Wednesday, December 6, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਇਆ ਵਾਈ-20 ਸਿਖਰ ਸੰਮੇਲਨ

ਸਿਖਿਆ ਹੀ ਸਮਾਜ ਦੇ ਵਿਕਾਸ ਲਈ ਸਭ ਤੋਂ ਵੱਡਾ ਹਥਿਆਰ – ਸਿਖਿਆ ਮੰਤਰੀ
ਅੰਮ੍ਰਿਤਸਰ 15 ਮਾਰਚ (ਸਖਬੀਰ ਸਿੰਘ ਖੁਰਮਣੀਆਂ) – ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਦੀਆਂ ਤੋਂ ਨੌਜੁਆਨ ਹੀ ਵਿਕਾਸ ਦੀਆਂ ਪੈੜਾਂ ਪਾਉਂਦੇ ਆਏ ਹਨ। ਵਿਕਾਸ ਦੇ ਲਈ ਹੁਣ ਤੱਕ ਦਾ ਸਭ ਤੋਂ ਕਾਰਗਰ ਹਥਿਆਰ ਵਿਦਿਆ ਨੂੰ ਹੀ ਮੰਨਿਆ ਗਿਆ ਹੈ, ਜਿਸ ਦੀ ਅੱਜ ਵਾਈ 20 ਸਿਖਰ ਸੰਮੇਲਨ ਹੋਰ ਵਿਗਿਆਨਕ ਸੋਚ ਨਾਲ ਜਾਗ ਲਗਾਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਮਿਲਣਗੇ।
ਸਿਖਿਆ ਮੰਤਰੀ ਬੈਂਸ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਜੀ-20 ਦੇ ਅਧੀਨ ਵਾਈ-20 ਸਿਖਰ ਸੰਮੇਲਨ `ਚ ਮੁੱਖ ਮਹਿਮਾਨ ਦੇ ਤੌਰ `ਤੇ ਹਾਜ਼ਰ ਹੋਏ ਸਨ।ਇਸ ਸੰਮੇਲਨ ਵਿਚ 50 ਅੰਤਰਰਾਸ਼ਟਰੀ ਅਤੇ ਵੱਡੀ ਗਿਣਤੀ ‘ਚ ਰਾਸ਼ਟਰੀ ਡੈਲੀਗੇਟ ਹਾਜ਼ਰ ਹੋਏ।21 ਪੈਨਲਿਸਟਾਂ ਨੇ ਮੁੱਖ ਥੀਮ ਕੰਮ ਦਾ ਭਵਿੱਖ: ਉਦਯੋਗ 4.0, ਨਵੀਨਤਾ ਅਤੇ 21ਵੀਂ ਸਦੀ ਦੇ ਹੁਨਰ `ਤੇ ਵੱਖ-ਵੱਖ ਚਾਰ ਪੜਾਵਾਂ ਅਧੀਨ ਪੈਨਲ ਵਿਚਾਰ ਚਰਚਾ ਕੀਤੀ।ਇਸ ਸਾਰੇ ਸਿਖਰ ਸੰਮੇਲਨ ਨੂੰ ਵੱਖ ਸੋਸ਼ਲ ਮੀਡੀਆ `ਤੇ ਵੀ ਨਾਲੋ-ਨਾਲ ਲਾਈਵ ਕੀਤਾ ਜਾ ਰਿਹਾ ਸੀ।
ਵੱਖ-ਵੱਖ ਵਿਚਾਰ ਚਰਚਾ ਦੌਰਾਨ ਹਾਜ਼ਰ ਡੈਲ਼ੀਗੇਟ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਵੀ ਉਨ੍ਹਾਂ ਵੱਲੋਂ ਬਹੁਤ ਭਾਵਪੂਰਤ ਤਰੀਕੇ ਨਾਲ ਦਿੱਤੇ ਗਏ।ਪੈਨਲ ਚਰਚਾ ਸੈਸ਼ਨ ਵਿਚ ਜਿਥੇ ਨੌਜੁਆਨਾਂ ਦੇ ਭਵਿੱਖ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਗਈ ਉਥੇ ਜੀ.ਐਮ ਫਸਲਾਂ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣਾ, ਮਿੱਟੀ ਦੀ ਸੰਭਾਲ ਅਤੇ ਸੁਰੱਖਿਆ ਆਦਿ ਮੁੱਦਿਆਂ `ਤੇ ਨਿੱਠ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਗੱਲ ਦਾ ਹੋਕਾ ਵੀ ਦਿੱਤਾ ਗਿਆ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਚਾਉਣ ਦੇ ਲਈ ਵਿਗਿਆਨਕ ਤਕਨੀਕਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਬੈਂਸ ਅਤੇ ਮਹਿਮਾਨਾਂ ਦਾ ਇਥੇ ਪੁੱਜਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀਆਂ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਉਂਦਿਆਂ ਅੱਜ ਦੇ ਸਿਖਰ ਸੰਮੇਲਨ ਦੇ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਿਖਰ ਸੰਮੇਲਨ ਕੱਲ੍ਹ ਦੇ ਭਵਿੱਖ ਦੀ ਨੀਂਹ ਰੱਖਣ ਵਿਚ ਮਦਦ ਕਰੇਗਾ।ਇਹ ਸਾਡੇ ਸਾਰਿਆਂ ਵਾਸਤੇ ਅੱਜ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਨੌਜੁਆਨਾਂ ਦੇ ਵਿਸ਼ੇ `ਤੇ ਸੰਮੇਲਨ ਦੀ ਅਗਵਾਈ ਪੰਜਾਬ ਸਰਕਾਰ ਦੇ ਸਭ ਤੋਂ ਨੌਜੁਆਨ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਹਨ।ਜਿਨ੍ਹਾਂ ਦੀ ਸੋਚ ਬਹੁਤ ਦੂਰ ਅੰਦੇਸ਼ੀ ਵਾਲੀ ਹੈ ਅਤੇ ਉਹ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਕੰਮ ਕਰ ਰਹੇ ਹਨ।ਇਸ ਸਮੇਂ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਉਨ੍ਹਾਂ ਨੂੰ ਪੰਜਾਬ ਦੇ ਸਭਿਆਚਾਰ ਦੀ ਪ੍ਰਤੀਕ ਫੁਲਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਵਿਰਾਸਤ ਨੂੰ ਦਰਸਾਉਂਦੀ ਕੌਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਵੀ ਕੀਤਾ।
ਹਰਜੋਤ ਸਿੰਘ ਨੇ ਆਪਣਾ ਸੰਬੋਧਨ ਜਾਰੀ ਰੱਖਦਿਆਂ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲ੍ਹਾਂ ਦਾ ਸਿਹਰਾ ਯੂਨੀਵਰਸਿਟੀ ਪ੍ਰਸ਼ਾਸਨ, ਭਾਈਚਾਰੇ ਅਤੇ ਖਾਸ ਕਰਕੇ ਵਿਦਿਆਰਥੀਆਂ ਸਿਰ ਸਜ਼ਾਇਆ ਉਥੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਸੰਮੇਲਨ ਵੀ ਵਿਦਿਆਰਥੀਆਂ ਵਿਚ ਗਿਆਨ ਵਿਗਿਆਨ ਦੀ ਨਵੀਂ ਚਿਣਗ ਪੈਦਾ ਕਰੇਗਾ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਗੱਲ ਭਲੀਭਾਂਤ ਸਮਝ ਆ ਗਈ ਹੈ ਕਿ ਸਿੱਖਿਆ ਹੀ ਤਰੱਕੀ ਦੇ ਰਾਹ ਖੋਲਦੀ ਹੈ ਅਤੇ ਹਮੇਸ਼ਾਂ ਹੀ ਨੌਜਵਾਨਾਂ ਨੇ ਹੀ ਦੁਨੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ।ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋ ਰਿਹਾ ਯੂਥ-20 ਸਿਖਰ ਸੰਮੇਲਨ ਜਿਥੇ ਪੂਰੀਆਂ ਦੁਨੀਆਂ ਨੂੰ ਨਵੀਂ ਦਿਸ਼ਾ ਦੇਵੇਗਾ, ਉਥੇ ਨੌਜਵਾਨਾਂ ਨੂੰ ਵੀ ਇਸ ਕੌਮਾਂਤਰੀ ਮੰਚ ਤੋਂ ਬਹੁਤ ਆਸਾਂ ਹਨ।ਉਨ੍ਹਾਂ ਕਿਹਾ ਯੂਥ-20 ਵਿੱਚ ਹਿੱਸਾ ਲੈ ਰਹੇ ਸਾਰੇ ਦੇਸ਼ਾਂ ਦੇ ਨੌਜਵਾਨ ਜੇ ਸਿਰ ਜੋੜ ਕੇ ਪੂਰੀ ਦੁਨੀਆਂ ਵਿੱਚ ਬਦਲਾਅ ਲਿਆਉਣ ਲਈ ਭਵਿੱਖ ਵਿੱਚ ਵੀ ਇੰਝ ਹੀ ਇੱਕ ਦੂਜੇ ਨਾਲ ਜੁੜੇ ਰਹਿਣਗੇ ਤਾਂ ਕੋਈ ਕਾਰਨ ਅਜਿਹਾ ਨਹੀਂ ਬਣੇਗਾ ਜੋ ਨੌਜਵਾਨਾਂ ਦੇ ਰਾਹ ਦਾ ਅੜਿੱਕਾ ਬਣੇ।
ਉਨ੍ਹਾਂ ਇਸ ਸਮੇਂ ਆਪਣੇ ਵਿਦਿਆਰਥੀ ਜੀਵਨ ਅਤੇ ਵੱਖ-ਵੱਖ ਦੇਸ਼ਾਂ ਦੇ ਵੱਡੇ ਸਿਖਿਆ ਅਦਾਰਿਆਂ ਵਿੱਚ ਕੀਤੇ ਦੌਰਿਆਂ ਦੇ ਹਵਾਲਿਆਂ ਦੇ ਨਾਲ ਕਿਹਾ ਕਿ ਇਸ ਸਮੇਂ ਭਾਰਤ ਦੇ ਨੌਜਵਾਨ ਪੂਰੀ ਦੁਨੀਆਂ ਵਿੱਚ ਕਾਰਜ਼ਸ਼ੀਲ ਹਨ ਅਤੇ ਆਪਣੇ ਅਗਾਂਹ ਵਧੂ ਵਿਚਾਰਾਂ ਦੀ ਬਦੌਲਤ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ।ਵਾਈ-20 ਸਿਰਫ ਕਹਿਣ ਲਈ ਹੀ ਨਹੀਂ ਸਗੋਂ ਸਾਰੇ ਨੌਜਵਾਨਾਂ ਦੀ ਗਲ ਸੁਣਨ ਦਾ ਵੀ ਇੱਕ ਬੇਹਤਰੀਨ ਮੰਚ ਹੈ, ਜਿਥੇ ਭਾਰਤੀ ਨੌਜਵਾਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਰੱਖਣੇ ਚਾਹੀਦੇ ਹਨ।ਇਹ ਕੌਮਾਂਤਰੀ ਮੰਚ ਨੌਜਵਾਨਾਂ ਨੂੰ ਉਸਾਰੂ ਅਤੇ ਨੀਤੀਗਤ ਸੋਚ ਮੁਹੱਈਆ ਕਰਵਾਉਂਦਾ ਹੈ, ਜਿਸ ਦਾ ਪੂਰੀ ਦੁਨੀਆਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ।ਬਸ ਇਸ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੀ ਲੋੜ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਯੋਗ ਵਜੋਂ ਵਪਾਰਕ ਹੁਨਰ ਸਿੱਖਣ ਦੀ ਯੋਜਨਾ ਸ਼ੁਰੂ ਕੀਤੀ ਹੈ।ਉਨ੍ਹਾਂ ਨੂੰ ਵਿੱਤ, ਲੇਖਾ, ਵਪਾਰ ਆਦਿ ਨਾਲ ਸਬੰਧਤ ਕੋਰਸ ਸਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ 2000 ਰੁਪਏ ਦੀ ਗ੍ਰਾਂਟ ਪ੍ਰਦਾਨ ਕਰਨ ਦਾ ਫੈਸਲਾ ਵੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਵਿਹਾਰਕ ਵਪਾਰਕ ਹੁਨਰ ਸਿੱਖਣ ਲਈ ਹਰੇਕ ਵਿਦਿਆਰਥੀ ਨੂੰ ਵਿਅਕਤੀਗਤ ਤੌਰ `ਤੇ ਜਾਂ ਵੱਧ ਤੋਂ ਵੱਧ ਅੱਠ ਵਿਦਿਆਰਥੀਆਂ ਦੇ ਸਮੂਹ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇਗਾ।
ਇਸ ਦੌਰਾਨ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੈਨਲਿਸਟਾਂ ਨੂੰ ਸਨਮਾਨਿਤ ਕਰਦਿਆਂ ਇਸ ਵਾਈ-20 ਸੰਮੇਲਨ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸੰਮੇਲਨ ਨੌਜੁਆਨਾਂ ਦੇ ਲਈ ਆਉਣ ਵਾਲੇ ਸਮੇਂ ਵਿਚ ਕਾਫੀ ਲਾਭਦਾਇਕ ਸਾਬਤ ਹੋਵੇਗਾ।
ਇਸ ਦੌਰਾਨ ਹੋਏ ਸੈਸ਼ਨਾਂ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਵਿਦਵਾਨਾਂ ਨੇ ਪੈਨਲਿਸਟ ਵਜੋਂ ਸ਼ਿਰਕਤ ਕਰਦਿਆਂ ਐਗਰੀਟੇਕ ਅਤੇ ਖੁਰਾਕ ਸੁਰੱਖਿਆ `ਤੇ ਕੇਂਦਰਤ ਹੁੰਦਿਆਂ ਭਾਰਤੀ ਮੱਕੀ ਖੋਜ਼ ਸੰਸਥਾਨ ਲੁਧਿਆਣਾ ਤੋਂ ਡਾ. ਆਲਾ ਸਿੰਘ ਨੇ ਪੈਨਲ ਦੇ ਬਾਕੀ ਮੈਂਬਰਾਂ ਨਾਲ ਰਸਮੀ ਤੌਰ `ਤੇ ਜਾਣ-ਪਛਾਣ ਕਰਾਈ ਅਤੇ ਕਿਹਾ ਕਿ ਅਸੀਂ ਕੁਦਰਤੀ ਸਰੋਤਾਂ ਦੇ ਸਹਿਜ ਸਬੰਧਾਂ `ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤਾਂ ਕਿ ਸਮਕਾਲੀ ਮੁੱਦਿਆਂ `ਤੇ ਕਾਬੂ ਪਾਉਣ ਲਈ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਜਾ ਸਕੇ।
ਦੂਜੇ ਸੈਸ਼ਨ ਦਾ ਉਪ ਥੀਮ ਗਲੋਬਲ ਅਨਿਸ਼ਚਿਤਤਾ ਅਤੇ ਨੌਕਰੀਆਂ `ਤੇ ਕੇਂਦ੍ਰਿਤ ਸੀ, ਇਸ ਸੈਸ਼ਨ ਲਈ ਉੱਘੇ ਪੈਨਲਿਸਟ ਜੈਵਸਕੀਲਾ ਯੂਨੀਵਰਸਿਟੀ, ਫਿਨਲੈਂਡ ਤੋਂ ਡਾ. ਸ਼ਬ ਹੁੰਦਲ; ਭਵਨੀਤ ਸਿੰਘ ਭੱਲਾ, ਐਡਵੋਕੇਟ ਅਭਿਸ਼ੇਕ ਬਾਂਸਲ; ਦੱਖਣੀ ਅਫ਼ਰੀਕਾ ਤੋਂ ਸ੍ਰੀਮਤੀ ਥਾਬੀਸੋ ਸਿੰਡੀਸਵਾ ਮਚੁਨੂ ਜੋ ਕਿ ਇਸ ਸਮੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸ ਵਿੱਚ ਪੜ੍ਹ ਰਹੀ ਹੈ ਨੇ ਇਸ ਵਿੱਚ ਸ਼ਿਰਕਤ ਕੀਤੀ।ਸੈਸ਼ਨ ਦਾ ਸੰਚਾਲਨ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ, ਨਵੀਂ ਦਿੱਲੀ ਤੋਂ ਡਾ. ਸ਼ਿਖਾ ਨੇ ਕੀਤਾ।
