ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮਸ੍ਰੀ ਪ੍ਰਧਾਨ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਮਾਰਗਦਰਸ਼ਨ ਅਤੇ ਆਰੀਆ ਪ੍ਰਾਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਨਿਰਦੇਸ਼ਾਂ ਹੇਠ ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਤਮਾ ਹੰਸਰਾਜ ਜੀ ਦੇ ਪਾਵਨ ਜਨਮ ਦਿਵਸ ਦੇ ਸਬੰਧ ‘ਚ ਅੱਜ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਸਭ ਤੋਂ ਪਹਿਲਾਂ ਸਵੇਰ ਸਮੇਂ ਵਿਸ਼ੇਸ਼ ਹਵਨ ਯੱਗ ਹੋਇਆ।ਜਿਸ ਵਿੱਚ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ, ਵਿਦਿਆਰਥੀਆਂ, ਵਿਦਿਅਰਥਣਾਂ ਤੇ ਅਧਿਆਪਕਾਂ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ ਅਤੇ ਯੱਗ ਦੀ ਪਵਿੱਤਰ ਅਗਨੀ ‘ਚ ਆਹੂਤੀਆਂ ਅਰਪਿਤ ਕੀਤੀਆਂ।ਯੱਗ ਉਪਰੰਤ ਬੱਚਿਆਂ ਵਲੋਂ ਮਹਾਤਮਾ ਹੰਸਰਾਜ ਜੀ ਦੇ ਜੀਵਨ ‘ਤੇ ਆਧਾਰਿਤ ਭਜਨ ਪੇਸ਼ ਕੀਤੇ ਗਏ।ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਮਹਾਤਮਾ ਹੰਸਰਾਜ ਜੀ ਦੀ ਜੀਵਨ ਗਾਥਾ ‘ਤੇ ਆਧਾਰਿਤ ਇੱਕ ਨਾਟਕ ਪੇਸ਼ ਕੀਤਾ ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਹਾਤਮਾ ਹੰਸਰਾਜ ਸਾਡੇ ਪ੍ਰੇਰਣਾਸ੍ਰੋਤ ਹਨ।ਸਮਾਜ ਸੇਵਾ ਤੇ ਮਾਨਵ ਕਲਿਆਣ ਦੀ ਭਾਵਨਾ ਨੂੰ ਸਮਰਪਿਤ ਮਹਾਤਮਾ ਹੰਸਰਾਜ ਜੀ ਜਿਥੇ ਵੀ ਮਾਨਵਤਾ ਨੂੰ ਮੁਸ਼ਕਲ ‘ਚ ਦੇਖਦੇ ਹਨ ਤਾਂ ਤੁਰੰਤ ਸਹਾਇਤਾ ਕਰਨ ਉਥੇ ਪਹੁੰਚ ਜਾਂਦੇ ਹਨ।1905 ਤੋਂ 1935 ਤੱਕ ਹੜ, ਕਾਲ, ਭੂਛਾਲ ਤੇ ਪ੍ਰਕਿਰਤਕ ਘਟਨਾਵਾਂ ‘ਚ ਰਾਹਤ ਕਾਰਜ਼ ‘ਚ ਉਨਾਂ ਦਾ ਯੋਗਦਾਨ ਅਹਿਮ ਹੈ।ਮਹਾਤਮਾ ਜੀ ਨੇ ਹਰਿਦੁਆਰ ‘ਚ ਵੈਦਿਕ ਮੋਹਨ ਆਸ਼ਰਮ ਅਤੇ ਹੋਸ਼ਿਆਰਪੁਰ ‘ਚ ਸਾਧੂ ਆਸ਼ਰਮ ਕੀ ਸਥਾਪਨਾ ਕੀਤੀ।ਇਹਨਾਂ ਨੇ 25 ਸਾਲ ਡੀ.ਏ.ਵੀ ਸਕੂਲ ਲਾਹੌਰ ‘ਚ ਪ੍ਰਿੰਸੀਪਲ ਵਜੋਂ ਕੰਮ ਕੀਤਾ ਅਤੇ ਆਪਣੀਆਂ ਸੇਵਾਵਾਂ ਬਿਨਾਂ ਕਿਸੇ ਤਨਖਾਹ ਦੇ ਹੀ ਕੀਤੀਆਂ।ਉਹਨਾਂ ਨੇ ਸਮਾਜ ਸੇਵਾ ਤੇ ਮਨੁੱਖੀ ਭਲਾਈ ਦਾ ਜੋ ਮਾਰਗ ਦਿਖਾਇਆ ਹੈ, ਸਾਨੂੰ ਸਭ ਨੂੰ ਉਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ।