Friday, July 19, 2024

ਚੀਫ਼ ਖ਼ਾਲਸਾ ਦੀਵਾਨ ਵਲੋਂ ਸਾਲ 2023-24 ਲਈ 157 ਕਰੋੜ 35 ਲੱਖ ਦਾ ਬਜ਼ਟ ਪਾਸ

ਨਵੇਂ ਸਕੂਲ ਖੋਲਣ ਹਿੱਤ ਜ਼ਮੀਨ ਦੀ ਖਰੀਦ, ਉਸਾਰੀ ਤੇ ਸੀ.ਕੇ.ਡੀ ਸਕੂਲਾਂ ਦੇ ਵਿਕਾਸ ਲਈ ਰੱਖੇ 38 ਕਰੋੜ

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗ) – ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਜ ਦੀਵਾਨ ਅਧੀਨ ਆਉਂਦੇ ਸਮੂਹ ਸਕੂਲਾਂ, ਕਾਲਜਾਂ, ਅਦਾਰਿਆਂ ਦਾ ਸਾਲ 2023-24 ਦਾ ਬਜ਼ਟ ਪੇਸ਼ ਕਰਨ ਅਤੇ ਹੋਰ ਏਜੰਡੇ ਵਿਚਾਰਣ ਤੇ ਪ੍ਰਵਾਨਗੀ ਸੰਬੰਧੀ ਪਹਿਲਾਂ ਕਾਰਜ਼ ਸਾਧਕ ਕਮੇਟੀ ਉਪਰੰਤ ਜਨਰਲ ਹਾਊਸ ਦਾ ਇਜ਼ਲਾਸ ਹੋਇਆ।ਜਿਸ ਦੀ ਪ੍ਰਧਾਨਗੀ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਕੀਤੀ। ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵੱਲੋਂ ਪੜ੍ਹੇ ਗਏ ਏਜੰਡਿਆਂ ਤਹਿਤ ਪਹਿਲਾਂ ਕਾਰਜ਼ ਸਾਧਕ ਕਮੇਟੀ ਵਿਚ ਬਜ਼ਟ ਅਤੇ ਹੋਰ ਏਜੰਡੇ ਪਾਸ ਕਰਵਾਉਣ ਉਪਰੰਤ ਜਨਰਲ ਬਾਡੀ ਦੀ ਇਕਤੱਰਤਾ ਦੌਰਾਨ ਡਾ. ਇੰਦਰਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਚੀਫ਼ ਖ਼ਾਲਸਾ ਦੀਵਾਨ ਦਾ ਸਾਲ 2023-24 ਲਈ ਅਨੁਮਾਨਤ ਬਜ਼ਟ 157 ਕਰੋੜ 35 ਲੱਖ ਰੁਪਏ ਰੱਖਿਆ ਗਿਆ ਹੈ।ਉਹਨਾਂ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਨਾਲੋਂ ਇਸ ਸਾਲ ਦੀਵਾਨ ਦੀ ਕੁੱਲ ਆਮਦਨ ਵਿਚ 15 ਪ੍ਰਤੀਸ਼਼ਤ ਵਾਧਾ ਹੋਇਆ ਹੈ, ਜਦ ਕਿ ਖਰਚਿਆਂ ਦੇ ਹਿਸਾਬ ਨਾਲ ਇਸ ਸਾਲ ਪਿਛਲੇ ਸਾਲ ਨਾਲੋ 32 ਪ੍ਰਤੀਸ਼ਤ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਹੈ।
ਦੀਵਾਨ ਦੀ ਫਾਇਨਾਸ ਕਮੇਟੀ ਦੇ ਮੈਂਬਰ ਅਤੇ ਚਾਰਟਰਡ ਅਕਾਊਟੈਂਟ ਇੰਸਚੀਟਿਊਟ ਅੰਮ੍ਰਿਤਸਰ ਦੇ ਚੇਅਰਪਰਸਨ ਅਜੀਤਪਾਲ ਸਿੰਘ ਅਨੇਜਾ ਨੇ ਬਜ਼ਟ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਨ ਦੇ ਬਜ਼ਟ 2023-2024 ਵਿੱਚ ਨਵੇਂ ਸੀ.ਕੇ.ਡੀ ਸਕੂਲ ਖੋਲਣ ਹਿੱਤ ਜਮੀਨ ਖਰੀਦਣ, ਨਵੀਆਂ ਸਕੂਲ ਬਿਲਡਿੰਗਾਂ ਬਣਾਉਣ ਅਤੇ ਸਕੂਲਾਂ ਦੇ ਵਿਕਾਸ ਵਿਸਥਾਰ ਲਈ 38 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ ਜਿਸ ਤਹਿਤ ਪੁੱਡਾ ਪ੍ਰੋਜੈਕਟ (ਬਟਾਲਾ) ਵਿਖੇ ਨਵੇਂ ਸੀ.ਕੇ.ਡੀ ਸਕੂਲ ਉਸਾਰੀ, ਅਟਾਰੀ ਸਕੂਲ ਨੂੰ ਨਵੀਂ ਜਗ੍ਹਾ ਤੇ ਸਿਫਟ ਕਰਨ ਲਈ, ਹੁਸ਼ਿਆਰਪੁਰ ਅਤੇ ਆਸਲ ਉਤਾਰ (ਤਰਨਤਾਰਨ) ਸਕੂਲ ਦੇ ਨਾਲ ਲੱਗਦੀ ਜ਼ਮੀਨ ਖਰੀਦਣ ਅਤੇ ਬਿਲਡਿੰਗ ਉਸਾਰੀ ਲਈ, ਸੁਰ ਸਿੰਘ (ਤਰਨ ਤਾਰਨ) ਸੀ.ਕੇ.ਡੀ ਸਕੂਲ ਦੀ ਲੀਜ਼ ‘ਤੇ ਲਈ ਜ਼ਮੀਨ ਨੂੰ ਦੀਵਾਨ ਦੇ ਨਾਮ ‘ਤੇ ਤਬਦੀਲ ਕਰਨ ਲਈ ਵਰਤੀ ਜਾਵੇਗੀ।ਇਸ ਤੋ ਇਲਾਵਾ ਧਰਮ ਪ੍ਰਚਾਰ ਲਈ 44 ਲੱਖ ਅਤੇ ਆਦਰਸ਼ ਸਕੂਲਾਂ ਲਈ ਮੁਫਤ ਕਿਤਾਬਾਂ, ਵਰਦੀਆਂ ਅਤੇ ਹੋਰਨਾਂ ਖਰਚਿਆਂ ਲਈ 1 ਕਰੋੜ 52 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ।
ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਦੀਵਾਨ ਅਧੀਨ ਚੱਲ ਰਹੇ ਸਕੂਲਾਂ ਵਿਚ ਸਿੱਖ ਮਨਿਓਰਟੀ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਪੱਖੋ ਸਹਾਇਤਾ ਮਿਲੇਗੀ।ਮੀਟਿੰਗ ਵਿਚ ਸਮੂਹ ਮੈਂਬਰ ਸਾਹਿਬਾਨ ਨੇ ਬਜ਼ਟ ਨੂੰ ਪ੍ਰਵਾਨਗੀ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਹ ਬਜ਼ਟ ਚੀਫ਼ ਖ਼ਾਲਸਾ ਦੀਵਾਨ ਦੀਆਂ ਭਵਿੱਖ ਦੀਆ ਲੋੜ੍ਹਾਂ ਅਤੇ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰੇਗਾ।
ਮੀਟਿੰਗ ਦੌਰਾਨ ਬਿਲਡਿੰਗ ਕਮੇਟੀ ਦੇ ਕਨਵੀਨਰ ਹਰਵਿੰਦਰਪਾਲ ਸਿੰਘ ਚੁੱਘ ਨੇ ਦੀਵਾਨ ਨੂੰ ਆਰਥਿਕ ਲਾਭ ਪਹੁੰਚਾਉਣ ਹਿੱਤ ਬਿਲਡਿੰਗ ਕਮੇਟੀ ਵਲੋਂ ਅਪਣਾਈ ਜਾ ਰਹੀ ਪਾਰਦਰਸ਼ੀ ਅਤੇ ਸੁਚਾਰੂ ਕਾਰਜ ਪ੍ਰਣਾਲੀ ਬਾਰੇ ਚਾਨਣਾ ਪਾਇਆ।ਜਿਸ ਦੀ ਸਮੂਹ ਮੈਂਬਰ ਸਾਹਿਬਾਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।ਪੰਜਾਬੀ ਭਾਸ਼ਾ ਨੂੰ ਪ੍ਰਫੂਲਿਤ ਕਰਨ ਹਿੱਤ ਸਮੂਹ ਸੀ.ਕੇ.ਡੀ ਸਕੂਲਾਂ ਵਿਚ ਗੁਰਮੁੱਖੀ ਪੈਂਤੀ ਅਤੇ ਗਿਣਤੀ ਨੂੰ ਸਜ਼ਾਵਟੀ ਬੋਰਡ ਬਣਾ ਕੇ ਲਗਾਉਣ ਦਾ ਵੀ ਨਿਰਣਾ ਲਿਆ ਗਿਆ।
ਮੀਟਿੰਗ ਦੇ ਅਗਲੇ ਏਜੰਡੇ ਅਨੁਸਾਰ ਦੀਵਾਨ ਦੇ ਕੁੱਝ ਮੈਂਬਰ ਸਾਹਿਬਾਨ ਵੱਲੋਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ‘ਤੇ ਚੀਫ਼ ਖ਼ਾਲਸਾ ਦੀਵਾਨ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਸੀ।ਜਿਸ ਤਹਿਤ ਪ੍ਰਧਾਨ ਡਾ. ਨਿੱਜ਼ਰ ਨੂੰ ਜਨਰਲ ਹਾਊਸ ਵੱਲੋਂ ਉਹਨਾਂ ਮੈਂਬਰ ਸਾਹਿਬਾਨ ਪ੍ਰਤੀ ਯੋਗ ਕਾਰਵਾਈ ਕਰਨ ਦੇ ਅਖਤਿਆਰ ਦਿੱਤੇ ਗਏ ਸੀ।ਸੋ ਜਨਰਲ ਹਾਊਸ ਵਿੱਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੂੜ ਪ੍ਰਚਾਰ ਕਰ ਰਹੇ ਮੈਂਬਰ ਸਾਹਿਬਾਨ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨ ਦੀ ਕਾਰਵਾਈ ਬਾਬਤ ਜਾਣਕਾਰੀ ਦਿੱਤੀ ਗਈ।
ਅਗਲੇ ਏਜੰਡੇ ਅਨੁਸਾਰ ਮਿਤੀ 23-12-2022 ਨੂੰ ਆਯੋਜਿਤ ਕਾਰਜ-ਸਾਧਕ ਕਮੇਟੀ ਦੀ ਇਕੱਤਰਤਾ ਵਿਚ ਪਾਸ ਹੋਏ ਮਤੇ ਅਨੁਸਾਰ ਸਮੂਹ ਮੈਂਬਰ ਸਾਹਿਬਾਨ ਵੱਲੋਂ ਪ੍ਰਧਾਨ ਡਾ. ਨਿੱਜ਼ਰ ਨੂੰ ਮੁਕੱਦਮੇ ਦਾ ਜੁਆਬ ਦਾਅਵਾ ਦੇਣ ਲਈ ਸਰਬ-ਸੰਮਤੀ ਨਾਲ ਅਧਿਕਾਰ ਦਿੱਤੇ ਗਏ ਸਨ।ਜਿਸ ਤਹਿਤ ਦੀਵਾਨੀ ਦਾਅਵਿਆਂ, ਕਿਰਾਏ ਦੇ ਕੇਸਾਂ, ਅਜਰਾਅ ਵਾਲੇ ਤੇ ਫੁੱਟਕਲ ਮੁਕੱਦਮਿਆਂ ਆਦਿ ਲਈ ਦੀਵਾਨ ਦੇ ਮੈਂਬਰ ਡਾ.,ਸੂਬਾ ਸਿੰਘ (ਐਲ.ਐਲ.ਬੀ) ਨੂੰ ਸਰਬਸੰਮਤੀ ਨਾਲ ਅਧਿਕਾਰ ਦਿੱਤੇ ਗਏ।
ਅੰਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵੱਲੋਂ ਸਮੂਹ ਮੈਂਬਰਾਂ ਨੂੰ ਦੀਵਾਨ ਦੇ ਵਿਕਾਸ ਲਈ ਗਠਿਤ ਕਮੇਟੀਆਂ ਵਿਚ ਸਵੈ-ਇੱਛਾ ਨਾਲ ਸ਼ਾਮਲ ਹੋ ਕੇ ਸੇਵਾ ਕਰਨ ਲਈ ਸੱਦਾ ਦਿੱਤਾ।
ਉਪਰੰਤ ਇਕੱਤਰਤਾ ਦੌਰਾਨ ਜਨਰਲ ਹਾਊਸ ਦੀ ਮੀਟਿੰਗ ਵਿੱਚ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ, ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਡੀਸ਼ਨਲ ਸਕੱਤਰਾਂ ਵਿਚ ਸ਼ਾਮਲ ਜਸਪਾਲ ਸਿੰਘ ਢਿੱਲੋਂ, ਹਰਜੀਤ ਸਿੰਘ (ਤਰਨ ਤਾਰਨ) ਅਤੇ ਸੁਖਦੇਵ ਸਿੰਘ ਮੱਤੇਵਾਲ, ਪ੍ਰਿੰਸੀਪਲ ਜਗਦੀਸ਼ ਸਿੰਘ, ਮਨਮੋਹਨ ਸਿੰਘ, ਕੁਲਦੀਪ ਸਿੰਘ ਮਜੀਠਾ, ਡਾ. ਤਰਵਿੰਦਰ ਸਿੰਘ ਚਾਹਲ, ਪ੍ਰੋ. ਸੂਬਾ ਸਿੰਘ, ਹਰਵਿੰਦਰਪਾਲ ਸਿੰਘ ਚੁੱਘ, ਅਜੀਤਪਾਲ ਸਿੰਘ ਅਨੇਜਾ, ਗੁਰਪ੍ਰੀਤ ਸਿੰਘ ਸੇਠੀ, ਰਜਿੰਦਰ ਸਿੰਘ ਮਰਵਾਹਾ, ਹਰਿੰਦਰਪਾਲ ਸਿੰਘ ਸੇਠੀ, ਡਾ. ਆਤਮਜੀਤ ਸਿੰਘ ਬਸਰਾ, ਇੰਦਰਜੀਤ ਸਿੰਘ ਅੜੀ, ਅਮਰਦੀਪ ਸਿੰਘ ਮਰਵਾਹਾ, ਜਸਪਾਲ ਸਿੰਘ (ਰਿਟਾ:) ਪੀ.ਸੀ.ਐਸ, ਨਵਤੇਜ਼ ਸਿੰਘ ਨਾਰੰਗ, ਕੁਲਜੀਤ ਸਿੰਘ ਸਾਹਨੀ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ ਸੇਠੀ, ਸੁਰਿੰਦਰ ਸਿੰਘ ਬਤਰਾ (ਲੁਧਿਆਣਾ) ਰਬਿੰਦਰਬੀਰ ਸਿੰਘ ਭੱਲਾ, ਉਪਕਾਰ ਸਿੰਘ ਛਾਬੜਾ ਆਦਿ 100 ਦੇ ਕਰੀਬ ਮੈਂਬਰ ਹਾਜ਼ਰ ਹੋਏ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …