Saturday, November 2, 2024

‘ਰਾਹੀ ਪ੍ਰੋਜੈਕਟ’ ਅਧੀਨ ਈ-ਆਟੋ ਰਿਕਸ਼ਾ ਸਕੀਮ ਨੂੰ ਡੀਜ਼ਲ ਆਟੋ ਯੂਨੀਅਨਾਂ ਵਲੋਂ ਭਰਵਾਂ ਹੁੰਗਾਰਾ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਸ਼ਹਿਰ ਵਿੱਚ ਪ੍ਰਦੂਸ਼ਣ ਦੇ ਖਾਤਮੇ ਲਈ ਪੁਰਾਣੇ ਡੀਜ਼ਲ ਆਟੋ ਦੀ ਥਾਂ ‘ਤੇ ਈ-ਆਟੋ ਰਿਕਸ਼ਾ ਚਲਾਉਣ ਲਈ ਸਰਕਾਰ ਦੀ ‘ਰਾਹੀ ਪ੍ਰੋਜੈਕਟ’ ਸਕੀਮ ਨੂੰ ਡੀਜ਼ਲ ਆਟੋ ਰਿਕਸ਼ਾ ਯੂਨੀਅਨਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਅੱਜ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਰਣਜੀਤ ਐਵੀਨਿਊ ਦਫ਼ਤਰ ਵਿਖੇ ਮੀਟਿੰਗ ਹੋਈ।ਜਿਸ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਸਕੱਤਰ ਆਰ.ਟੀ.ਏ ਅਰਸ਼ਦੀਪ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਡੀਜ਼ਲ ਆਟੋ ਰਿਕਸ਼ਾ ਯੂਨੀਅਨਾਂ ਦੇ ਪ੍ਰਧਾਨ ਨਗਰ ਨਿਗਮ ਦੇ ਅਧਿਕਾਰੀ ਅਤੇ ਹੋਰ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ।ਕਮਿਸ਼ਨਰ ਨੇ ਸਰਕਾਰ ਦੀ ਪੁਰਾਣੇ ਡੀਜ਼ਲ ਆਟੋ ਦੀ ਥਾਂ ਤੇ ਈ-ਆਟੋ ਰਿਕਸ਼ਾ ਚਲਾਉਣ ਲਈ ਸਰਕਾਰ ਦੀ ‘ਰਾਹੀ ਪ੍ਰੋਜੈਕਟ’ ਸਕੀਮ ਅਪਨਾਉਣ ਲਈ ਧੰਨਵਾਦ ਕੀਤਾ।ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਜੋ ਡੀਜ਼ਲ ਆਟੋ ਰਿਕਸ਼ਾ ਚਾਲਕ ‘ਈ-ਰਿਕਸ਼ਾ’ ਅਪਨਾਉਂਦਾ ਹੈ, ਉਸ ਦਾ ਨਗਰ ਨਿਗਮ ਵਲੋਂ ਇਕ ‘ਪਹਿਲ ਦੇ ਆਧਾਰ ਦਾ ਕਾਰਡ’ ਬਣਾਇਆ ਜਾਵੇਗਾ।ਜਿਸ ਵਿੱਚ ਉਸ ਨੂੰ ਨੀਲਾ ਕਾਰਡ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਆਯੂਸ਼ਮਾਨ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਇਸ ਤੋਂ ਇਲਾਵਾ ਹੋਰ ਲੋਕ ਭਲਾਈ ਦੀਆਂ ਸਕੀਮਾਂ ਉਹਨਾਂ ਨੂੰ ਮਿਲਣਗੀਆਂ।ਸਰਕਾਰ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਵੱਖ-ਵੱਖ ਕੋਣਿਆ ਵਿੱਚ ਈ-ਚਾਰਜਿੰਗ ਸਟੇਸ਼ਨ ਅਤੇ ਪਾਰਕਿੰਗ ਲਈ ਨਗਰ ਨਿਗਮ ਦੀਆਂ ਪਾਰਕਿੰਗਾਂ ਵਿੱਚ ਫ੍ਰੀ ਪਾਰਕਿੰਗ ਲਈ ਸਪੈਸ਼ਲ ਥਾਵਾਂ ਮੁਕੱਰਰ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਈ-ਆਟੋ ਦੀ ਖਰੀਦ ‘ਤੇ 1.40 ਲੱਖ ਰੁਪਏ ਦੀ ਕੈਸ਼ ਸਬਸਿਡੀ ਦੇ ਨਾਲ ਇਹ ਆਟੋ ਦੀ ਕੀਮਤ ਈ-ਰਿਕਸ਼ੇ ਦੇ ਲਗਭਗ ਹੀ ਪੈ ਜਾਂਦੀ ਹੈ, ਜਦਕਿ ਈ-ਰਿਕਸ਼ਾ ਅਣਅਧਿਕਾਰਤ ਹਨ ਅਤੇ ਇਸ ਦੇ ਚਲਾਉਣ ‘ਤੇ ਖਰਚਾ ਵੀ ਵੱਧ ਆਉਂਦਾ ਹੈ।
ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਈ-ਆਟੋ ਲਈ ਆਈ ਇੱਕ ਯੋਜਨਾ ਤਹਿਤ ਪਹਿਲੇ 5000 ਈ-ਆਟੋ ਖਰੀਦਣ ਵਾਲੇ ਚਾਲਕਾਂ ਨੂੰ 1.40 ਲੱਖ ਰੁਪਏ ਦੀ ਸਬਸਿਡੀ ਤੋਂ ਇਲਾਵਾ 30 ਹਜ਼ਾਰ ਰੁਪਏ ਵਧੇਰੇ ਸਬਸਿਡੀ ਦਿੱਤੀ ਜਾਵੇਗੀ ਅਤੇ ਉਹਨਾਂ ਡੀਜ਼ਲ ਆਟੋ ਰਿਕਸ਼ਾ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਦੀ ਇਸ ਸੁਵਿਧਾ ਦਾ ਲਾਭ ਲੈਣ।

Check Also

ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …