ਆਮ ਤੌਰ ‘ਤੇ ਇਹ ਧਾਰਨਾ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਮਹਾਨ ਹੁੰਦਾ ਹੈ।ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ।ਪਰ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦਾ ਭਵਿੱਖ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਬੱਚੇ ਦੇ ਜੀਵਨ ਵਿੱਚ ਪਿਤਾ ਦੀ ਭੂਮਿਕਾ ਓਨੀ ਹੀ ਹੁੰਦੀ ਹੈ, ਜਿੰਨੀ ਇੱਕ ਮਾਂ ਦੀ।ਪਿਤਾ ਤਿਆਗ ਅਤੇ ਸਮਰਪਣ ਦੀ ਮਿਸਾਲ ਹੁੰਦਾ ਹੈ।ਪਿਤਾ ਹੀ ਬੱਚੇ ਨੂੰ ਸਮਾਜ ਦੀਆਂ ਸਾਰੀਆਂ ਬੁਰਾਈਆਂ ਤੋਂ ਬਚਾਉਂਦਾ ਹੈ।ਪਿਤਾ ਖੁੱਦ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦੇ ਹਨ।ਪਿਤਾ ਆਪਣੇ ਪਰਿਵਾਰ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰ ਸਕੇ।ਇਸ ਮਿਹਨਤ ਦਾ ਸਨਮਾਨ ਕਰਨ ਲਈ ਅਸੀਂ ਹਰ ਸਾਲ ਪਿਤਾ ਦਿਵਸ ਮਨਾਉਂਦੇ ਹਾਂ।
ਮਾਂ ਮਮਤਾ ਦੀ ਛਾਂ ਦਿੰਦੀ ਹੈ, ਪਰ ਬੱਚੇ ਨੂੰ ਸਹੀ ਰਾਹ ਦਿਖਾਉਣ ਲਈ ਪਿਤਾ ਨੂੰ ਸਖ਼ਤ ਹੋਣਾ ਪੈਂਦਾ ਹੈ।ਬੱਚੇ ਲਈ ਜਿਸ ਤਰ੍ਹਾਂ ਦਾ ਪਿਆਰ ਮਾਂ ਦਿਖਾਉਂਦੀ ਹੈ, ਉਸ ਦਾ ਇਜ਼ਹਾਰ ਪਿਤਾ ਅਕਸਰ ਨਹੀਂ ਕਰ ਪਾਉਂਦੇ, ਪਰ ਉਸ ਨੂੰ ਦਿਖਾਏ ਜਾਂ ਦਿਖਾਏ ਬਿਨਾਂ, ਬੱਚੇ ਨੂੰ ਜਿੰਦਗੀ ਦੀਆਂ ਖੁਸ਼ੀਆਂ ਦੇਣ ਦਾ ਕੰਮ ਸਿਰਫ਼ ਪਿਤਾ ਹੀ ਕਰ ਸਕਦਾ ਹੈ।
ਪਿਤਾ ਇੱਕ ਪਰਿਵਾਰ ਦੀ ਤਾਕਤ ਦਾ ਥੰਮ ਹੈ, ਜੋ ਜਿੰਦਗੀ ਦੇ ਸਾਰੇ ਖੁਸ਼ਹਾਲ ਅਤੇ ਚੁਣੌਤੀਪੂਰਣ ਪਲਾਂ ਵਿੱਚ ਪਰਿਵਾਰ ਦੀ ਇਕਜੁੱਟਤਾ ਨੂੰ ਮਜ਼ਬੂਤ ਰੱਖਦਾ ਹੈ।ਪਿਤਾ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਮੈਂਬਰ ਹੈ।ਜਿਸ ਦਾ ਪਿਆਰ ਉਸ ਦੇ ਬੱਚਿਆਂ ਲਈ ਆਕਸੀਜਨ ਵਰਗਾ ਹੈ।ਉਸ ਦੇ ਦਿਲ ਵਿੱਚ ਉਹ ਅਥਾਹ ਊਰਜਾ ਅਤੇ ਬਿਨਾਂ ਸ਼਼ਰਤ ਪਿਆਰ ਹੈ, ਜੋ ਹਰ ਬੱਚੇ ਨੂੰ ਮਾਲਾਮਾਲ ਕਰ ਦਿੰਦਾ ਹੈ।ਬੱਚਿਆਂ ਦੇ ਜੀਵਨ ਵਿੱਚ ਹਰ ਚੀਜ਼ ਨੂੰ ਸੰਭਵ ਬਣਾਉਣ ਲਈ ਜਿੰਨੇ ਸਬਰ ਅਤੇ ਲਗਨ ਦੀ ਜਰੂਰਤ ਹੈ, ਉਹ ਬੱਚਿਆਂ ਨੂੰ ਦਿੰਦਾ ਹੈ।ਇਹੀ ਚੀਜ਼ ਉਸ ਨੂੰ ਬੱਚਿਆਂ ਦੀਆਂ ਨਜ਼ਰਾਂ ਵਿੱਚ ਇੱਕ ਹੀਰੋ ਬਣਾ ਦਿੰਦੀ ਹੈ।
ਪਿਤਾ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਉਂਦੇ ਹਨ, ਭਾਵੇਂ ਇਹ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਹੋਵੇ ਜਾਂ ਹਰ ਮਾਲੀ ਜਰੂਰਤ।ਉਹ ਹਰ ਚੀਜ਼ ਦੀ ਭਾਲ ਵਿੱਚ ਤਨਦੇਹੀ ਨਾਲ ਕੰਮ ਕਰਦਾ ਹੈ, ਇਸ ਨਾਲ ਪਰਿਵਾਰ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਹੈ।ਪਿਤਾ ਆਪਣੇ ਪਰਿਵਾਰ ਲਈ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਸੁੱਖ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ।ਇਸ ਖਾਸ ਦਿਨ ‘ਤੇ ਬੱਚੇ ਆਪਣੇ ਪਿਤਾ ਨੂੰ ਤੋਹਫੇ ਦੇ ਕੇ ਮਾਨ ਸਤਿਕਾਰ ਕਰਦੇ ਹਨ।ਕਰਨ ਵਾਲਾ
ਸੋ, ਅੱਜ ਦੇ ਦਿਨ ਅਸੀਂ ਵੀ ਇਹ ਵਾਅਦਾ ਕਰੀਏ ਕਿ ਕਸ਼ਟ ਸਹਿ ਕੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲੇ ਕਿਸੇ ਵੀ ਪਿਤਾ ਨੂੰ ਬਿਰਧ ਆਸ਼ਰਮ ਦਾ ਬਿਸਤਰ ਨਾ ਦੇਖਣਾ ਪਵੇ।1706202301
(ਪਿਤਾ ਦਿਵਸ ‘ਤੇ ਵਿਸ਼ੇਸ਼)
ਸੰਜੀਵ ਬਾਂਸਲ
ਐਮ.ਡੀ ਬਾਂਸਲ`ਜ ਗਰੁੱਪ
ਸੂਲਰ ਘਰਾਟ।
ਮੋ – 9592064101