ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਨੇ ਆਪਣੇ 20ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ।ਪ੍ਰੋ-ਵਾਈਸ ਚੇਅਰਮੈਨ ਡੀ.ਪੀ.ਐਸ ਅੰਮ੍ਰਿਤਸਰ ਵੇਦ ਖੁਰਾਣਾ ਅਤੇ ਪ੍ਰਬੰਧਕੀ ਮੈਂਬਰ ਆਕਾਸ਼ ਖੰਡੇਲਵਾਲ ਅਤੇ ਸੰਜੇ ਮਹੇਸ਼ਵਰੀ ਇਸ ਸਮਾਰੋਹ ਵਿੱਚ ਸ਼ਾਮਲ ਸਨ।ਸਕੂਲ ਅਧਿਆਪਕ ਸਤਿੰਦਰ ਸਿੰਘ ਓਠੀ ਨੇ ਦੱਸਿਆ ਕਿ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਸ੍ਰੀ ਜਪੁਜੀ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਕੀਤੇ ਗਏ ਅਤੇ ਸ਼ਬਦ ਕੀਰਤਨ ਉਪਰੰਤ ਸਰਬਤ ਦੇ ਭਲੇ ਤੇ ਸਕੂਲ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ।
ਉਨਾਂ ਕਿਹਾ ਕਿ ਰਸਮੀ ਦੀਵੇ ਜਗਾਉਣ ਨਾਲ ਸਮਾਰੋਹ ਦੀ ਸ਼ੁਰੂਆਤ ਹੋਈ ਅਤੇ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਸਕੂਲ ਦੇ ਸ਼ਾਨਦਾਰ 20ਸਾਲਾਂ ਦੇ ਸਫ਼ਰ ਨੂੰ ਦਰਸਾਉਂਦੀਆਂ ਝਲਕੀਆਂ ਦਿਖਾਈਆਂ ਗਈਆਂ।ਆਪੋ-ਆਪਣੇ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰ ਰਹੇ ਕੁੱਝ ਸਾਬਕਾ ਵਿਦਿਆਰਥੀਆਂ ਧਰਮਵੀਰ, ਤਨਿਸ਼ਕ, ਈਸ਼ਵਰ ਅਤੇ ਆਰੀਅਨ ਸੇਖੋਂ ਆਦਿ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਈ, ਜਿਸ ਵਿੱਚ ਊਰਜਾ ਅਤੇ ਜੋਸ਼ ਝਲਕਦਾ ਸੀ।ਉਹ ਸਾਰੇ ਪੇਸ਼ ਕੀਤੇ ਸੰਗੀਤ ਨੂੰ ਉਚਾਈਆਂ ਤੱਕ ਲੈ ਗਏ।ਡੀ.ਪੀ.ਐਸ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਰੌਚਕ ਸੰਗੀਤਕ ਅਲੰਕਾਰ ਅਤੇ ਸੂਫੀ ਡਾਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਸਕੂਲ ਦੇ ਸੰਸਥਾਪਕ ਅਧਿਆਪਕ ਸਤਿੰਦਰ ਸਿੰਘ ਓਠੀ ਦੁਆਰਾ ਲਿਖੀ ਪੰਜਾਬੀ ਪੁਸਤਕ ‘ਦੀਵੇ ਸੁੱਚੀ ਸੋਚ ਦੇ’ ਰਲੀਜ਼ ਕੀਤੀ ਗਈ।ਸਾਇੰਸ ਵਿਭਾਗ ਨੇ ਆਪਣਾ ਸਾਇੰਸ ਈ-ਮੈਗਜ਼ੀਨ `ਧਾਰਾ` ਵੀ ਜਾਰੀ ਕੀਤਾ।
ਪ੍ਰੋ-ਵਾਈਸ ਚੇਅਰਮੈਨ ਵੇਦ ਖੁਰਾਣਾ ਨੇ ਸਕੂਲ ਐਲੂਮਨੀ ਦੀ ਪੇਸ਼ਕਾਰੀ ਨੂੰ ਦੇਖ ਕੇ ਮਾਣ ਮਹਿਸੂਸ ਕਰਦਿਆਂ ਅਧਿਆਪਕਾਂ ਵਲੋਂ ਬੱਚਿਆਂ ਨੂੰ ਮਿਹਨਤ ਨਾਲ ਕਰਵਾਈ ਜਾ ਰਹੀ ਪੜ੍ਹਾਈ ਲਈ ਦਿਲੋਂ ਸ਼ੁਕਰਾਨਾ ਕੀਤਾ।ਮੈਨੇਜਮੈਂਟ ਦੇ ਮੈਂਬਰ ਆਕਾਸ਼ ਖੰਡੇਲਵਾਲ ਨੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੀ ਸਫ਼ਲਤਾ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
ਪਿ੍ੰਸੀਪਲ ਕਮਲ ਚੰਦ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਕੂਲ ਦੀ ਬਿਹਤਰੀ ਲਈ ਨਿਰਵਿਘਨ ਭਾਵਨਾ ਤੇ ਹਿੰਮਤ ਨਾਲ ਯਤਨ ਕਰਨ ਦੀ ਵਚਨਬੱਧਤਾ ਪ੍ਰਗਟਾਈ।ਸਮਾਗਮ ਦੀ ਸਮਾਪਤੀ ਮੁੱਖ ਅਧਿਆਪਕਾ ਸ਼੍ਰੀਮਤੀ ਰਾਖੀ ਪੁਰੀ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …