Sunday, December 22, 2024

ਜਲਦ ਰਲੀਜ਼ ਹੋ ਰਹੀ ਹੈ ਪੰਜਾਬੀ ਫਿਲਮ `ਗੋਡੇ ਗੋਡੇ ਚਾਅ`

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ `ਗੋਡੇ ਗੋਡੇ ਚਾਅ` ਜਲਦ ਹੀ ਭਾਰਤ ਤੇ ਹੋਰ ਦੇਸ਼ਾਂ `ਚ ਰਲੀਜ਼ ਹੋਣ ਜਾ ਰਹੀ ਹੈ।ਦਰਸ਼ਕਾਂ ‘ਚ ਫਿਲਮ ਨੂੰ ਲੈ ਕੇ ‘ਗੋਡੇ ਗੋਡੇ ਚਾਅ’ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਫ਼ਿਲਮ ਪ੍ਰਤੀ ਉਤਸੁਕਤਾ ਇਸ ਹੱਦ ਤੱਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਰਹੇ ਹਨ।ਜ਼ੀ ਸਟੂਡੀਓਜ਼ ਅਤੇ ਵੀ.ਐਚ ਐਂਟਰਟੇਨਮੈਂਟ ਬੈਨਰ ਦੀ ਇਸ ਫ਼ਿਲਮ ਵਿਚ ਅਦਾਕਾਰਾ ਸੋਨਮ ਬਾਜਵਾ, ਤਾਨੀਆ, ਗਾਇਕ ਤੋਂ ਨਾਇਕ ਬਣੇ ਗੀਤਾਜ਼ ਬਿੰਦਰਖੀਆ ਅਤੇ ਗਾਇਕ ਗੁਰਜੈਜ਼ ਮੁੱਖ ਭੂਮਿਕਾਵਾਂ ਵਿੱਚ ਹਨ।ਜ਼ੀ ਸਟੂਡੀਓਜ਼ ਮੁੱਖ ਧਾਰਾ ਦੀਆਂ ਬਾਲੀਵੁੱਡ ਫਿਲਮਾਂ ਵਿੱਚ ਸ਼ਾਨਦਾਰ ਸਫਲਤਾ ਦੇ ਨਾਲ-ਨਾਲ ਖੇਤਰੀ ਮਨੋਰੰਜ਼ਨ ਕਾਰੋਬਾਰ ਵਿੱਚ ਵੱਡੇ ਰਿਕਾਰਡ ਕਾਇਮ ਕਰ ਰਿਹਾ ਹੈ ਅਤੇ ਜ਼ੀ ਸਟੂਡੀਓਜ਼ ਦੇ ਖੇਤਰੀ ਸਿਨੇਮਾ ਨੂੰ ਪਿਛਲੇ ਸਾਲ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ।
ਇਸ ਫਿਲਮ ਦੀ ਕਹਾਣੀ ਪੰਜਾਬ ਪੰਜਾਬੀਅਤ ਅਤੇ ਵਿਰਸੇ ਨਾਲ ਜੁੜੇ ਹੋਏ ਇੱਕ ਸਮਰੱਥ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ।ਜਿਸ ਦੇ ਜਿਹਨ ‘ਚ ਹਮੇਸ਼ਾਂ ਹੀ ਸਮਾਜਿਕ ਅਤੇ ਸੱਭਿਆਚਾਰਕ ਅਧਾਰਿਤ ਕਹਾਣੀਆਂ ਉਭਰਦੀਆਂ ਹਨ ਤੇ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ।ਇਹ ਫਿਲਮ ਇਕ ਖੂਬਸੂਰਤ, ਦਿਲ ਨੂੰ ਛੂਹ ਲੈਣ ਵਾਲੀ 90 ਦੇ ਦਹਾਕੇ ਦੇ ਮਰਦ-ਪ੍ਰਧਾਨ ਸਮਾਜ `ਤੇ ਇੱਕ ਵਿਅੰਗ ਹੈ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਔਰਤਾਂ ਨੇ ਆਪਣੇ ਲਈ ਸਟੈਂਡ ਲਿਆ ਅਤੇ ਸਫਲਤਾ ਹਾਸਲ ਕੀਤੀ।
ਫ਼ਿਲਮ ਵਿੱਚ ਸੋਨਮ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਦੀ ਸ਼ਾਨਦਾਰ ਅਦਾਕਾਰੀ ਰਾਹੀਂ ਔਰਤਾਂ ਦੀ ਸ਼ਕਤੀ ਨਜ਼ਰ ਆਵੇਗੀ।ਇਸ ਫਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਸੁਪਰਹਿੱਟ ਫਿਲਮ `ਗੁੱਡੀਆਂ ਪਟੋਲੇ` ਅਤੇ `ਕਲੀ ਜੋਟਾ` ਦਾ ਨਿਰਦੇਸ਼ਨ ਵੀ ਕੀਤਾ ਸੀ।ਸ਼ਾਰਿਕ ਪਟੇਲ, ਸੀ.ਬੀ.ਓ.ਜ਼ੀ ਸਟੂਡੀਓਜ਼ ਅਨੁਸਾਰ ਇਹ ਇਕ ਚੰਗੀ ਫ਼ਿਲਮ ਹੈ, ਜੋ ਪੁਰਾਣੇ ਸਮਿਆਂ ਦੇ ਮਰਦ ਪ੍ਰਧਾਨ ਸਮਾਜ ਨੂੰ ਦਿਲ-ਖਿੱਚਵੇਂ ਢੰਗ ਨਾਲ ਪੇਸ਼ ਕਰਦੀ ਹੈ।ਅਜਿਹੀਆਂ ਕਹਾਣੀਆਂ ਨੂੰ ਪਰਦੇ ‘ਤੇ ਪੇਸ਼ ਕਰਨਾ ਜ਼ਰੂਰੀ ਹੈ, ਜੋ ਮਨੋਰੰਜਨ ਦੇ ਨਾਲ-ਨਾਲ ਔਰਤਾਂ ਦੇ ਸ਼ਕਤੀਕਰਨ ਨੂੰ ਪਰਿਭਾਸ਼ਿਤ ਕਰਦੀਆਂ ਹਨ।2305202305

ਹਰਜਿੰਦਰ ਸਿੰਘ ਜਵੰਦਾ
ਮੋ – 9463828000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …