Wednesday, July 17, 2024

ਗੁਣਾਂ ਦੀ ਖਾਨ ਹੈ – ਖਰਬੂਜ਼ਾ

ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ।ਅੰਬ ਤਾਂ ਫਲਾਂ ਦਾ ਰਾਜਾ ਹੈ ਹੀ।ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ ਫਲਾਂ ਵਿੱਚ ਖਰਬੂਜ਼ੇੇ ਅਤੇ ਮਤੀਰੇ ਦੀ ਸਰਦਾਰੀ ਹੈ।ਖਰਬੂਜ਼ਾ ਸਾਡੇ ਭਾਰਤ ਤੋਂ ਲੈ ਕੇ ਅਫ਼ਰੀਕਾ ਤੱਕ ਲਗਭਗ ਹਰ ਦੇਸ਼ ਵਿੱਚ ਉਗਾਇਆ ਅਤੇ ਖਾਇਆ ਜਾਂਦਾ ਹੈ।ਪਰ ਅਸਲ ਚ ਇਹ ਇਰਾਨ, ਅਨਾਟੋਲੀਆਂ ਅਤੇ ਅਰਮੀਨੀਆ ਮੂਲ ਦਾ ਫਲ ਹੈ।ਖਰਬੂਜ਼ੇੇ ਦੇ ਕਈ ਤਰ੍ਹਾਂ ਦੇ ਬੀਜ ਇਜ਼ਾਦ ਹੋਣ ਕਾਰਨ ਵੱਖ ਵੱਖ ਅਕਾਰਾਂ ਦੇ ਖ਼ਰਬੂਜ਼ੇ ਵੀ ਸਾਨੂੰ ਵੇਖਣ-ਖਾਣ ਨੂੰ ਮਿਲਦੇ ਹਨ।ਆਮ ਤੌਰ ‘ਤੇ ਇਸ ਦਾ ਦਾ ਸਾਈਜ਼ ਫੁੱਟਬਾਲ ਤੋਂ ਥੋੜਾ ਜਿਹਾ ਛੋਟਾ ਹੁੰਦਾ ਹੈ ਤੇ ਔਸਤ ਭਾਰ ਲਗਭਗ ਇਕ ਕਿੱਲੋ।ਪਰ ਇਸ ਸੀਜ਼ਨ ਵਿੱਚ ਛੋਟੇ-ਛੋਟੇ ਆਕਾਰ ਦੇ (ਲਗਭਗ ਗੇਂਦ ਤੋਂ ਥੋੜ੍ਹੇ ਜਿਹੇ ਵੱਡੇ) ਖਰਬੂਜ਼ੇ ਵੀ ਵਿਕਣ ਲਈ ਮਾਰਕੀਟ ਵਿੱਚ ਆਏ ਹਨ।ਇਸ ਦੇ ਛਿਲਕੇ ਆਮ ਤੌਰ ਤੇ ਹਰਿਆਈ ਭਾਅ ਮਾਰਦੇ ਹੁੰਦੇ ਹਨ।ਪਰ ਅੰਦਰੋਂ ਇਹ ਪੀਲੇ ਜਾਂ ਚਿੱਕੇ ਜਿਹੇ ਸੰਤਰੀ ਹੁੰਦੇ ਹਨ।ਕਈਆਂ ਦੇ ਛਿਲਕੇ ਲਾਈਨਦਾਰ ਹੁੰਦੇ ਹਨ ਅਤੇ ਕਈਆਂ ਦੇ ਜਾਲੀਦਾਰ।ਸੁਆਦ ਵਿੱਚ ਇਹ ਮਿੱਠਾ ਹੁੰਦਾ ਹੈ।ਕਈ ਕਿਸਮਾਂ ਤਾਂ ਸ਼ਹਿਦ ਵਰਗੀਆਂ ਮਿੱਠੀਆਂ ਹੁੰਦੀਆਂ ਹਨ।ਖੁਸ਼ਬੂ ਵੀ ਇਸਦੀ ਬਹੁਤ ਉਮਦਾ ਹੁੰਦੀ ਹੈ।
ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿੱਚ ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ, ਅਤੇ ਉੱਤਰ ਪ੍ਰਦੇਸ਼ ਪ੍ਰਮੁੱਖ ਹਨ।ਇਹ ਡੂੰਘੀ, ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿੱਚ ਜਲਦੀ ਵਧਦਾ ਹੈੈ।ਹਰਾ ਮਧੂ, ਪੰਜਾਬ ਸੁਨਹਿਰੀ ਬੌਬੀ ਅਤੇ ਪੰਜਾਬ ਹਾਈਬ੍ਰੈਡ ਇਸਦੀਆਂ ਪ੍ਰਮੁਖ ਕਿਸਮਾਂ ਹਨ।ਖਰਬੂਜ਼ੇ ਦੀ ਬਿਜ਼ਾਈ ਲਈ ਅੱਧ ਫਰਵਰੀ ਦਾ ਸਮਾਂ ਸਹੀ ਮੰਨਿਆ ਜਾਂਦਾ ਹੈ।
ਇਹ ਕੱਦੂ ਪਰਿਵਾਰ ਦੀ ਫਸਲ ਹੈ।ਜਿਸ ਨੂੰ ਕੁਕੂਮਿਸ ਮੇਲੋ ਵਜੋਂ ਵੀ ਜਾਣਿਆ ਜਾਂਦਾ ਹੈ।ਜਿਸ ਨੂੰ ਇੱਕ ਨਕਦ ਫਸਲ ਵਜੋਂ ਉਗਾਇਆ ਜਾਂਦਾ ਹੈ।ਇਸ ਦੇ ਪੌਦੇ ਵੇਲਾਂ ਦੇ ਰੂਪ ਵਿੱਚ ਉਗਦੇ ਹਨ।ਇਸ ਦੇ ਫਲ ਖਾਣ ਲਈ ਖਾਸ ਤੌਰ ‘ਤੇ ਵਰਤੇ ਜਾਂਦੇ ਹਨ, ਜੋ ਮਿੱਠੇ ਅਤੇ ਸੁਆਦੀ ਹੁੰਦੇ ਹਨ।ਇਸ ਦੇ ਬੀਜ਼ਾਂ ਨੂੰ ਮਠਿਆਈਆਂ ਵਿੱਚ ਵਰਤਿਆ ਜਾਂਦਾ ਹੈ।ਇਸ ਦੀ ਤਾਸੀਰ ਠੰਡੀ ਹੁੰਦੀ ਹੈ।
ਖਰਬੂਜ਼ੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਪਾਣੀ, ਊਰਜਾ, ਫਾਸਫੋਰਸ, ਆਇਰਨ, ਪੋਟਾਸ਼ੀਅਮ, ਕੈਲੋਰੀਜ਼, ਖੁਰਾਕੀ ਫਾਈਬਰ, ਚਰਬੀ, ਮੈਗਨੀਸ਼ੀਅਮ, ਜ਼ਿੰਕ, ਸੋਡੀਅਮ, ਕਈ ਤਰ੍ਹਾਂ ਦੇ ਵਿਟਾਮਿਨ, ਥਿਆਮੀਨ ਆਦਿ ਦੀ ਭਰਪੂਰ ਹੁੰਦੀ ਹੈ।ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ ਹੈ।ਇਸੇ ਲਈ ਇਹ ਊਰਜਾ ਦੇਣ ਅਤੇ ਅੰਦਰੂਨੀ ਤਾਕਤ ਵਧਾਉਣ ਵਾਲਾ ਫਲ ਮੰਨਿਆ ਦਾ ਹੈ।ਇਸਦੇ ਵਿੱਚ 90% ਪਾਣੀ ਅਤੇ 9% ਕਾਰਬੋਹਾਈਡਰੇਟ ਹੁੰਦੇ ਹਨ।ਜ਼ਿਆਦਾ ਪਾਣੀ ਗਰਮੀਆਂ ਵਿੱਚ ਡੀ-ਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।ਖਰਬੂਜ਼ਾ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ ਅਤੇ ਪਾਣੀ ਦੀ ਕਮੀਂ ਨਹੀਂ ਹੋਣ ਦਿੰਦਾ।ਇਸ ਵਿਚ ਮੌਜ਼ੂਦ ਐਂਟੀ ਐਕਸੀਡੈਂਟਸ, ਵਿਟਾਮਿਨ ਅਤੇ ਖਣਿਜ ਤੁਹਾਨੂੰ ਹੋਰ ਬਿਮਾਰੀਆਂ ਤੋਂ ਵੀ ਬਚਾਉਣ ਵਿਚ ਸਹਾਇਤਾ ਕਰਦੇ ਹਨ।
100 ਗ੍ਰਾਮ ਖਰਬੂਜ਼ੇ ਵਿੱਚ 34 ਕੈਲੋਰੀ ਊਰਜਾ ਹੁੰਦੀ ਹੈ।ਜੋ ਸ਼ਰੀਰ ਨੂੰ ਤੁਰੰਤ ਊਰਜਾ ਦੇਣ ਦਾ ਕਾਰਜ ਕਰਦੀ ਹੈ।ਕਾਰਬੋਹਾਈਡ੍ਰੇਟ ਦੀ ਮਾਤਰਾ 8 ਗ੍ਰਾਮ, ਪ੍ਰੋਟੀਨ 0.8 ਗ੍ਰਾਮ, ਫੈਟ 0.2 ਗ੍ਰਾਮ, ਸੋਡੀਅਮ 16 ਮਿਲੀਗ੍ਰਾਮ ਅਤੇ ਪੋਟਾਸ਼ੀਅਮ 267 ਮਿਲੀਗ੍ਰਾਮ ਹੁੰਦਾ ਹੈ।ਇਸ ਵਿੱਚ ਕੁਦਰਤੀ ਖੰਡ ਵੀ ਹੁੰਦੀ ਹੈ।ਇੰਨੀ ਜ਼ਿਆਦਾ ਨਿਊਟ੍ਰੀਸ਼ਨ ਵੈਲਯੂ ਹੋਣ ਕਰਕੇ ਇਹ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।ਕਹਿੰਦੇ ਹਨ ਕਿ ਇਹ ਕਬਜ਼ ਦੂਰ ਕਰਨ, ਆਂਤੜੀਆਂ ਦੀ ਸਫਾਈ ਕਰਨ, ਨਜ਼ਰ ਤੇਜ਼ ਕਰਨ ਅਤੇ ਇਮਊਨਟੀ ਵਧਾਉਣ ਵਿੱਚ ਸਹਾਈ ਹੈ।ਫਾਈਬਰ ਦੀ ਚੰਗੀ ਮਾਤਰਾ ਹੋਣ ਕਰਕੇ ਇਹ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ।ਕੁੱਝ ਵਿਦਵਾਨ ਕਹਿੰਦੇ ਹਨ ਕਿ ਇਹ ਨਜ਼ਰ ਵੀ ਤੇਜ਼ ਕਰਦਾ ਹੈ ਅਤੇ ਗੁਰਦੇ ਵਿਚਲੀ ਪੱਥਰੀ ਨੂੰ ਵੀ ਖੋਰਦਾ ਹੈ।ਇੰਨ੍ਹੇ ਜ਼ਿਆਦਾ ਗੁਣ ਹੋਣ ਕਰਕੇ ਇਸਨੂੰ ਗੁਣਾਂ ਦੀ ਖਾਨ ਵੀ ਕਿਹਾ ਜਾਂਦਾ ਹੈ।
ਖਾਣ ਤੋਂ ਪਹਿਲਾਂ ਇਸ ਨੂੰ ਕੁੱਝ ਦੇਰ ਪਾਣੀ ਵਿੱਚ ਭਿਓਂ ਕੇ ਰੱਖ ਦੇਣਾ ਚਾਹੀਦਾ ਹੈ।ਇਸ ਨਾਲ ਇਸ ਵਿਚਲੀ ਬਾਹਰੀ ਮੌਸਮੀ ਗਰਮੀ ਨਿਕਲ ਜਾਂਦੀ ਹੈ।ਜਿੰਨੀ ਵਧ ਗਰਮੀ ਪਵੇ, ਓਨ੍ਹੀ ਵੱਧ ਇਸ ਵਿੱਚ ਮਿਠਾਸ ਹੁੰਦੀ ਹੈ।ਠੰਡਾ ਕਰਨ ਲਈ ਇਸ ਨੂੰ ਫਰਿਜ਼ ਵਿੱਚ ਨਹੀਂ ਰੱਖਣਾ ਚਾਹੀਦਾ।ਕਹਿੰਦੇ ਹਨ ਕਿ ਇਸ ਨੂੰ ਖਾਣ ਉਪਰੰਤ ਕੁੱਝ ਦੇਰ ਪਾਣੀ ਨਹੀਂ ਪੀਣਾ ਚਾਹੀਦਾ।
ਆਓ ਇਹਨਾਂ ਗਰਮੀਆਂ ਵਿੱਚ ਇਸਦੀ ਵੱਧ ਤੋਂ ਵੱਧ ਵਰਤੋਂ ਕਰਕੇ ਸਿਹਤ ਨੂੰ ਚੰਗਾ ਬਣਾਈਏ, ਸ਼ਰੀਰ ਨੂੰ ਨਰੋਆ ਰੱਖੀਏ ਅਤੇ ਗਰਮੀ ਕਾਰਨ ਹੋਣ ਵਾਲੀ ਡੀ-ਹਾਈਡ੍ਰੇਸ਼ਨ ਤੋਂ ਬਚੀਏ।1706202302

ਸੰਜੀਵ ਝਾਂਜੀ, ਜਗਰਾਉਂ
ਮੋ: 8004910000

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …