ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾਣ ਵਾਲੇ ਰਸਤਿਆਂ ਦੀ ਸਫਾਈ, ਵਾਤਾਵਰਣ ਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਸੰਪ੍ਰਦਾਇ ਕਾਰ ਸੇਵਾ ਭੂਰੀਵਾਲਿਆਂ ਵਲੋਂ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਮਿਸ਼ਨ ਤਹਿਤ 2 ਅਪ੍ਰੈਲ ਨੂੰ ਹਾਫ ਮੈਰਾਥਾਨ ਕਰਵਾਈ ਜਾ ਰਹੀ ਹੈ।ਜਿਸ ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਹਨ।ਇਹ ਵਿਚਾਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਤਰਨ ਤਾਰਨ ਰੋਡ ਸਥਿਤ ਡੇਰਾ ਕਾਰ ਸੇਵਾ ਸੰਤ ਭੂਰੀਵਾਲੇ ਵਿਖੇ ਪ੍ਰੈਸ ਨਾਲ ਗੱਲਾਬਾਤ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਰਵਾਈ ਜਾ ਰਹੀ ਹਾਫਮੈਰਾਥਾਨ (21.5 ਕਿਲੋਮੀਟਰ) ਸਬੰਧੀ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਲਈਆਂ ਹਨ।ਵੇਰਕਾ ਬਾਈਪਾਸ (ਆਂਸਲ ਟਾਊਨ) ਤੋਂ ਸਵੇਰੇ 6 ਵਜੇ ਆਰੰਭ ਹੋ ਕੇ ਫਤਹਿਗੜ੍ਹ ਸ਼ੁਕਰਚੱਕ ਤੇ ਹੋਠੀਆਂ ਨਹਿਰ ਦੇ ਪੁਲ ਤੋਂ ਵਾਪਸ ਵੇਰਕਾ ਬਾਈਪਾਸ ਵਿਖੇ ਪੁੱਜ ਕੇ ਮੁਕੰਮਲ ਹੋਵੇਗੀ ਇਸ ਦੌੜ ਲਈ ਵੱਖ-ਵੱਖ ਕੈਟਾਗਿਰੀਆਂ ਵਿੱਚ 3000 ਦੇ ਕਰੀਬ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਪੰਜਾਬ ਤੋਂ ਇਲਾਵਾ ਹਿਮਾਚਲ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਰਾਜਾਂ ਤੋਂ ਵੀ ਵੱਖ-ਵੱਖ ਪ੍ਰੋਫੈਸ਼ਨਲ ਐਥਲੈਟਿਕਸ ਗਰੁੱਪ ਸ਼ਮੂਲੀਅਤ ਕਰਨਗੇ।
ਭਾਬਾ ਭੂਰੀ ਵਾਲਿਆਂ ਕਿਹਾ ਕਿ ਇਸ ਈਵੈਂਟ ਦੇ ਮੁੱਖ ਮਹਿਮਾਨ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਹੋਣਗੇ; ਜਦਕਿ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਤੇ ਡੀ.ਸੀ.ਪੀ ਪ੍ਰਮਿੰਦਰ ਸਿੰਘ ਭੰਡਾਲ ਵੀ ਸ਼ਮੂਲੀਅਤ ਕਰਨਗੇ।ਇਸ ਦੌੜ ਵਿੱਚ ਭਾਗ ਲੈਣ ਵਾਲੇ ਦੌੜਾਕਾਂ ਦਾ ਨਾਮ ਤੇ ਨੰਬਰ ਲਿਖੀ ਡਿਜੀਟਲ ਟਾਈਮਿੰਗ ਚਿੱਪ ਵਾਲੀਆਂ ਟੀ.ਸ਼ਰਟਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ।ਵੱਖ-ਵੱਖ ਥਾਵਾਂ ਪੁਰ ਢੋਲੀ, ਫੌਜੀ ਬੈਂਡ, ਭੰਗੜਾ-ਮਲਵਈ ਗਿੱਧਾ ਟੀਮਾਂ ਤੇ ਨਾਮਵਰ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦੌੜ ਵਿਚ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨਗੇ।ਦੌੜ ਲਈ ਲੋੜੀਂਦਾ ਪਲੇਟਫਾਰਮ, ਪਾਰਕਿੰਗ, ਐਮਰਜੈਂਸੀ ਫਸਟਏਡ ਅਤੇ ਦੌੜਾਕਾਂ ਲਈ ਲੋੜੀਂਦਾ ਨਮਕ ਵਾਲਾ ਪਾਣੀ, ਨਾਰੀਅਲ ਪਾਣੀ ਗੁਲੂਕੋਜ਼, ਵੇਰਕਾ ਲੱਸੀ, ਗੁੜ੍ਹ ਤੇ ਫਲ ਆਦਿ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੈਟਾਗਿਰੀਆਂ ਪਹਿਲੇ, ਦੂਜੇ ਤੇ ਤੀਜੇ ਨੰਬਰ `ਤੇ ਆਉਣ ਵਾਲਿਆਂ ਨੂੰ ਮੈਡਲ ਤੇ ਨਕਦ ਇਨਾਮ ਤੇ ਸ਼ਮੂਲੀਅਤ ਕਰਨ ਵਾਲਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਜਾਣਗੇ।ਹਾਫਮੈਰਾਥਾਨ ਦੀ ਤਿਆਰੀ ਲਈ ਗਠਿਤ ਕੀਤੀ 18 ਮੈਂਬਰੀ ਕਮੇਟੀ ਨੇ ਦਿਨ-ਰਾਤ ਇੱਕ ਕਰਕੇ ਵੱਖ-ਵੱਖ ਵਿਦਿਅਕ ਅਦਾਰਿਆਂ ਤੇ ਪ੍ਰੋਫੈਸ਼ਨਲ ਐਥਲੈਟਿਕ ਗਰੁੱਪਾਂ ਤੱਕ ਪਹੁੰਚ ਕੀਤੀ ਗਈ ਹੈ।
ਇਸ ਮੌਕੇ ਬਾਬਾ ਸੁਖਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਵੇਰਕਾ, ਰਵੀਸ਼ੇਰ ਸਿੰਘ ਖਾਲਸਾ, ਰਾਮ ਸਿੰਘ ਭਿੰਡਰ, ਪ੍ਰੋ. ਸਰਦਾਰਾ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਜੌਲੀ, ਗੁਰਜੀਤ ਸਿੰਘ ਰੰਧਾਵਾ, ਬੀਬੀ ਰਣਜੀਤ ਕੌਰ ਪਿੰਕੀ, ਬੀਬੀ ਰਾਜਵਿੰਦਰ ਕੌਰ, ਭੁਪਿੰਦਰ ਕੌਰ, ਸਰਬਜੀਤ ਸਿੰਘ ਭੁੱਲਰ, ਸੁਖਬੀਰ ਸਿੰਘ ਮਾਹਲ, ਮਨਪ੍ਰੀਤ ਸਿੰਘ ਮੰਨਾ, ਜਸਬੀਰ ਸਿੰਘ ਵੇਰਕਾ, ਗੁਰਬੀਰ ਸਿੰਘ ਸੰਧੂ, ਅਮਨ ਧੰਜੂ, ਤਰਨਦੀਪ ਸਿੰਘ, ਬਲਦੇਵ ਸਿੰਘ, ਬਾਬਾ ਨਾਜ਼ਰ, ਬਾਬਾ ਅਵਤਾਰ ਸਿੰਘ ਆਂਸਲ ਟਾਊਨ ਦੇ ਸੀਨੀਅਰ ਮੈਨੇਜਰ ਪ੍ਰਭਦੀਪ ਸਿੰਘ ਆਦਿ ਵੀ ਮੌਜ਼ੂਦ ਸਨ।