ਵਿਦਿਆਰਥੀਆਂ ਵੱਲੋਂ ਕੀਤੇ ਸੁਆਲਾਂ ਦੇ ਜੁਆਬ ਵਿੱਚ ਡਾ. ਭੱਲਾ ਨੇ ਕਿਹਾ ਕਿ ਅਸੀਂ ਨੌਕਰੀ ਲੱਭਣ ਵਾਲੇ ਕਿਉਂ ਹਾਂ, ਸਾਨੂੰ ਨੌਕਰੀ ਪੈਦਾ ਕਰਨ ਵਾਲੇ ਹੋਣਾ ਚਾਹੀਦਾ ਹੈ। ਇੱਕ ਵਿਦਿਆਰਥੀ ਵੱਲੋਂ ਨੌਕਰੀ ਦੇ ਮੌਕਿਆਂ `ਤੇ ਵਧਦੀ ਆਬਾਦੀ ਦੇ ਪ੍ਰਭਾਵ ਬਾਰੇ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਡਾ. ਹੁੰਦਲ ਨੇ ਜ਼ੋਰ ਦੇ ਕੇ ਕਿਹਾ ਕਿ ਵਧਦੀ ਆਬਾਦੀ ਕੋਈ ਸਮੱਸਿਆ ਨਹੀਂ ਹੈ, ਸਗੋਂ ਇਸ ਨਾਲ ਨਵੀਂ ਪ੍ਰਤਿੱਭਾ ਪੈਦਾ ਹੋਣ ਦੀ ਸੰਭਾਵਨਾ ਵੀ ਵਧਦੀ ਹੈ ਜੋ ਕਿ ਨਵੇਂ ਮੌਕੇ ਪੈਦਾ ਕਰਦੀ ਹੈ।ਉਨਾਂ੍ਹ ਇਹ ਵੀ ਕਿਹਾ ਕਿ ਆਬਾਦੀ ਦਾ ਪਰਵਾਸ ਆਪਣੇ ਆਪ ਹੀ ਸੰਤੁਲਨ ਬਣਾ ਰਿਹਾ ਹੈ, ਕਿਉਂਕਿ ਬਹੁਤ ਸਾਰੇ ਦੇਸ਼ ਹਨ ਜਿਥੇ ਆਬਾਦੀ ਦਾ ਵਾਧਾ ਨਹੀਂ ਹੈ ਅਤੇ ਉਹ ਆਪਣੇ ਦੇਸ਼ਾਂ ਵਿੱਚ ਕੰਮ ਕਰਨ ਲਈ ਕਾਮੇ ਲੱਭ ਰਹੇ ਹਨ।
ਨੈਨੋ ਟੈਕਨਾਲੋਜੀ, ਪਦਾਰਥ ਵਿਗਿਆਨ ਵਿੱਚ ਖੋਜ਼ ਵਿਸ਼ੇ `ਤੇ ਤੀਜੇ ਸੈਸ਼ਨ ਦਾ ਸੰਚਾਲਨ ਇੰਸਟੀਚਿਊਟ ਡੇਸ ਨੈਨੋਸਾਇੰਸ ਡੀ ਪੈਰਿਸ ਤੋਂ ਡਾ. ਤਨਬੀਰ ਕੌਰ ਦੁਆਰਾ ਕੀਤਾ ਗਿਆ ਅਤੇ ਇਸ ਸੈਸ਼ਨ ਦੌਰਾਨ ਆਕਸਫੋਰਡ ਬਰੁਕਸ ਯੂਨੀਵਰਸਿਟੀ ਤੋਂ ਉੱਘੇ ਪੈਨਲਿਸਟ ਡਾ. ਅਮਨਪ੍ਰੀਤ ਕੌਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬੇ, ਮੁੰਬਈ ਤੋਂ ਡਾ. ਕਵੀ ਆਰੀਆ; ਡਾ. ਮਨੀ ਮਧੁਕਰ; ਬੈਲਜੀਅਮ ਤੋਂ ਮਾਜਿਦ ਬਸ਼ੀਰ ਇਸ ਮੌਕੇ ਪੈਨਲਿਸਟ ਚਰਚਾ ਵਿੱਚ ਹਾਜ਼ਰ ਸਨ।
ਚੌਥੇ ਸੈਸ਼ਨ ਵਿਚ ਆਸਟ੍ਰੇਲੀਆ ਤੋਂ ਡਾ. ਬਿਕਰਮਜੀਤ ਸਿੰਘ ਸੇਖੋਂ, ਜਾਪਾਨ ਤੋਂ ਡਾ. ਅਨੁਪਮ ਖਜੂਰੀਆ, ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ, ਨਵੀਂ ਦਿੱਲੀ ਤੋਂ ਰਜਨੀਸ਼ ਸਰੀਨ, ਹਰਕਰਨ ਬੋਪਾਰਾਏ ਤੋਂ ਇਲਾਵਾ ਹੋਰ ਪ੍ਰਸਿੱਧ ਵਿਦਵਾਨ ਪੈਨਲਿਸਟਾਂ ਨੇ ਚੌਥੇ ਸੈਸ਼ਨ ਵਿੱਚ ਹਿੱਸਾ ਲਿਆ।

Check Also

ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਜਗਦੀਪ ਸਿੰਘ ਸੱਗੂ ਅਤੇ ਗੁਰਪ੍ਰੀਤ ਕੌਰ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਜਗਦੀਪ ਸਿੰਘ ਸੱਗੂ ਅਤੇ ਗੁਰਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਨੇ …