ਕਿਹਾ, ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਜਲੰਧਰ ਜਿਮਨੀ ਚੋਣ ‘ਚ ਕਰਾਂਗੇ ਸਖਤ ਵਿਰੋਧ
ਸਮਰਾਲਾ, 10 ਅਪਰੈਲ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੇ ਪਾਵਰਕਾਮ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿੱਛੜ ਚੁੱਕੇੇ ਮੈਂਬਰ ਭਜਨ ਸਿੰਘ ਕੋਟਾਲਾ ਅਤੇ ਚਲਾਣਾ ਕਰ ਗਈ ਗੁਰਮੇਲ ਸਿੰਘ ਮੀਟਰ ਰੀਡਰ ਦੀ ਮਾਤਾ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ ।
ਸਕੱਤਰ ਇੰਜੀ. ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਵਲੋਂ ਲੰਮੇ ਸਮੇਂ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਟਾਲਾ ਵੱਟਿਆ ਜਾ ਰਿਹਾ ਅਤੇ ਸਮਝੌਤੇ ਕਰਕੇ ਵੀ ਲਾਗੂ ਨਹੀਂ ਕੀਤੇ ਜਾ ਰਹੇ।ਮੀਟਿੰਗ ਵਿੱਚ ਮੰਗ ਕੀਤੀ ਕਿ 01-01-2016 ਤੋਂ ਪਹਿਲਾਂ ਰਿਟਾਇਰ ਹੋਏ ਪੈਸ਼ਨਰਾਂ ਦੇ ਪੇਅ ਸਕੇਲ 2.59 ਪ੍ਰਤੀਸ਼ਤ ਰਾਹੀ ਸੋਧੇ ਜਾਣ, 23 ਸਾਲਾ ਸਕੇਲ ਦਿੱਤਾ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ।ਮੈਡੀਕਲ ਭੱਤਾ ਘੱਟੋ ਘੱਟ 2500 ਰੁਪਏ ਕੀਤਾ ਜਾਵੇ।ਬਿਜਲੀ ਵਰਤੋਂ ਦੀ ਰਿਆਇਤ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਵੀ ਜਾਰੀ ਕੀਤਾ ਜਾਵੇ।
ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਇੰਜੀ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਹਰਪਾਲ ਸਿੰਘ ਸਿਹਾਲਾ, ਮਹੇਸ਼ ਕੁਮਾਰ ਖਮਾਣੋਂ, ਜਗਤਾਰ ਸਿੰਘ ਪ੍ਰੈਸ ਸਕੱਤਰ, ਅਮਰਜੀਤ ਸਿੰਘ ਮਾਛੀਵਾੜਾ, ਰਾਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ, ਦਰਸ਼ਨ ਸਿੰਘ ਕੋਟਾਲਾ, ਇੰਜੀ. ਦਰਸ਼ਨ ਸਿੰਘ ਖਜ਼ਾਨਚੀ, ਭੁਪਿੰਦਰਪਾਲ ਚਹਿਲਾਂ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਮੌਜ਼ੂਦਾ ਸਰਕਾਰ ਦਾ ਵਿਰੋਧ ਕਰਕੇ, ਸਬਕ ਸਿਖਾਇਆ ਜਾਵੇਗਾ।
ਅਖੀਰ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਮੰਡਲ ਵਲੋਂ ਮੈਂਬਾਰਨ ਦਾ ਧੰਨਵਾਦ ਕੀਤਾ ਗਿਆ ਅਤੇ ਮਾਰਚ ਮਹੀਨੇ ਪਟਿਆਲਾ ਵਿਖੇ ਰਾਜ ਪੱਧਰੀ ਧਰਨੇ ਦੀ ਪੜਚੋਲ ਵੀ ਕੀਤੀ ਗਈ।