰਿਆਦਾ ਕਾਇਮ ਰੱਖਣ ਹਿੱਤ ਜਾਨ ਦੀ ਪਰਵਾਹ ਨਾ ਕਰਨ ਵਾਲੇ ਉੱਚੇ-ਸੁੱਚੇ ਕਿਰਦਾਰ ਦਾ ਵਰਨਣ ਕੀਤਾ।
ਸੰਤ ਬਾਬਾ ਸ਼ੇਰ ਸਿੰਘ ਉਘੇ ਕਥਾਵਾਚਾਕ (ਅੰਬਾਲਾ), ਡਾ. ਹਰਪ੍ਰੀਤ ਕੋਰ ਨਿਰਮਲ ਸੰਪਰਦਾ ਅਤੇ ਹੋਰ ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਨੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਚਾਨਣਾ ਪਾਇਆ ਗਿਆ।
ਸੈਮੀਨਾਰ ਦੇ ਕਨਵੀਨਰ ਡਾ. ਜਸਬੀਰ ਸਿੰਘ ਸਾਬਰ ਨੇ ਸਟੇਜ਼ ਸੰਭਾਲੀ ਅਤੇ ਉਹਨਾਂ ਵੱਲੋਂ ਡਾਇਰੈਕਟਰ ਓਪਰੇਸ਼ਨ ਡਾ. ਅੰਮ੍ਰਿਤਪਾਲ ਸਿੰਘ ਚਾਵਲਾ ਅਤੇ ਜਿਵਤੇਸ਼ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਬੁੱਢਾ ਦਲ ਦੇ ਸ਼ਹੀਦੀਆਂ ਭਰੇ ਇਤਿਹਾਸ ਬਾਰੇ ਕੌਮ ਦੇ ਵੱਡਮੁਲੇ ਬੁੱਢਾ ਦਲ ਦੇ ਮੁੱਖੀਆਂ ਬਾਬਤ ਵੀਡੀਓ ਪ੍ਰੈਜੈਨਟੇਸ਼ਨ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ।
ਅੰਤ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਬੁਲਾਰਿਆਂ ਅਤੇ ਹੋਰਨਾਂ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਅੰਤ ਬੁੱਢਾ ਦਲ ਵੱਲੋਂ ਦੀਵਾਨ ਅਹੁਦੇਦਾਰਾਂ, ਸੈਮੀਨਾਰ ਦੇ ਕਨਵੀਨਰ ਡਾ. ਜਸਬੀਰ ਸਿੰਘ ਸਾਬਰ, ਸਕੂਲ ਪ੍ਰਿੰਸੀਪਲ ਮੈਡਮ ਦਪਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਜਗਜੀਤ ਸਿੰਘ, ਐਡੀ. ਆਨੇਰਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਜਾਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਪ੍ਰਤਾਪ ਸਿੰਘ ਟਿੱਕਾ, ਬੁੱਢਾ ਦਲ ਦੇ ਸਕੱਤਰ ਦਲਜੀਤ ਸਿੰਘ ਬੇਦੀ, ਇੰਦਰਜੀਤ ਸਿੰਘ ਅੜੀ, ਰਜਿੰਦਰ ਸਿੰਘ ਮਰਵਾਹਾ ਪ੍ਰੋ. ਸੂਬਾ ਸਿੰਘ, ਪ੍ਰਿੰਸੀਪਲ ਮੈਡਮ ਰਿਪੂਦਮਨ ਕੌਰ ਅਤੇ ਹੋਰ ਚੀਫ਼ ਖ਼ਾਲਸਾ ਦੀਵਾਨ ਮੈਂਬਰ ਹਾਜ਼ਰ ਸਨ।

Check Also

ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ਮੌਕੇ ਉਚ ਪੱੱਧਰੀ ਸਮਾਗਮ ਸਮਾਪਤ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ …