Thursday, May 29, 2025
Breaking News

ਜ਼ਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) – ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਚੇਅਰਮੈਨ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮਿ੍ਰਤਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੇ ਸਕੱਤਰ ਸ. ਰਛਪਾਲ ਸਿੰਘ, ਪੀ.ਸੀ.ਐਸ ਕਮ ਸੀ.ਜੇ.ਐਮ ਅੰਮ੍ਰਿਤਸਰ ਦੀ ਅਗਵਾਈ ਹੇਠ ਵੇਰਕਾ ਬਲਾਕ ‘ਚ ਆਉਦੇ ਪਿੰਡ ਸਚੰਦਰ ਅਤੇ ਪਿੰਡ ਮੀਰਾ ਕੋਟ ਖੁਰਦ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੁਆਰਾ ਦਿੱਤੀਆਂ ਜਾਂਦੀਆਂ ਵੱਖ-ਵੱਖ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ।ਪਿੰਡ ਸਚੰਦਰ ਵਿਖੇ ਸੈਮੀਨਾਰ ਪਿੰਡ ਦੇ ਸਰਕਾਰੀ ਮਿਡਲ ਸਕੂਲ, ਪਿੰਡ ਮੀਰਾ ਕੋਟ ਖੁਰਦ ਪਿੰਡ ਦੀ ਗਰਾਊਂਡ ਵਿੱਚ ਕਰਵਾਇਆ ਗਿਆ।
ਜ਼ਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਬਾਲ ਕ੍ਰਿਸ਼ਨ ਭਗਤ ਐਡਵੋਕੇਟ, ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਕਾਨੂੰਨੀ ਸਰਵਿਸ ਅਥਾਰਟੀ ਐਕਟ 1987 ਅਧੀਨ ਹੋਂਦ ਵਿੱਚ ਆਈ ਹੈ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਅਕਤੀ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਟੋਲ ਫਰੀ ਹੈਲਪ ਲਾਈਨ ਨੰਬਰ 1968 ਹੈ ਅਤੇ ਜੇਕਰ ਕਿਸੇ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਹੋਵੇ ਤਾਂ ਉਹ ਇਸ ਨੰਬਰ ’ਤੇ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾ ਕੇ ਇੰਨਾਂ ਤੋਂ ਬਚਣ ਅਤੇ ਸਰੀਰ ’ਚ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕਰਾਇਆ ਗਿਆ।ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣੇ ਕਾਨੂੰਨਾਂ, ਘਰੇਲੂ ਹਿੰਸਾ ਰੋਕਣ ਸਬੰਧੀ ਕਾਨੂੰਨਾਂ ਅਤੇ ਰੈਗਿੰਗ ਵਿਰੋਧੀ ਕਾਨੂੰਨਾਂ, ਸੀਨੀਅਰ ਸਿਟੀਜ਼ਨ ਅਤੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਕਿਸੇ ਵੀ ਵਰਗ ਨਾਲ ਸਬੰਧਿਤ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਹਾਸਲ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਲੋਕ ਮੁਕੱਦਮੇਬਾਜ਼ੀ ਨੂੰ ਘੱਟ ਕਰਨ ਲਈ ਆਪਣੇ ਝਗੜਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀ ਕਰਵਾਉਣ, ਜਿਥੇ ਉਨਾਂ ਨੂੰ ਸਹੀ, ਸਸਤਾ, ਆਸਾਨ ਨਿਆਂ ਮਿਲ ਸਕੇ।ਉਨ੍ਹਾਂ ਲੋਕ ਅਦਾਲਤ ਵਿੱਚ ਕੇਸ ਲਗਾਉਣ ਦੇ ਤਰੀਕੇ, ਮਨਰੇਗਾ ਸਕੀਮ, ਔਰਤਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾਂ ਅਤੇ ਪੰਜੀਕਿ੍ਰਤ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਐਕਟ 1996 ਅਧੀਨ ਬਣਾਏ ਰੂਲਜ਼ 265 ਅਨੁਸਾਰ ਪ੍ਰਵਾਨਿਤ ਕਿਰਤ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਬਿਜਲੀ, ਪਾਣੀ ਦੇ ਕੇਸ, ਘਰੇਲੂ ਗੈਸ ਕੁਨੈਕਸ਼ਨ, ਬੈਕਿੰਗ, ਬੀਮਾ ਕੰਪਨੀਆਂ, ਡਾਕ ਤਾਰ ਵਿਭਾਗ, ਹਸਪਤਾਲ, ਟਰਾਂਸਪੋਰਟ ਅਤੇ ਹੋਰ ਸਾਰੀਆਂ ਜਨਤਕ ਸੇਵਾਵਾਂ ਚਾਹੇ ਉਹ ਸਰਕਾਰੀ ਖੇਤਰ ਵਲੋਂ ਜਾਂ ਨਿੱਜੀ ਖੇਤਰ ਵਲੋਂ ਦਿੱਤੀਆਂ ਜਾ ਰਹੀਆਂ ਹੋਣ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਥਾਈ ਲੋਕ ਅਦਾਲਤ ਦੀ ਜਨਤਕ ਸਰਵਿਸ ਵਿੱਚ ਕੀਤਾ ਜਾਂਦਾ ਹੈ, ਇਸ ਲਈ ਕੋਈ ਸਰਕਾਰੀ ਫੀਸ ਜਾਂ ਵਕੀਲ ਕਰਨ ਦੀ ਲੋੜ ਨਹੀਂ ਸ਼ਿਕਾਇਤ ਕਰਤਾ ਕੇਵਲ ਇਕ ਸਾਧਾਰਨ ਕਾਗਜ਼ ’ਤੇ ਆਪਣੀ ਸ਼ਿਕਾਇਤ ਲਿਖ ਕੇ ਦੇ ਦੇਵੇ ਤਾਂ ਅਦਾਲਤ ਵਲੋਂ ਸਬੰਧਤ ਵਿਭਾਗ ਕੋਲੋਂ ਜਵਾਬ ਲੈ ਕੇ 30 ਦਿਨਾਂ ਦੇ ਅੰਦਰ ਕੇਸ ਹੱਲ ਕੀਤਾ ਜਾਂਦਾ ਹੈ।ਲੋਕ ਅਦਾਲਤ ਵਲੋਂ ਕੀਤਾ ਗਿਆ ਫੈਸਲਾ ਦੁਬਾਰਾ ਹੋਰ ਕਿਸੇ ਵੀ ਅਦਾਲਤ ਵਿੱਚ ਨਹੀ ਲਗਾਇਆ ਜਾ ਸਕਦਾ।
ਸੈਮੀਨਾਰ ਵਿੱਚ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਪਿੰਡ ਮੀਰਾ ਕੋਟ ਖੁਰਦ ਦੇ ਲੋਕਾਂ ਨੇ ਟੀਮ ਦੇ ਮੈਂਬਰਾਂ ਨੇ ਦਿੱਤੀ ਗਈ ਜਾਣਕਾਰੀ ਧਿਆਨ ਨਾਲ ਸੁਣੀ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …