ਸੰਗਰੂਰ, 15 ਅਪ੍ਰੈਲ (ਜਗਸੀਰ ਲੌਂਗੋਵਾਲ) – ਅਧਿਆਪਕਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਸੰਗਰੂਰ ਵਲੋਂ ਇਸ ਸਾਲ ਕਰਵਾਈ ਗਈ ਆਧੁਨਿਕ ਭਾਰਤ ਦੀਆਂ ਮਹਾਨ ਅਧਿਆਪਕਾਵਾਂ ਸਵਿੱਤਰੀ ਬਾਈ ਫੂਲੇ ਅਤੇ ਫ਼ਾਤਿਮਾ ਸ਼ੇਖ ਨੂੰ ਸਮਰਪਿਤ 33ਵੀਂ ਵਜੀਫ਼ਾ ਪ੍ਰੀਖਿਆ ਦਾ ਸਨਮਾਨ ਸਮਾਰੋਹ ਅੱਜ ਅੰਬੇਦਕਰ ਜਯੰਤੀ ਮੌਕੇ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ।ਸਨਮਾਨ ਸਮਾਰੋਹ ਵਿੱਚ ਜਿਲ੍ਹੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਰਿਟ ਵਿੱਚ ਆਏ ਵਿਦਿਆਰਥੀਆਂ, ਉਹਨਾਂ ਦੇ ਮਪਿਆਂ ਅਤੇ ਅਧਿਆਪਕਾਂ, ਇਲਾਕੇ ਦੀਆਂ ਜਨਤਕ ਜ਼ਮਹੂਰੀ ਜਥੇਬੰਦੀਆਂ ਦੇ ਆਗੂਆਂ ਅਤੇ ਡੀ.ਟੀ.ਐਫ. ਦੇ ਮੌਜ਼ੂਦਾ ਅਤੇ ਸਾਬਕਾ ਆਗੂਆਂ ਅਤੇ ਕਾਰਕੁੰਨਾਂ ਨੇ ਹੁੰਮ-ਹੁੰਮਾ ਕੇ ਭਾਗ ਲਿਆ।ਸਮਾਰੋਹ ਦੇ ਸ਼ੁਰੂ ਵਿੱਚ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਅਤੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਮਾਰੋਹ ਵਿੱਚ ਆਏ ਵਿਦਿਆਰਥੀਆਂ ਵਿਚੋਂ ਕਈ ਵਿਦਿਆਰਥੀਆਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਡੀ.ਟੀ.ਐਫ ਆਗੂ ਜਗਦੇਵ ਵਰਮਾ, ਹਰਭਗਵਾਨ ਗੁਰਨੇ, ਨਾਇਬ ਸਿੰਘ ਰਟੋਲਾਂ ਅਤੇ ਲੈਕਚਰਾਰ ਮਨੋਜ ਲਹਿਰਾ ਨੇ ਅਗਾਂਹਵਧੂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਰਿਟਾਇਰਡ ਲੈਕਚਰਾਰ ਅਵਤਾਰ ਸਿੰਘ ਢੀਂਡਸਾ, ਡੀ.ਟੀ.ਐਫ ਦੇ ਸੰਗਰੂਰ ਜਿਲ੍ਹੇ ਦੇ ਸਾਬਕਾ ਪ੍ਰਧਾਨ ਤਰਸੇਮ ਲਾਲ, ਜ਼ਮਹੂਰੀ ਅਧਿਕਾਰ ਸਭਾ ਸੰਗਰੂਰ ਇਕਾਈ ਦੇ ਪ੍ਰਧਾਨ ਸਵਰਨਜੀਤ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਪਰਮਵੇਦ, ਦੇਸ਼-ਭਗਤ ਯਾਦਗਾਰ ਲੌਂਗੋਵਾਲ ਦੇ ਆਗੂ ਜੁਝਾਰ ਲੌਂਗੋਵਾਲ, ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਦੇ ਰਾਕੇਸ਼ ਕੁਮਾਰ ਇਤਿਹਾਸਕਾਰ ਅਤੇ ਵਿਸ਼ਵ ਕਾਂਤ, ਮਾਸਟਰ ਚਰਨਜੀਤ ਕੈਂਥ ਧੂਰੀ, ਅਮਰੀਕ ਸਿੰਘ ਖੋਖਰ ਨੇ ਇਸ ਵਜੀਫ਼ਾ ਪ੍ਰੀਖਿਆ ਦੇ ਇਤਿਹਾਸ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਲੋੜ ਅਤੇ ਮਹੱਤਤਾ `ਤੇ ਚਾਨਣਾ ਪਾਇਆ।ਵਿਦਿਆਰਥੀਆਂ ਦੀ ਚੇਤਨਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਕੀਤੇ ਜਾਂਦੇ ਇਸ ਉਦਮ ਲਈ ਡੀ.ਟੀ.ਐਫ. ਦੀ ਸ਼ਲਾਘਾ ਕੀਤੀ ਗਈ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ, ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕੈਟਾਗਰੀ ਦੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ `ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਵਜ਼ੀਫ਼ਾ ਰਾਸ਼ੀ, ਮੋਮੈਂਟੋ, ਸਰਟੀਫਿਕੇਟ, ਕਿਤਾਬਾਂ ਦੇ ਸੈਟ ਅਤੇ ਡਾਇਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਦੋਵੇਂ ਕੈਟਾਗਰੀਆਂ ਤੇ ਉਕਤ ਜਮਾਤਾਂ ਅਗਲੀਆਂ 10 ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਂਸਲਾ ਵਧਾਊ ਇਨਾਮ ਦੇ ਤੌਰ `ਤੇ ਮੋਮੈਂਟੋ, ਸਰਟੀਫਿਕੇਟ, ਕਿਤਾਬਾਂ ਦੇ ਸੈਟ ਅਤੇ ਡਾਇਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਕੁੱਲ 155 ਵਿਦਿਆਰਥੀਆਂ ਨੂੰ ਇਸ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ।ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਜੋਗਾ ਸਿੰਘ ਨੂੰ ਜਥੇਬੰਦੀ ਨੂੰ ਹਮੇਸ਼ਾਂ ਸਹਿਯੋਗ ਦੇਣ ਬਦਲੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਡੀ.ਟੀ.ਐਫ ਦੇ ਬੁੱਧੀਜੀਵੀ ਅਧਿਆਪਕਾਂ ਦੁਆਰਾ ਲਿਖੀਆਂ ਪੁਸਤਕਾਂ ਰਿਲੀਜ਼ ਕੀਤਅਿਾਂ ਗਈਆਂ। ਸਟੇਜ ਸਕੱਤਰ ਦੀ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਅਤੇ ਸੁਨਾਮ ਬਲਾਕ ਦੇ ਆਗੂ ਗੁਰਮੇਲ ਬਖਸ਼ੀਵਾਲਾ ਵਲੋਂ ਨਿਭਾਈ ਗਈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …