Tuesday, July 29, 2025
Breaking News

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਸ਼ਰੂਮ (ਖੁੰਭਾਂ) ਉਤਪਾਦਨ ਸੰਬੰਧੀ ਟ੍ਰੇਨਿੰਗ

PPN1912201403

ਬਠਿੰਡਾ, 18 ਦਸੰਬਰ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਾਲ 2013 ਦੇ ਉਪਰਾਲੇ ‘ਪੜ੍ਹਾਈ ਦੇ ਨਾਲ-ਨਾਲ ਕਮਾਈ’ ਵਿਚ ਇਕ ਹੋਰ ਅਧਿਆਏ ਜੁੜਿਆ, ਜਿਸਦੇ ਅੰਤਰਗਤ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੂੰ ਖੁੰਭਾਂ ਦੀ ਕਾਸ਼ਤ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਸ਼ਹਿਦ ਉਤਪਾਦਨ ਅਤੇ ਹੋਰ ਖੇਤੀ ਸਹਾਇਕ ਧੰਦੇ ਵਿਦਿਆਰਥੀਆਂ ਵੱਲੋਂ ਬਾਖੂਬੀ ਚਲਾਏ ਜਾ ਰਹੇ ਹਨ। ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਬਾਗਬਾਨੀ ਮਾਹਿਰ ਡਾ. ਭਗਵੰਤ ਸਿੰਘ ਚਹਿਲ ਨੇ ਦੱਸਿਆ ਕਿ ਬੀ. ਐੱਸ. ਸੀ. ਐਗਰੀਕਲਚਰ ਦੇ ਅਖੀਰੀ ਸਾਲ ਦੇ ਵਿਦਿਆਰਥੀਆਂ ਦੀ ਜਿੱਥੇ ਇਹ ਟ੍ਰੇਨਿੰਗ ਸਿਲੇਬਸ ਦਾ ਹਿੱਸਾ ਹੈ, ਉੱਥੇ ਜੂਨੀਅਰ ਵਿਦਿਆਰਥੀਆਂ ਵਿਚ ਵੀ ਮਸ਼ਰੂਮ ਕਾਸ਼ਤ ਟ੍ਰੇਨਿੰਗ ਸੰਬੰਧੀੇ ਕਾਫੀ ਦਿਲਚਸਪੀ ਦਿਖਾਈ ਦੇ ਰਹੀ ਹੈ। ਅਖੀਰੀ ਸਾਲ ਦੇ ਵਿਦਿਆਰਥੀਆਂ ਲਈ ਘੱਟੋ-ਘੱਟ ਮਸ਼ਰੂਮ ਕਾਸ਼ਤ ਦੀ ਇਕ ਇਕਾਈ ਅਤੀ ਜ਼ਰੂਰੀ ਹੈ ਜੋ ਕਿ ਸਰਦ ਰੁੱਤ ਵਿਚ ਚੱਲ ਰਹੀ ਹੈ। ਲੋੜੀਂਦਾ ਮੀਡੀਆ ਅਤੇ ਕੰਪੋਸਟ ਵਿਦਿਆਰਥੀਆਂ ਨੇ ਪਰਾਲੀ ਤੋਂ ਤਿਆਰ ਕੀਤਾ ਅਤੇ ਮਸ਼ਰੂਮ ਉਤਪਾਦਨ ਲਈ ਲੋੜੀਂਦੇ ਨਿਊਟਰੈਂਟਸ ਵਿਦਿਆਰਥੀਆਂ ਨੇ ਇਸ ਵਿਚ ਖੁਦ ਮਿਲਾਏ। ਬਟਨ ਮਸ਼ਰੂਮ ਅਤੇ ਢੀਂਗਰੀ ਮਸ਼ਰੂਮ ਨਾਮਕ ਕਿਸਮਾਂ ਦੇ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਮੰਗਵਾਏ ਗਏ ਹਨ। ਇਸਦੀ ਬਿਜਾਈ ਨਵੰਬਰ ਦੇ ਪਹਿਲੇ ਅੱਧ ਵਿਚ ਕੀਤੀ ਗਈ ਜੋ ਕਿ ਹੁਣ ਭਰਪੂਰ ਝਾੜ ਦੇ ਰਹੀ ਹੈ। ਆਪਣੇ ਹੱਥੀਂ ਕੀਤੇ ਕੰਮ ਦਾ ਵਧੀਆ ਨਤੀਜਾ ਦੇਖ ਕੇ ਬਹੁਤੇ ਵਿਦਿਆਰਥੀ ਇਸ ਧੰਦੇ ਨੂੰ ਪੱਕੇ ਤੌਰ ਤੇ ਅਪਨਾਉਣ ਲਈ ਤਿਆਰ ਹਨ ਜੋ ਕਿ ਪੜਾ੍ਹਈ ਦੇ ਨਾਲ-ਨਾਲ ਨਿਰੰਤਰ ਜਾਰੀ ਰਹੇਗਾ। ਡਾ. ਚਹਿਲ ਦੇ ਦੱਸਣ ਮੁਤਾਬਕ ਗਰਮ ਰੁੱਤ ਵਾਲੀ ਮਸ਼ਰੂਮ ਦੀ ਟ੍ਰੇਨਿੰਗ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਸਿਰਫ ਉਤਪਾਦਨ ਸੰਬੰਧੀ ਹੀ ਨਹੀਂ ਸਗੋਂ ਤਿਆਰ ਉਤਪਾਦ ਦੀ ਕਟਾਈ ਤੋਂ ਬਾਅਦ ਦਾ ਪ੍ਰਬੰਧਨ, ਪੈਕਿੰਗ, ਟਰਾਂਸਪੋਰਟੇਸ਼ਨ ਅਤੇ ਮਾਰਕੀਟਿੰਗ ਦੀ ਟ੍ਰੇਨਿੰਗ ਵੀ ਨਾਲ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਸਮੁੱਚਾ ਪ੍ਰੋਗਰਾਮ ਸਿਲੇਬਸ ਦਾ ਇਕ ਅਹਿਮ ਹਿੱਸਾ ਅਤੇ ਕਮਾਈ ਦਾ ਇਕ ਵਧੀਆ ਸਾਧਨ ਹੋਣ ਕਰਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ‘ਕਮਾਈ ਦੇ ਨਾਲ-ਨਾਲ ਪੜ੍ਹਾਈ’ ਉਪਰਾਲੇ ਨੂੰ ਹੋਰ ਪ੍ਰਫੁੱਲਤ ਕਰੇਗਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਖੇਤੀਬਾੜੀ ਕਾਲਜ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਇਹ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਅਜਿਹੇ ਹੋਰ ਪ੍ਰੋਗਰਾਮ ਉਲੀਕੇ ਜਾਣ ਜੋ ਕਿ ਯੁਵਕ ਪੀੜ੍ਹੀ ਦੀ ਊਰਜਾ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਉਨ੍ਹਾਂ ਨੂੰ ਚੰਗੇ ਉੱਦਮੀ ਅਤੇ ਕਾਮੇ ਨਾਗਰਿਕ ਬਣਾਉਣ ਵਿਚ ਮੱਦਦ ਕਰਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply