ਸੂਬਾ ਕਮੇਟੀ ਦੀ ਮੀਟਿੰਗ ‘ਚ ਸੂਬਾ ਡੈਲੀਗੇਟ ਇਜ਼ਲਾਸ ਦੀ ਤਿਆਰੀ ‘ਤੇ ਹੋਈ ਚਰਚਾ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਕਿਸਾਨ ਮਜਦਰੂ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਕੌਮੀ ਇਨਸਾਫ ਮੋਰਚੇ ਦੀ ਪੂਰਨ ਹਮਾਇਤ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਤੇ ਚਾਰੇ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ ਗਏ।ਜਿਲ੍ਹੇ ਦੇ 3 ਮੰਤਰੀਆਂ ਅਤੇ 5 ਵਿਧਾਇਕਾਂ ਜਿੰਨਾ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ, ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਨਿੱਝਰ, ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ, ਵਿਧਾਇਕਾ ਜੀਵਨਜੋਤ ਕੌਰ, ਜਸਵਿੰਦਰ ਸਿੰਘ ਰਮਦਾਸ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਦਲਬੀਰ ਸਿੰਘ ਟੌਂਗ, ਕੁੰਵਰ ਵਿਜੈ ਪ੍ਰਤਾਪ ਨੂੰ ਦਿੱਤੇ ਗਏ।ਇਸ ਸਮੇਂ ਜਿਲ੍ਹਾ ਸੀਨੀ. ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਅਤੇ ਅਮਰਦੀਪ ਸਿੰਘ ਗੋਪੀ ਨੇ ਕਿਹਾ ਕਿ 30-30 ਸਾਲ ਦੇ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਬੇਅਦਬੀ ਕੇਸਾਂ ਵਿੱਚ ਕਾਰਵਾਈ ਮਿਸਾਲੀ ਰਫਤਾਰ ਨਾਲ ਕੀਤੀ ਜਾਵੇ, ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਯੂ.ਏ.ਪੀ.ਏ ਲਗਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਬੁੱਧੀਜੀਵੀ, ਪੱਤਰਕਾਰ ਅਤੇ ਲੋਕ ਹਿੱਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਗਈ ਉਹ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੇ ਤੇ ਉਕਤ ਮੰਗਾਂ ਮਨਾਉਣ ਲਈ ਦਬਾਅ ਬਣਾਵੇ।
ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਗਵਾਈ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਚੱਬਾ ਵਿਖੇ ਕੀਤੀ ਗਈ।ਜਿਸ ਵਿਚ ਸੂਬਾ ਕੋਰ ਕਮੇਟੀ ਸਮੇਤ ਸੂਬੇ ਦੇ ਵੱਖ ਵੱਖ ਜਿਲ੍ਹਿਆਂ ਤੋਂ ਪ੍ਰਧਾਨ ਤੇ ਸਕੱਤਰ ਹਾਜ਼ਿਰ ਹੋਏ।ਉਨਾਂ ਕਿਹਾ ਕਿ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਦੇ ਆਖਰੀ ਚਰਨ ਨੂੰ ਪੂਰਾ ਕਰਦੇ ਹੋਏ ਸੂਬਾ ਕੋਰ ਕਮੇਟੀ ਦੀ ਚੋਣ ਲਈ 15 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ 4 ਦਿਨਾਂ ਸੂਬਾ ਡੈਲੀਗੇਟ ਇਜਲਾਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਮੁੱਦਿਆਂ ਲੰਬੀ ਬਾਰੇੇ ਵਿਚਾਰ ਚਰਚਾ ਕੀਤੀ ਗਈ।
ਵੱਖ-ਵੱਖ ਥਾਵਾਂ ‘ਤੇ ਮੰਗ ਪੱਤਰ ਦੇਣ ਵਾਲੇ ਜਥਿਆਂ ਦੀ ਅਗਵਾਈ ਜਿਲ੍ਹਾ ਆਗੂ ਬਾਜ਼ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਕੁਲਜੀਤ ਸਿੰਘ ਕਾਲੇ ਘਨੂਪੁਰ, ਸੁਖਦੇਵ ਸਿੰਘ ਚਾਟੀਵਿੰਡ, ਗੁਰਦੇਵ ਸਿੰਘ ਗੱਗੋਮਾਹਲ ਤੇ ਹੋਰ ਆਗੂ ਹਾਜ਼ਰ ਸਨ।