Friday, July 26, 2024

ਲੇਖਕ ਮੰਚ ਸਮਰਾਲਾ ਦੀ ਸ਼ਰਫ ਯਾਦਗਾਰੀ ਇਕੱਤਰਤਾ ‘ਚ ਨੀਲੋਂ ਵਿਸ਼ੇਸ਼ ਅੰਕ ਰਲੀਜ਼

ਸਮਰਾਲਾ, 17 ਮਾਰਚ (ਇੰਦਰਜੀਤ ਸਿੰਘ ਕੰਗ) – ‘ਪੰਜਾਬੀ ਮਾਂ ਬੋਲੀ ਦੇ ਬੇਬਾਕ ਵਕੀਲ ਸ਼ਾਇਰ ਬਾਬੂ ਫਿਰੋਜ਼ਦੀਨ ਸ਼ਰਫ ਦਾ ਸਾਹਿਤ ਤੇ ਭਾਸ਼ਾ ਵਿੱਚ ਪਾਇਆ ਵਡਮੁੱਲਾ ਯੋਗਦਾਨ ਅਭੁੱਲ ਹੈ ਤੇ ਪੰਜਾਹਵਿਆਂ ਦੇ ਦੌਰ ਵਿੱਚ ਉਸ ਦੀ ਘਾਲਣਾ ਦਾ ਪੰਜਾਬੀ ਬੋਲਣ ਵਾਲਾ ਹਰ ਵਿਅਕਤੀ ਕਰਜ਼ਾਈ ਹੈ’।ਇਹ ਸ਼ਬਦ ਲੇਖਕ ਮੰਚ (ਰਜਿ.) ਸਮਰਾਲਾ ਦੀ ਬਾਬੂ ਫਿਰੋਜ਼ਦੀਨ ਸ਼ਰਫ ਹੁਰਾਂ ਦੀ ਯਾਦ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਬੋਲਦਿਆਂ ਮੰਚ ਦੇ ਸਰਪ੍ਰਸਤ ਪ੍ਰਿੰ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਹੁਰਾਂ ਆਖੇ।ਲੇਖਕ ਮੰਚ ਵਲੋਂ ਮਾ. ਤਰਲੋਚਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ, ਇਸ ਇਕੱਤਰਤਾ ਵਿੱਚ, ਜਿਥੇ ਬੁਲਾਰਿਆਂ ਨੇ ਫਿਰੋਜ਼ਦੀਨ ਸ਼ਰਫ ਦੀ ਜ਼ਿੰਦਗੀ ਤੇ ਰਚਨਾ ਬਾਰੇ ਵਿਚਾਰ ਸਾਂਝੇ ਕੀਤੇ, ਉਥੇ ਸ਼੍ਰੋਮਣੀ ਬਾਲ ਸਾਹਿਤ ਰਚੇਤਾ ਕਮਲਜੀਤ ਨੀਲੋਂ ਦੇ ਜੀਵਨ ਤੇ ਸਿਰਜਣਾ ਬਾਰੇ ‘‘ਨਿੱਕੀਆਂ ਕਰੂੰਬਲਾਂ’’ ਮੈਗਜ਼ੀਨ ਦਾ ਤਾਜ਼ਾ ‘ਕਮਲਜੀਤ ਨੀਲੋਂ ਵਿਸ਼ੇਸ਼ ਅੰਕ’ ਵੀ ਰਿਲੀਜ਼ ਕੀਤਾ ਗਿਆ।ਸਾਰੇ ਹਾਜ਼ਰ ਮੈਂਬਰਾਂ ਨੇ ਕਮਲਜੀਤ ਨੀਲੋਂ ਨੂੰ ਵਧਾਈ ਵੀ ਦਿੱਤੀ।
ਰਚਨਾਵਾਂ ਦੇ ਦੌਰ ‘ਚ ਪੱਤਰਕਾਰ/ਸ਼ਾਇਰ ਬਲਵੀਰ ਬੱਬੀ ਨੇ ਸ਼ਰਫ ਜੀ ਨੂੰ ਸਤਿਕਾਰ ਭੇਟ ਕਰਦਿਆਂ ਉਸੇ ਰੰਗ ਦੀ ਬਿਹਤਰੀਨ ਰਚਨਾ ‘‘ਮੈਂ ਪੰਜਾਬੀ ਬੋਲੀ ਹਾਂ…’’ ਪੇਸ਼ ਕੀਤੀ।ਇਸ ਕਵਿਤਾ ਦੇ ਵਿਸ਼ਾ ਵਸਤੂ ‘ਤੇ ਭਰਵੀਂ ਚਰਚਾ ਹੋਈ ਤੇ ਸ਼ਾਇਰ ਬਲਵੀਰ ਬੱਬੀ ਨੂੰ ਭਰਪੂਰ ਦਾਦ ਮਿਲੀ।ਪੰਜਾਬੀ ਸ਼ਾਇਰੀ ਦੀ ਸਾਹਿਤਕ ਪਰੰਪਰਾ ਨੂੰ ਪੇਸ਼ ਕਰਦੀ ਮਾ. ਤਰਲੋਚਨ ਸਿੰਘ ਦੀ ਲੰਬੀ ਕਾਵਿ ਰਚਨਾ ‘ਸੁਖਨਵਰਾਂ ਦੀ ਧਰਤੀ ਪੰਜਾਬ ਦੀ….’ ਜਿਸ ਰਾਹੀਂ ਬਾਬਾ ਫਰੀਦ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਸਾਹਿਤ ਸਿਰਜਕਾਂ ਦੇ ਕਾਵਿ ਚਿਤਰ ਪੇਸ਼ ਕੀਤੇ ਗਏ, ਭਰਪੂਰ ਸਲਾਹੀ ਗਈ।ਸ਼ਾਇਰ ਅਵਤਾਰ ਓਟਾਲ ਨੇ ਆਪਣੇ ਵਿਸ਼ੇਸ਼ ਰੰਗ ਵਿਅੰਗ ਭਰਪੂਰ ਰਚਨਾ ‘‘ਮੁੰਡੇ ਦੀ ਰਾਹਦਾਰੀ’’ ਰਾਹੀਂ ਗੀਤ ਆਤਮਕਤਾ ਕਾਇਮ ਰੱਖਦਿਆਂ ਸਮਾਜ ‘ਤੇ ਚੋਟ ਕੀਤੀ।ਨਵੇਂ ਉਭਰ ਰਹੇ ਗਾਇਕ/ਗੀਤਕਾਰ ਅਮਨਦੀਪ ਦਿਆਲਪੁਰਾ ਨੇ ਜ਼ਿੰਦਗੀ ਦੀ ਸੱਚਾਈ ਪੇਸ਼ ਕਰਦਿਆਂ, ‘‘ਓਹੀ ਜੋ ਗੀਤ ਲਿਖਾਉਂਦਾ….’’ ਰਾਹੀਂ ਜਿਥੇ ਆਪਣੀ ਕਲਮ ਦੀ ਤਾਕਤ ਦਿਖਾਈ ਉਥੇ ਆਪਣੀ ਵਧੀਆ ਗਾਇਕੀ ਦਾ ਜਾਦੂ ਵੀ ਬਿਖੇਰਿਆ।
ਪ੍ਰਸਿੱਧ ਚਰਚਿਤ ਸਾਹਿਤਕ ਗੀਤਕਾਰ ਹਰਬੰਸ ਮਾਲਵਾ ਨੇ ਇਕ ਬੇਹੱਦ ਮਹੀਨ ਵਿਸ਼ੇ ‘ਤੇ ਆਪਣਾ ਨਵਾਂ ਗੀਤ, ‘ਸੁਣਦੇ ਨਾ ਪੁੱਛਦੇ ਨੇ, ਊਂ ਤਾਂ ਹਿੱਸਾ ਰੁੱਖ ਦੇ ਨੇ’ ਪੇਸ਼ ਕਰਕੇ ਆਪਣੀ ਸਿਰਜਣ ਸ਼ਕਤੀ ਦਾ ਲੋਹਾ ਮੰਨਵਾਇਆ।ਉਕਤ ਕਾਵਿ ਰਚਨਾਵਾਂ ਤੇ ਬੇਬਾਕ ਪਰ ਤਰਕ ਭਰਪੂਰ ਚਰਚਾ ਵਿੱਚ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਡਾ. ਬੈਨੀਪਾਲ ਸਾਹਿਬ, ਸੁਰਜੀਤ ਵਿਸ਼ਾਦ, ਮੈਨੇਜਰ ਕਰਮ ਚੰਦ ਤੇ ਹੋਰਨਾਂ ਨੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ।
ਨਿੱਕੀਆਂ ਕਹਾਣੀਆਂ ਦੇ ਦੌਰ ਵਿੱਚ ਰੁਪਿੰਦਰਪਾਲ ਸਿੰਘ ਗਿੱਲ ਨੇ ਆਪਣੀ ਰਚਨਾ ‘‘ਸਾਡੇ ਆਲ਼ਾ’’ ਪੜ੍ਹੀ।ਇਸ ਕਹਾਣੀ ‘ਤੇ ਗੱਲ ਕਰਦਿਆਂ ਪ੍ਰਸਿੱਧ ਕਹਾਣੀਕਾਰ ਦਲਜੀਤ ਸ਼ਾਹੀ ਹੁਰਾਂ ਕਈ ਕੀਮਤੀ ਸੁਝਾਅ ਦਿੱਤੇ।
ਇਸ ਉਪਰੰਤ ਕਮਲਜੀਤ ਨੀਲੋਂ ਨੇ ਆਪਣੀ ਨਵੀਂ ਕਹਾਣੀ ‘‘ਘੁਟਨ’’ ਪੜ੍ਹੀ।ਕਹਾਣੀ ਦੀ ਪ੍ਰਤੀਕਆਤਮਕਤਾ ਤੇ ਆਜ਼ਾਦੀ ਦੀ ਤਾਂਘ ਦੇ ਵਿਸ਼ਾ ਵਸਤੂ ਨੇ ਹਾਜ਼ਰ ਮੈਂਬਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।ਨੀਲੋਂ ਦੀ ਦੂਜੀ ਕਹਾਣੀ ‘ਭਜਨੋ ਚਾਚੀ’’ ਵੀ ਪਸੰਦ ਕੀਤੀ ਗਈ।ਇਸ ਕਹਾਣੀ ਦੀ ਕਥਾ ਜੜਂਤ ਤੇ ਸੰਵਾਦੀ ਉਚਾਰਨ, ਜਨ ਜੀਵਨ ਦੀ ਤਰਜ਼ਮਾਨੀ ਕਰਦਾ ਹੈ।ਕਹਾਣੀਕਾਰ ਦਲਜੀਤ ਸ਼ਾਹੀ ਹੁਰਾਂ ਨੇ ਕੁੱਝ ਵਧੀਆ ਨੁਕਤੇ ਸਾਂਝੇ ਕੀਤੇ ਤੇ ਮੈਨੇਜਰ ਕਰਮ ਚੰਦ ਨੇ ਵੀ ਕਹਾਣੀ ਬਾਰੇ ਆਪਣੇ ਵਿਚਾਰ ਰੱਖੇ। ਮੀਟਿੰਗ ਦੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਸੁਰਜੀਤ ਵਿਸ਼ਾਦ ਹੁਰਾਂ ਸੰਚਾਰੂ ਢੰਗ ਨਾਲ ਚਲਾਈ।
ਅੰਤ ‘ਚ ਮੰਚ ਦੇ ਪ੍ਰਧਾਨ ਮਾ. ਤਰਲੋਚਨ ਸਿੰਘ ਨੇ ਆਪਣੀ ਕਵਿਤਾ ‘ਸਿਫਰ ਪਲ ਦੀ ਦਾਸਤਾਨ’ ਪੇਸ਼ ਕੀਤੀ। ਇਸ ਕਵਿਤਾ ਬਾਰੇ ਹਾਊਸ ਵਿੱਚ ਭਰਪੂਰ ਚਰਚਾ ਹੋਈ ਤੇ ਅਗਲੇ ਮਹੀਨੇ ਨਵੀਆਂ ਸਾਹਿਤਕ ਰਚਨਾਵਾਂ ਨਾਲ ਮਿਲਣ ਦੇ ਇਕਰਾਰ ਨਾਲ ਇਹ ਇਕੱਤਰਤਾ ਸੰਪਨ ਹੋਈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …