ਮੁੱਖ ਮੰਤਰੀ ਪੰਜਾਬ ਨੂੰ ਜਲਦ ਮਿਲੇਗਾ ਕਮੇਟੀ ਦਾ ਵਫ਼ਦ – ਕਨਵੀਨਰ
ਅੰਮ੍ਰਿਤਸਰ, 8 ਅਪ੍ਰੈਲ (ਦੀਪ ਦਵਿੰਦਰ ਸਿੰਘ) – ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵਲੋਂ ਲੋਕ ਪੱਖੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਿੱਚਲੇ ਜੱਦੀ ਘਰ ਨੂੰ ਵਿਰਾਸਤੀ ਦਰਜ਼ਾ ਦਿਵਾਉਣ ਲਈ ਸੰਘਰਸ਼ ਸਬੰਧੀ ਅੱਜ ਇਥੇ ਵਿਰਸਾ ਵਿਹਾਰ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ।ਜਿਸ ਵਿੱਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਰੰਗਮੰਚ ਤੇ ਸਾਹਿਤ ਨਾਲ ਜੁੜੀਆਂ ਤੇ ਲੋਕ ਪੱਖੀ ਸੰਸਥਾਵਾਂ ਦੇ ਆਗੂ ਤੇ ਪ੍ਰਤੀਨਿਧ ਵੱਡੀ ਗਿਣਤੀ ‘ਚ ਸ਼ਾਮਲ ਹੋਏ।
ਵਿਰਾਸਤ ਸੰਭਾਲ ਕਮੇਟੀ ਦੇ ਕੋਆਰਡੀਨੇਟਰ ਡਾ. ਪਰਮਿੰਦਰ, ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਾਮਰੇਡ ਅਮੋਲਕ ਸਿੰਘ, ਜਤਿੰਦਰ ਸਿੰਘ ਛੀਨਾ ਤੇ ਹੋਰ ਬੁਲਾਰਿਆਂ ਨੇ ਦੱਸਿਆ ਕਿ ਸਰਵਸੰਮਤੀ ਨਾਲ ਲਏ ਗਏ ਫੈਸਲਿਆਂ ਅਤੇ ਪਾਸ ਕੀਤੇ ਮਤਿਆਂ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਭਾਅ ਜੀ ਗੁਰਸ਼ਰਨ ਸਿੰਘ ਦੇ ਵਿਰਾਸਤੀ ਘਰ ਨੂੰ ਢਾਹੇ ਜਾਣ ਤੋਂ ਬਚਾਉਣ ਲਈ ਇਸ ਨੂੰ ਸਰਕਾਰ ਵਲੋਂ ਐਕਵਾਇਰ ਕਰਕੇ ਇਸ ਦੀ ਸਾਂਭ ਸੰਭਾਲ ਲਈ ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਨੂੰ ਸੌਂਪਿਆ ਜਾਵੇ।ਆਗੂਆਂ ਨੇ ਕਿਹਾ ਕਿ ਇਨ੍ਹਾਂ ਮਤਿਆਂ ਨੂੰ ਲਾਗੂ ਕਰਵਾਉਣ ਲਈ ਕਮੇਟੀ ਦਾ ਡੈਪੂਟੇਸ਼ਨ ਜਲਦੀ ਹੀ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ’ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਮਿਲੇਗਾ।ਭਾਅ ਜੀ ਗੁਰਸ਼ਰਨ ਸਿੰਘ ਦੀ ਕੇਵਲ ਪੰਜਾਬ ਦੇ ਲੋਕਾਂ ਜਾਂ ਰੰਗਮੰਚ ਨੂੰ ਹੀ ਦੇਣ ਨਹੀਂ ਸੀ ਬਲਕਿ ਉਹ ਦੁਨੀਆਂ ਭਰ ਦੇ ਲੱਖਾਂ ਲੇਖਕਾਂ, ਰੰਗਕਰਮੀਆਂ ਤੇ ਸੰਘਰਸ਼ਸੀਲ ਲੋਕਾਂ ਦੇ ਰੋਲ ਮਾਡਲ ਵੀ ਸਨ।ਇਸ ਲਈ ਸਰਕਾਰਾਂ ਨੂੰ ਅਜਿਹੇ ਮਹਾਨ ਨਾਟਕਕਾਰ ਤੇ ਲੇਖਕ ਦੇ ਜ਼ੱਦੀ ਘਰ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਥੇ ਪ੍ਰੇਰਨਾ ਲੈ ਸਕਣ।
ਭਾਅ ਜੀ ਦੀਆਂ ਬੇਟੀਆਂ ਡਾ. ਅਰੀਤ ਤੇ ਡਾ. ਨਵਸ਼ਰਨ ਨੇ ਕਿਹਾ ਕਿ ਭਾਅ ਜੀ ਦੇ ਘਰ ਨੂੰ ਢਾਹੇ ਜਾਣ ਤੋਂ ਬਚਾ ਕੇ ਇਸ ਘਰ ਨੂੰ ਵਿਰਾਸਤ ਸੰਭਾਲ ਕਮੇਟੀ ਦੇ ਹਵਾਲੇ ਕੀਤਾ ਜਾਵੇ, ਜੋ ਇਸਦੀ ਲੋੜੀਦੀ ਦੇਖਭਾਲ ਤੇ ਮੁਰੰਮਤ ਆਦਿ ਦੀਆਂ ਜਿੰਮੇਵਾਰੀਆ ਨਿਭਾਵੇ।ਬੁਲਾਰਿਆਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਇਸ ਵਿਰਾਸਤ ਨੂੰ ਬਚਾਉਣ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਸਮੂਹ ਕਿਸਾਨ, ਮਜ਼ਦੂਰ, ਰੰਗਮੰਚ, ਸਾਹਿਤਕ ਤੇ ਲੋਕ ਪੱਖੀ ਜਥੇਬੰਦੀਆਂ ਵਲੋਂ ਜਲਦੀ ਹੀ ਅੰਮ੍ਰਿਤਸਰ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਇਕੱਤਰਤਾ ਨੂੰ ਕਾਮਰੇਡ ਰਤਨ ਸਿੰਘ ਰੰਧਾਵਾ, ਲਖਬੀਰ ਸਿੰਘ ਨਿਜ਼ਾਮਪੁਰਾ, ਲਖਵਿੰਦਰ ਸਿੰਘ, ਵਰਿਆਮ ਨੰਗਲ, ਕਿਸਾਨ ਆਗੂ ਸੰਗਤਪੁਰਾ, ਇਕਬਾਲ ਕੌਰ ਸੌਂਦ ਤੇ ਸਰਦਾਰ ਸਿੰਘ ਚੀਮਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ 28 ਲੋਕ ਪੱਖੀ ਤੇ ਜਮਹੂਰੀ ਜਥੇਬੰਦੀਆਂ ਮੰਚ-ਰੰਗਮੰਚ ਅੰਮ੍ਰਿਤਸਰ, ਬੀ.ਕੇ.ਯੂ ਏਕਤਾ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਪਲਸ ਮੰਚ, ਕਿਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਮਿੰਨੀ ਤ੍ਰੈਮਾਸਿਕ, ਜਮਹੂਰੀ ਅਧਿਕਾਰ ਸਭਾ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ, ਗੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ, ਪੀ.ਐਸ.ਯੂ ਸ਼ਹੀਦ ਰੰਧਾਵਾ, ਪੀ.ਐਸ.ਯੂ ਲਲਕਾਰ, ਨਾਰੀ ਚੇਤਨਾ ਮੰਚ, ਸੀ.ਟੀ.ਯੂ ਪੰਜਾਬ, ਨੌਜਵਾਨ ਭਾਰਤ ਸਭਾ, ਆਰਟ ਨਾਟ ਮੰਚ ਵੇਰਕਾ, ਪੰਜਾਬ ਇਸਤਰੀ ਸਭਾ, ਟੀ.ਐਸ.ਯੂ, ਸਾਫ਼ਮਾ, ਸਾਹਿਤ ਚਿੰਤਨ ਚੰਡੀਗੜ੍ਹ, ਨਾਰਦਰਨ ਰੇਲਵੇ ਮੈਨਜ਼ ਯੂਨੀਅਨ, ਚੰਡੀਗੜ੍ਹ ਸਕੂਲ ਆਫ਼ ਡਰਾਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਕਿਸਾਨ ਯੂਨੀਅਨ ਆਦਿ ਨੇ ਆਪਣਾ ਸਹਿਯੋਗ ਦਿੱਤਾ।